Punjab News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੇ ਮੁੱਖ ਬੱਸ ਅੱਡੇ ਨੂੰ ਸ਼ਹਿਰੋਂ ਬਾਹਰ ਮਲੋਟ ਰੋਡ ਤੇ ਥਰਮਲ ਨੇੜੇ ਤਬਦੀਲ ਕਰਨ ਦਾ ਵਿਰੋਧ ਦਿਨੋਂ-ਦਿਨ ਵਧ ਰਿਹਾ ਹੈ। ਵਿਰੋਧ ਵਜੋਂ ਡੀਸੀ ਦਫਤਰ ਕੋਲ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ ਜਿੱਥੇ ਪਿਛਲੇ ਤਿੰਨ ਦਿਨ ਤੋਂ ਰੋਜ਼ਾਨਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ। ਸੰਘਰਸ਼ ਕਮੇਟੀ ਵੱਲੋਂ ਅੱਜ ਦੋ ਘੰਟੇ ਬਜ਼ਾਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਦੁਕਾਨਦਾਰਾਂ ਨੇ ਭਰਵਾਂ ਹੁੰਗਾਰਾ ਦਿੱਤਾ। ਦੁਕਾਨਾਂ ਬੰਦ ਕਰਕੇ ਦੁਕਾਨਦਾਰ ਰੋਸ ਮਾਰਚ ਵਿੱਚ ਵੀ ਸ਼ਾਮਿਲ ਹੋਏ। ਰੋਸ ਮਾਰਚ ਵਾਲਿਆਂ ਨੇ ਸ਼ਹਿਰੀਆਂ ਨੂੰ ਬੱਸ ਅੱਡਾ ਤਬਦੀਲ ਕਰਨ ਦੇ ਨੁਕਸਾਨ ਤੋਂ ਜਾਣੂੰ ਕਰਵਾਉਂਦਿਆਂ ਸੰਘਰਸ਼ ’ਚ ਸਾਥ ਦਾ ਸੱਦਾ ਦਿੱਤਾ।
ਵੇਰਵਿਆਂ ਮੁਤਾਬਿਕ ਬਠਿੰਡਾ ਦਾ ਮੁੱਖ ਬੱਸ ਅੱਡਾ ਤਬਦੀਲ ਕਰਕੇ ਮਲੋਟ ਰੋਡ ਤੇ ਲਿਜਾਇਆ ਜਾ ਰਿਹਾ ਹੈ। ਭਾਵੇਂ ਹੀ ਪ੍ਰਸ਼ਾਸਨ ਨੇ ਮੌਜੂਦਾ ਅੱਡੇ ਨੂੰ ਵੀ ਚੱਲਦਾ ਰੱਖਣ ਦੀ ਗੱਲ ਆਖੀ ਜਾ ਰਹੀ ਹੈ ਪਰ ਸੰਘਰਸ਼ਕਾਰੀ ਅੱਡੇ ਨੂੰ ਤਬਦੀਲ ਕਰਨ ਦੇ ਵਿਰੋਧ ’ਚ ਡਟੇ ਹੋਏ ਹਨ। ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਡਿਪਟੀ ਕਮਿਸ਼ਨਰ ਦਫਤਰ ਕੋਲ ਪੱਕਾ ਮੋਰਚਾ ਲਾਇਆ ਗਿਆ ਹੈ ਜਿੱਥੇ ਰੋਜ਼ਾਨਾ ਹੀ ਬੁਲਾਰਿਆਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਸੇ ਵੀ ਹਾਲਤ ’ਚ ਬੱਸ ਅੱਡਾ ਤਬਦੀਲ ਨਾ ਹੋਣ ਦੇਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
Punjab News
ਸੰਘਰਸ਼ ਕਮੇਟੀ ਵੱਲੋਂ ਅੱਜ ਸਵੇਰ ਵੇਲੇ ਦੋ ਘੰਟੇ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਦੁਕਾਨਦਾਰਾਂ ਨੇ ਭਰਵਾਂ ਹੁੰਗਾਰਾ ਦਿੱਤਾ। ਆਪਣੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਕਰਕੇ ਦੁਕਾਨਦਾਰ ਸ਼ਹਿਰ ’ਚ ਕੱਢੇ ਰੋਸ ਮਾਰਚ ’ਚ ਸ਼ਾਮਿਲ ਹੋਏ। ਰੋਸ ਮਾਰਚ ’ਚ ਸ਼ਾਮਿਲ ਦੁਕਾਨਦਾਰਾਂ ਤੇ ਹੋਰਨਾਂ ਨੇ ਹੱਥਾਂ ’ਚ ‘ ਬੱਸ ਅੱਡਾ ਤਬਦੀਲ ਕਰਨ ਦਾ ਫੈਸਲਾ ਰੱਦ ਕਰੋ’, ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਜਿੰਦਾਬਾਦ’ ਆਦਿ ਨਾਅਰਿਆਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
