Yudh Nashe Virudh: ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਮੈਰਾਥਨ ਕਰਵਾਈ

Yudh Nashe Virudh
ਫ਼ਤਹਿਗੜ੍ਹ ਸਾਹਿਬ : ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਮੈਰਾਥਨ ਦੌਰਾਨ ਨਸ਼ੇ ਨਾ ਕਰਨ ਦੀ ਸਹੁੰ ਚੁਕਾਉਂਦੇ ਹੋਏ। ਤਸਵੀਰ: ਅਨਿਲ ਲੁਟਾਵਾ

ਮੈਰਾਥਨ ਵਿੱਚ 2500 ਤੋਂ ਵੱਧ ਖੇਡ ਪ੍ਰੇਮੀਆਂ ਦੀ ਸ਼ਮੂਲੀਅਤ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਉਤੇ ਮੋਹਰ ਲਗਾਈ : ਡਾ. ਸੋਨਾ ਥਿੰਦ

Yudh Nashe Virudh: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਿੱਥੇ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਜੋਸ਼ੋ ਖਰੋਸ਼ ਨਾਲ ਜਾਰੀ ਹੈ ਉੱਥੇ ਹੀ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੋਟਰੀ ਕਲੱਬ ਸਰਹਿੰਦ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਖਿਲਾਫ ਇੱਕਜੁਟ ਕਰਨ ਦੇ ਉਦੇਸ਼ ਨਾਲ ਵਿਸ਼ਾਲ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿੱਚ 2500 ਤੋਂ ਵਧੇਰੇ ਖੇਡ ਪ੍ਰੇਮੀਆਂ ਅਤੇ ਕਰੀਬ ਸਾਰੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲੈਂਦੇ ਹੋਏ ਇਸ ਮੈਰਾਥਨ ਨੂੰ ਯਾਦਗਾਰੀ ਬਣਾ ਦਿੱਤਾ।

ਵਿਧਾਇਕ ਲਖਬੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਮੈਰਾਥਨ ਨੂੰ ਆਮ ਖਾਸ ਬਾਗ ਤੋਂ ਕੀਤਾ ਰਵਾਨਾ | Yudh Nashe Virudh

ਮੈਰਾਥਨ ਨੂੰ ਆਮ ਖਾਸ ਬਾਗ ਸਰਹਿੰਦ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਸ਼ਾਮਲ ਖਿਡਾਰੀਆਂ ਨੇ ਸਰਹਿੰਦ ਸ਼ਹਿਰ ਦੇ ਫੁਆਰਾ ਚੌਂਕ ਤੋਂ ਹੁੰਦਿਆਂ ਗੁ. ਜੋਤੀ ਸਰੂਪ ਮੋੜ ਤੋਂ ਵਾਪਸ ਆਮ ਖਾਸ ਬਾਗ ਤੱਕ 5 ਕਿਲੋਮੀਟਰ ਤੱਕ ਦਾ ਸਫਰ ਤੈਅ ਕੀਤਾ। ਇਸ ਮੈਰਾਥਨ ਵਿੱਚ ਸ਼ਾਮਲ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਨਸ਼ਿਆਂ ਦੀ ਰੋਕਥਾਮ ਸਬੰਧੀ ਨਾਅਰੇ ਵੀ ਲਗਾਏ।

ਵਿਧਾਇਕ ਲਖਬੀਰ ਸਿੰਘ ਰਾਏ ਨੇ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਵੀ ਚੁਕਾਈ

ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਖਿਡਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ, ਆਮ ਨਾਗਰਿਕਾਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਵੀ ਚੁਕਾਈ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਹਰੇਕ ਵਰਗ ਦਾ ਸਹਿਯੋਗ ਲੈ ਕੇ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਲੋਕ ਲਹਿਰ ਚਲਾਈ ਜਾ ਰਹੀ ਹੈ।

Yudh Nashe Virudh
ਫ਼ਤਹਿਗੜ੍ਹ ਸਾਹਿਬ : ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਮੈਰਾਥਨ ਦੌਰਾਨ ਨਸ਼ੇ ਨਾ ਕਰਨ ਦੀ ਸਹੁੰ ਚੁਕਾਉਂਦੇ ਹੋਏ। ਤਸਵੀਰ: ਅਨਿਲ ਲੁਟਾਵਾ

ਇਹ ਵੀ ਪੜ੍ਹੋ: Bathe In Rain Benefits: ਕਿਉਂ ਜ਼ਰੂਰੀ ਹੈ ਮੀਂਹ ’ਚ ਨਹਾਉਣਾ, ਆਸਮਾਨ ਤੋਂ ਡਿੱਗਦੀਆਂ ਬੂੰਦਾਂ ਤੋਂ ਮਿਲਦੇ ਹਨ ਅਣਗਿਣਤ…

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਆਯੋਜਿਤ ਕੀਤੀ, ਇਸ ਮੈਰਾਥਨ ਵਿੱਚ 2500 ਤੋਂ ਵੱਧ ਲੋਕਾਂ ਨੇ ਸਵੈ ਇੱਛਾ ਨਾਲ ਹਿੱਸਾ ਲੈ ਕੇ ਸਰਕਾਰ ਦੁਆਰਾ ਨਸ਼ਿਆਂ ਦੇ ਖਾਤਮੇ ਨੂੰ ਯਕੀਨੀ ਬਣਾਉਣ ਦੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਦੇ ਉਦਮਾਂ ਉਤੇ ਸਫਲਤਾ ਦੀ ਮੋਹਰ ਲਗਾ ਦਿੱਤੀ ਹੈ। ਇਸ ਮੌਕੇ ਰੋਟਰੀ ਗਵਰਨਰ ਡਾ. ਸੰਦੀਪ ਚੌਹਾਨ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਮਾਜ ਸੇਵੀ ਕਾਰਜਾਂ ਲਈ ਰੋਟਰੀ ਕਲੱਬ ਆਪਣਾ ਸਹਿਯੋਗ ਦਿੰਦਾ ਰਹੇਗਾ।

ਇਸ ਮੌਕੇ ਕਲੱਬ ਵੱਲੋਂ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਅਰਵਿੰਦ ਕੁਮਾਰ ਗੁਪਤਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਮਲਹੋਤਰਾ, ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਡਾ: ਹਿਤੇਂਦਰ ਸੂਰੀ, ਜਨਰਲ ਸਕੱਤਰ ਡਾ. ਵਿਨੀਤ ਸ਼ਰਮਾ, ਪ੍ਰੋਜੈਕਟ ਚੇਅਰਮੈਨ ਸਤਪਾਲ ਗਰਗ, ਪੰਜਾਬੀ ਫਿਲਮ ਕਲਾਕਾਰ ਮਲਕੀਤ ਰੌਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ, ਵਿਦਿਆਰਥੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਸ਼ਹਿਰੀ ਪਤਵੰਤੇ ਹਾਜ਼ਰ ਸਨ। Yudh Nashe Virudh