28 ਕਰੋੜ ਦੇ ਪ੍ਰੋਜੈਕਟ ਨਾਲ 2500 ਘਰਾਂ ਤੱਕ ਪਹੁੰਚੇਗਾ ਨਹਿਰੀ ਪਾਣੀ | Canal Water
- ਅਗਲੇ ਮਹੀਨੇ ਪ੍ਰੋਜੈਕਟ ਦਾ ਰੱਖਿਆ ਜਾਵੇਗਾ ਨੀਂਹ ਪੱਥਰ
Canal Water: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਫਿਰੋਜ਼ਪੁਰ ਦਿਹਾਤੀ ਹਲਕਾ ਦੇ ਕਸਬਾ ਮੁੱਦਕੀ ਨਗਰ ਪੰਚਾਇਤ ਦੀ ਹੱਦੂਦ ਅੰਦਰ ਰਹਿਣ ਵਾਲੇ ਹਰ ਘਰ ਨੂੰ ਪੀਣ ਵਾਲਾ ਸਾਫ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਏਗਾ। ਇਸ ਸਬੰਧੀ ਪ੍ਰੋਜੈਕਟ ਨੂੰ ਫਾਈਨਲ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਅਗਲੇ ਮਹੀਨੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਮੁਕੰਮਲ ਹੋਣ ਵਾਲੇ ਇਸ ਮੈਗਾ ਪ੍ਰਾਜੈਕਟ ਨਾਲ ਮੁੱਦਕੀ ਵਾਸੀਆਂ ਨੂੰ ਕੁਦਰਤੀ ਤੱਤਾਂ ਤੋਂ ਭਰਪੂਰ ਨਹਿਰੀ ਪਾਣੀ ਨਾਲ ਤੰਦਰੁਸਤ ਜੀਵਨ ਲਈ ਬਹੁਤ ਵੱਡੀ ਤੋਹਫਾ ਮਿਲੇਗਾ। ਵਿਧਾਇਕ ਦਹੀਆ ਵੱਲੋਂ ਅਪਣੇ ਦਫ਼ਤਰ ਵਿਖੇ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਐਸਡੀਓ ਗੁਲਸ਼ਨ ਗਰੋਵਰ ਨਾਲ ਬੈਠ ਕੇ ਪੂਰੇ ਪ੍ਰੋਜੈਕਟ ਦੇ ਵਿਚਾਰ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: Punjab News: ਪੰਜਾਬ ਸਿਹਤ ਸੇਵਾਵਾਂ ਦੇ ਖੇਤਰ ’ਚ ਤੇਜ਼ੀ ਨਾਲ ਅੱਗੇ ਵੱਧ ਰਿਹੈ : ਰਾਜਪਾਲ
ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਅੰਮ੍ਰਿਤ ਯੋਜਨਾ ਅਧੀਨ ਬਣਨ ਵਾਲੇ ਇਸ ਪ੍ਰੋਜੈਕਟ ਲਈ ਸਰਹੰਦ ਨਹਿਰ ਤੋਂ ਕਰੀਬ 12 ਕਿਲੋਮੀਟਰ ਦੀ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਫਰੀਦਕੋਟ ਮੁੱਦਕੀ ਰੋਡ ’ਤੇ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਤੱਕ ਲਿਜਾਇਆ ਜਾਏਗਾ। ਹਰ ਘਰ ਤੱਕ ਪਾਣੀ ਪਹੁੰਚਾਉਣ ਲਈ ਕਰੀਬ 33 ਕਿਲੋਮੀਟਰ ਵਾਟਰ ਡਿਸਟਰੀਬਿਊਸ਼ਨ ਪਾਈਪ ਲਾਈਨ ਪਾਈ ਜਾਵੇਗੀ। ਇਹ ਮੁਕੰਮਲ ਪ੍ਰੋਜੈਕਟ ਦੋ ਚਰਨਾਂ ਵਿੱਚ ਕੰਪਲੀਟ ਹੋਵੇਗਾ। ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਕਰੀਬ ਸਾਢੇ ਤਿੰਨ ਏਕੜ ਰਕਬੇ ਵਿੱਚ ਨਹਿਰੀ ਪਾਣੀ ਨੂੰ ਪੀਣ ਯੋਗ ਸਾਫ ਪਾਣੀ ਵਿੱਚ ਤਬਦੀਲ ਕਰਨ ਵਾਸਤੇ ਵਾਟਰ ਟਰੀਟਮੈਂਟ ਪਲਾਂਟ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਲਕੇ ਦੀ ਤਰੱਕੀ ਅਤੇ ਲੋਕਾਂ ਦੀ ਸੇਵਾ ਲਈ ਉਹ ਹਮੇਸ਼ਾ ਹੀ ਯਤਨਸ਼ੀਲ ਹਨ। ਇਸ ਪ੍ਰੋਜੈਕਟ ਤੋਂ ਪਹਿਲਾਂ ਵੀ ਮੁੱਦਕੀ ਵਿੱਚ ਕਰੋੜਾਂ ਰੁਪਏ ਦੇ ਸੀਵਰੇਜ਼ ਪਾਉਣ ਦਾ ਪ੍ਰੋਜੈਕਟ ਚੱਲ ਰਿਹਾ ਹੈ। ਸੀਵਰੇਜ਼ ਪ੍ਰਾਜੈਕਟ ਮੁਕੰਮਲ ਹੋਣ ਤੋਂ ਬਾਅਦ ਮੁੱਦਕੀ ਵਾਸੀਆਂ ਨੂੰ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਤੋਂ ਨਿਜਾਤ ਮਿਲੇਗੀ। Canal Water