ਇਸ ਰੋਸ ਮਾਰਚ ਦੌਰਾਨ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਬਾਹੀਆ ਪ੍ਰਧਾਨ ਵਪਾਰ ਮੰਡਲ ਜ਼ਿਲ੍ਹਾ ਬਠਿੰਡਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੱਲ ਰਿਹਾ ਬੱਸ ਅੱਡਾ ਇੱਥੋਂ ਤਬਦੀਲ ਨਾ ਹੋਵੇ ਕਿਉਂਕਿ ਇਹ ਅੱਡਾ ਅਜਿਹੀ ਥਾਂ ਤੇ ਬਣਿਆ ਹੋਇਆ ਹੈ ਜਿੱਥੋਂ ਪਿੰਡਾਂ ਆਦਿ ’ਚੋਂ ਆਉਂਦੇ ਵਿਦਿਆਰਥੀਆਂ ਨੂੰ ਕਾਲਜ ਅਤੇ ਆਮ ਕੰਮਾਂ ਕਾਰਾਂ ਵਾਲੇ ਲੋਕਾਂ ਨੂੰ ਮਿੰਨੀ ਸਕੱਤਰੇਤ, ਜ਼ਿਲ੍ਹਾ ਕਚਹਿਰੀਆਂ ਆਦਿ ਵਿੱਚ ਜਾਣਾ ਕਾਫੀ ਸੌਖਾ ਹੈ।
Read Also : Bathinda News: ਚੋਰਾਂ ਨੇ ਟਰਾਂਸਫਾਰਮਾਂ ਨੂੰ ਬਣਾਇਆ ਨਿਸ਼ਾਨਾ, ਤਾਂਬਾ ਤੇ ਤੇਲ ਕੀਤਾ ਚੋਰੀ
ਉਹਨਾਂ ਕਿਹਾ ਕਿ ਬੱਸ ਅੱਡੇ ਨੂੰ ਬਾਹਰ ਲਿਜਾਣ ਦੇ ਹੱਕ ਵਿੱਚ ਸਿਰਫ ਉਹ ਧਨਾਢ ਲੋਕ ਹਨ ਜਿਨ੍ਹਾਂ ਦੀਆਂ ਉੱਥੇ ਜ਼ਮੀਨਾਂ ਹਨ। ਪ੍ਰਾਈਵੇਟ ਬੱਸ ਓਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਕਹਿੰਦੇ ਸਨ ਕਿ ਸਿਰਫ ਦੋ ਚਾਰ ਜਣੇ ਹੀ ਵਿਰੋਧ ਕਰ ਰਹੇ ਹਨ ਪਰ ਅੱਜ ਸਮੁੱਚੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਸੰਘਰਸ਼ ’ਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਬੱਸ ਅੱਡਾ ਬਾਹਰ ਲਿਜਾਣ ਦਾ ਸਮਰੱਥਨ ਨਹੀਂ ਕੀਤਾ ਪਰ ਡਿਪਟੀ ਕਮਿਸ਼ਨਰ ਅਜਿਹੀਆਂ ਟਿੱਪਣੀਆਂ ਕਰਕੇ ਸੰਘਰਸ਼ ਕਮੇਟੀ ’ਚ ਫੁੱਟ ਪਾਉਣਾ ਚਾਹੁੰਦੇ ਹਨ। ਪ੍ਰਸ਼ਾਸਨ ਵੱਲੋਂ ਟਰੈਫਿਕ ਸੁਧਾਰ ਦੇ ਨਾਂਅ ਤੇ ਬੱਸ ਅੱਡਾ ਬਾਹਰ ਲਿਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਹਨਾਂ ਕਿਹਾ ਕਿ ਬੱਸ ਅੱਡਾ ਬਾਹਰ ਲਿਜਾਣ ਨਾਲ ਸ਼ਹਿਰ ’ਚ ਟਰੈਫਿਕ ਹੋਰ ਵੀ ਜਿਆਦਾ ਵਧੇਗਾ।
ਬੱਸ ਅੱਡਾ ਬੰਦ ਨਹੀਂ ਹੋਵੇਗਾ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਮੌਜੂਦਾ ਬੱਸ ਅੱਡਾ ਬੰਦ ਨਹੀਂ ਹੋਵੇਗਾ ਕਿਉਂਕਿ ਬਠਿੰਡਾ ਨੇੜਲੇ ਲੋਕਲ ਇਲਾਕਿਆਂ ਵਿੱਚ ਜਾਣ ਵਾਲੀਆਂ ਬੱਸਾਂ ਇੱਥੋਂ ਹੀ ਚੱਲਣਗੀਆਂ। ਇਸ ਤੋਂ ਇਲਾਵਾ ਸ਼ਹਿਰ ’ਚ ਚਲਾਈ ਜਾਣ ਵਾਲੀ ਸਿਟੀ ਬੱਸ ਵੀ ਮੌਜੂਦਾ ਅੱਡੇ ’ਚੋਂ ਹੀ ਚੱਲੇਗੀ। ਬੱਸ ਅੱਡਾ ਬਿਲਕੁਲ ਖਤਮ ਹੋਣ ਦੀ ਜੋ ਗੱਲ ਕਹੀ ਜਾ ਰਹੀ ਹੈ ਉਹ ਵਾਜਬ ਨਹੀਂ ਹੈ। ਅੱਡਾ ਤਬਦੀਲ ਹੋਣ ਨਾਲ ਵਪਾਰ ਪ੍ਰਭਾਵਿਤ ਹੋਣ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਬਠਿੰਡਾ ਦਾ ਅੱਡਾ ਦੋ ਵਾਰ ਤਬਦੀਲ ਹੋ ਚੁੱਕਾ ਹੈ ਉਦੋਂ ਕਿਸੇ ਵਪਾਰ ’ਤੇ ਕੋਈ ਪ੍ਰਭਾਵ ਨਹੀਂ ਪਿਆ।