Pahalgam Terrorist Attack: ਨਵੀਂ ਦਿੱਲੀ, (ਆਈਏਐਨਐਸ)। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਬੁੱਧਵਾਰ ਨੂੰ ਕਿਹਾ ਕਿ ਇਸਲਾਮਾਬਾਦ ਦਾ ਜੰਮੂ-ਕਸ਼ਮੀਰ ਦੇ ਪਹਿਲਗਾਮ ਨੇੜੇ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਨਾਲ ਕੋਈ ਸਬੰਧ ਨਹੀਂ ਹੈ। ਇਸ ਦੌਰਾਨ, ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਵਿੱਚ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਚਿੰਤਾ ਪ੍ਰਗਟ ਕੀਤੀ, ਪਰ ਇਸਨੂੰ ਅੱਤਵਾਦੀ ਕਾਰਵਾਈ ਕਹਿਣ ਜਾਂ ਇਸਦੀ ਨਿੰਦਾ ਕਰਨ ਤੋਂ ਗੁਰੇਜ਼ ਕੀਤਾ।
ਮੰਗਲਵਾਰ ਨੂੰ ਪਹਿਲਗਾਮ ਦੇ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ‘ਤੇ ਹੋਏ ਭਿਆਨਕ ਅੱਤਵਾਦੀ ਹਮਲੇ ਵਿੱਚ ਘੱਟੋ-ਘੱਟ 25 ਲੋਕ ਮਾਰੇ ਗਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੱਤਾਧਾਰੀ ਪੀਐਮਐਲ-ਐਨ ਪਾਰਟੀ ਦੇ ਇੱਕ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਜ਼ਦੀਕੀ ਸਹਿਯੋਗੀ ਆਸਿਫ ਨੇ ਜੰਮੂ-ਕਸ਼ਮੀਰ ਵਿੱਚ ਹਿੰਸਾ ਲਈ ‘ਘਰੇਲੂ’ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ, ਭਾਰਤ ਵੱਲੋਂ ਇਸ ਹਮਲੇ ਲਈ ਪਾਕਿਸਤਾਨ ਸਥਿਤ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਸੀ। Pahalgam Terrorist Attack
ਇਹ ਵੀ ਪੜ੍ਹੋ: Pahalgam Attack: ਸੁਰੱਖਿਆ ਬਲਾਂ ਨੇ ਜਾਰੀ ਕੀਤੇ ਅੱਤਵਾਦੀਆਂ ਦੇ ਸਕੈੱਚ ਅਤੇ ਫੋਟੋਆਂ
ਲਾਈਵ 92 ਨਿਊਜ਼ ਚੈਨਲ ਨਾਲ ਗੱਲ ਕਰਦਿਆਂ, ਆਸਿਫ਼ ਨੇ ਇਸਲਾਮਾਬਾਦ ਨੂੰ ਇਸ ਘਟਨਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। “ਪਾਕਿਸਤਾਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਭ ਉਨ੍ਹਾਂ ਦੇ ਆਪਣੇ ਵਿਹੜੇ ਵਿੱਚ ਹੋ ਰਿਹਾ ਹੈ, ਵੱਖ-ਵੱਖ ਤਥਾ ਕਥਿਤ ਸੂਬਿਆਂ ’ਚ ਭਾਰਤ ਦੇ ਖਿਲਾਫ ਕ੍ਰਾਂਤੀਆਂ ਹੋ ਰਹੀਆਂ ਹਨ ਇੱਕ ਨਹੀਂ, ਦੋ ਨਹੀਂ, ਸਗੋਂ ਦਰਜਨਾਂ, ਨਾਗਾਲੈਂਡ ਤੋਂ ਲੈ ਕੇ ਕਸ਼ਮੀਰ ਤੱਕ, ਦੱਖਣ ’ਚ, ਛੱਤੀਸਗੜ੍ਹ ’ਚ, ਮਣੀਪੁਰ ’ਚ। ਇਨ੍ਹਾਂ ਸਾਰੀਆਂ ਥਾਵਾਂ ’ਤੇ ਭਾਰਤ ਸਰਕਾਰ ਖਿਲ਼ਾਫ ਕ੍ਰਾਂਤੀਆਂ ਹੋ ਰਹੀਆਂ ਹਨ।
ਉਨ੍ਹਾਂ ਕਿਹਾ, “ਸਾਡਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਕਿਸੇ ਵੀ ਹਾਲਾਤ ਵਿੱਚ ਅੱਤਵਾਦ ਦਾ ਸਮਰਥਨ ਨਹੀਂ ਕਰਦੇ ਅਤੇ ਕਿਸੇ ਵੀ ਸਥਾਨਕ ਟਕਰਾਅ ਵਿੱਚ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।” ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਰਾਸ਼ਟਰੀ ਨੀਤੀ ਗੈਰ-ਲੜਾਕੂਆਂ ਨੂੰ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੀ, ਪਰ ਜੇਕਰ ਫੌਜ ਜਾਂ ਪੁਲਿਸ ਭਾਰਤ ਵਿੱਚ ਕਿਤੇ ਵੀ ਆਪਣੇ ਅਧਿਕਾਰਾਂ ਦੀ ਮੰਗ ਕਰਨ ਵਾਲੇ ਲੋਕਾਂ ‘ਤੇ ਅੱਤਿਆਚਾਰ ਕਰ ਰਹੀ ਹੈ – ਉਹ ਲੋਕ ਜਿਨ੍ਹਾਂ ਕੋਲ ਬੁਨਿਆਦੀ ਅਧਿਕਾਰ ਵੀ ਨਹੀਂ ਹਨ, ਜੇਕਰ ਉਹ ਬਗਾਵਤ ਕਰ ਰਹੇ ਹਨ ਅਤੇ ਹਥਿਆਰ ਚੁੱਕ ਰਹੇ ਹਨ – ਤਾਂ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਆਸਾਨ ਹੈ।”