ਅਸੀ ਹਮੇਸ਼ਾਂ ਬੀਐੱਸਐਫ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿੰਦੇ ਹਾਂ : ਸਰਹੱਦੀ ਪਿੰਡਾਂ ਦੇ ਲੋਕ
Punjab Border News: (ਜਗਦੀਪ ਸਿੰਘ) ਫਿਰੋਜ਼ਪੁਰ। ਪਹਿਲਗਾਮ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਬਣੇ ਜੰਗ ਦੇ ਹਲਾਤਾਂ ‘ਚ ਬੀਤੀ ਰਾਤ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਡੀ ਤਦਾਦ ‘ਚ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਨੂੰ ਭਾਵੇਂ ਭਾਰਤੀ ਡਿਫੈਂਸ ਸਿਸਟਮ ਵੱਲੋਂ ਨਾਕਾਮ ਕਰ ਦਿੱਤਾ ਗਿਆ ਸੀ, ਫਿਰ ਵੀ ਸ਼ਹਿਰਾਂ ਵਿੱਚ ਵੱਜਦੇ ਸਾਈਰਨ ਅਤੇ ਅਸਮਾਨੀ ਧਮਾਕਿਆਂ ਨੂੰ ਦੇਖ ਲੋਕਾਂ ਵਿੱਚ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਸੀ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਪਹਿਲਾ ਕਦੀ ਅਜਿਹਾ ਮਾਹੌਲ ਨਹੀਂ ਦੇਖਿਆ ਸੀ।
ਬਹੁਤੇ ਲੋਕਾਂ ਨੇ ਪਹਿਲਾ ਕਦੇ ਨਹੀਂ ਦੇਖਿਆ ਸੀ ਅਜਿਹਾ ਮਾਹੌਲ
ਬਣ ਰਹੇ ਜੰਗ ਦੇ ਹਲਾਤਾਂ ‘ਤੇ ਫਿਲਹਾਲ ਦੀ ਘੜੀ ਵਿਰਾਮ ਲੱਗਣ ਕਾਰਨ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਖਾਸ ਕਰ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਜਿਹਨਾਂ ਨੂੰ ਆਪਣੇ ਘਰ-ਬਾਰ ਸੁੰਨੇ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ, ਪਰ ਅਜਿਹੇ ਵਿੱਚ ਫਿਰ ਵੀ ਕਈ ਸਰਹੱਦੀ ਪਿੰਡਾਂ ਲੋਕ ਆਪਣੇ ਸਰਹੱਦੀ ਇਲਾਕੇ ਵਿੱਚ ਡਟੇ ਰਹੇ।
ਗੱਲਬਾਤ ਦੌਰਾਨ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਸਰਪੰਚ ਮੋਹਨ ਸਿੰਘ ਗੱਟੀ ਰਾਜੋ ਕੇ , ਬਚਨ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਅਜਿਹੇ ਹਲਾਤਾਂ ਵਿੱਚ ਉਹਨਾਂ ਕਦੇ ਮੈਦਾਨ ਨਹੀਂ ਛੱਡਿਆ ਹੈ ਅਤੇ ਹਮੇਸ਼ਾਂ ਬੀਐੱਸਐਫ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹੇ ਹਨ ਪਰ ਕੀਮਤੀ ਸਮਾਨ ਅਤੇ ਛੋਟੇ ਬੱਚਿਆਂ ਦੀ ਸੁਰੱਖਿਆ ਲਈ ਕਈ ਪਰਿਵਾਰਾਂ ਨੂੰ ਮਜ਼ਬੂਰ ਜਾਣਾ ਪੈਂਦਾ ਹੈ ਪਰ ਉਹਨਾਂ ਲਈ ਘਰ-ਬਾਰ ਛੱਡਣੇ ਬਹੁਤ ਔਖੇ ਹਨ, ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੋਵਾਂ ਦੇਸ਼ਾਂ ਵਿੱਚ ਵੱਧ ਰਹੇ ਤਣਾਅ ਦੇ ਮਾਹੌਲ ਨੂੰ ਇੱਕ ਵਾਰ ਵਿਰਾਮ ਲੱਗਾ ਹੈ ਅਤੇ ਉਹ ਹਮੇਸ਼ਾਂ ਦੋਵਾਂ ਦੇਸ਼ਾਂ ਵਿੱਚ ਅਮਨ ਸ਼ਾਤੀ ਰਹਿਣ ਦੀ ਕਾਮਨਾ ਕਰਦੇ ਹਨ। Punjab Border News
ਇਹ ਵੀ ਪੜ੍ਹੋ: Ceasefire India Pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਭਾਰਤੀ ਵਿਦੇਸ਼ ਸਕੱਤਰ ਨੇ ਕੀਤੀ ਪੁਸ਼ਟੀ
ਸਰਹੱਦੀ ਪਿੰਡਾਂ ਤੋਂ ਇਲਾਵਾ ਹੋਰ ਸ਼ਹਿਰਾਂ ਅਤੇ ਹੋਰ ਪਿੰਡ ਦੇ ਲੋਕ ਇਸ ਔਖੀ ਘੜੀ ਵਿੱਚ ਰਾਹਤ ਮਿਲਣ ਦੀ ਖੁਸ਼ੀ ਜ਼ਾਹਿਰ ਕਰ ਰਹੇ ਹਨ ਅਤੇ ਰੱਬ ਅੱਗੇ ਦੋਵਾਂ ਦੇਸ਼ਾਂ ਵਿੱਚ ਅਮਨ ਸ਼ਾਤੀ ਰਹਿਣ ਦੀ ਕਾਮਨਾ ਕਰਦੇ ਦੇਖੇ ਗਏ । ਇਸ ਦੇ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਅੰਦਰ ਲਗਾਏ ਗਏ ਸਾਰੇ ਪਾਬੰਦੀਸ਼ੁਦਾ ਹੁਕਮ, ਸਿਵਲੀਅਨ ਡਰੋਨ ਉਡਾਉਣ ’ਤੇ ਪਾਬੰਦੀ ਨੂੰ ਛੱਡ ਕੇ, ਤੁਰੰਤ ਵਾਪਸ ਲੈ ਲਏ ਗਏ ਹਨ, ਇਸ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ।