Punjab Hailstorm: ਗੜੇਮਾਰੀ ਕਾਰਨ 800 ਏਕੜ ਦੇ ਕਰੀਬ ਫਸਲ ਤਬਾਹ

Punjab Hailstorm
ਗੋਬਿੰਦਗੜ੍ਹ ਜੇਜੀਆ ਪਿੰਡ ਛਾਹੜ ਵਿਖੇ ਗੜੇਮਾਰੀ ਕਾਰਨ ਨੁਕਸਾਨੀ ਕਣਕ ਦੀ ਫਸਲ ਦਾ ਦ੍ਰਿਸ਼।

Punjab Hailstorm: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਕਿਸਾਨਾਂ ਦੇ ਖੇਤਾਂ ਵਿੱਚ ਪੱਕੀ ਖੜ੍ਹੀ ਕਣਕ ਦੀ ਫਸਲ ’ਤੇ ਬੀਤੇ ਦਿਨੀਂ ਹੋਈ ਗੜੇਮਾਰੀ ਕਾਰਨ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਸਵੰਤ ਸਿੰਘ ਰੋਡੇ ਨੇ ਭਰੇ ਮਨ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਛਾਹੜ ਵਿਖੇ ਮੀਂਹ ਹਨੇ੍ਹਰੀ ਦੇ ਨਾਲ 10 ਮਿੰਟ ਤੱਕ ਹੋਈ ਗੜੇਮਾਰੀ ਨਾਲ 800 ਏਕੜ ਦੇ ਕਰੀਬ ਕਣਕ ਦੀ ਫਸਲ ਬਿਲਕੁਲ ਤਬਾਹ ਹੋ ਗਈ।

ਉਹਨਾਂ ਦੱਸਿਆ ਕਿ ਪਿੰਡ ਛਾਹੜ ਵਿਖੇ ਕੁਝ ਕਿਸਾਨਾਂ ਦਾ 50% ਅਤੇ ਜ਼ਿਆਦਾਤਰ ਕਿਸਾਨਾਂ ਦਾ 100% ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਿਆ ਕਿ ਕਰਮਜੀਤ ਸਿੰਘ ਦੀ 22 ਏਕੜ, ਜਰਨੈਲ ਸਿੰਘ ਦੀ 20 ਏਕੜ, ਗੂਰਾ ਸਿੰਘ ਦੀ 6 ਏਕੜ, ਬਿੱਕਰ ਸਿੰਘ ਦੀ 4 ਏਕੜ, ਭੋਲਾ ਸਿੰਘ ਦੀ 3 ਏਕੜ, ਮਿਸਤਰੀ ਮੇਵੀ ਸਿੰਘ ਦੀ 4 ਏਕੜ ਕਣਕ ਦੀ ਫਸਲ ਬਿਲਕੁਲ ਤਬਾਹ ਹੋ ਗਈ ਹੈ। ਕੁਝ ਕਿਸਾਨਾਂ ਦੀ ਕਣਕ ਦੀ ਫਸਲ ਤੇਜ਼ ਹਨ੍ਹੇਰੀ ਕਾਰਨ ਧਰਤੀ ’ਤੇ ਵਿਛ ਗਈ ਹੈ ਉਹਨਾਂ ਦੱਸਿਆ ਕਿ ਇੱਕ ਪਾਸੇ ਖੁਸ਼ੀ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਗੜੇਮਾਰੀ ਕਾਰਨ ਫਸਲ ਤਬਾਹ ਹੋਣ ਕਰਕੇ ਪਿੰਡ ਵਿੱਚ ਚੁੱਲ੍ਹੇ ਰੋਟੀ ਨਹੀਂ ਪੱਕੀ।

ਇਹ ਵੀ ਪੜ੍ਹੋ: Crime News: ਲੁੱਟ ਦੀ ਯੋਜਨਾ ਬਣਾਉਣ ਵਾਲੇ ਗਿਰੋਹ ਦੇ 5 ਮੈਂਬਰ ਤੇਜ਼ਧਾਰ ਹਥਿਆਰ ਸਮੇਤ ਕਾਬੂ 

ਉਹਨਾਂ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੇ 80 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਦੀ ਕਾਸ਼ਤ ਕੀਤੀ ਸੀ ਪਰ ਪੱਕੀ ਫਸਲ ’ਤੇ ਹੋਈ ਗੜੇਮਾਰੀ ਕਾਰਨ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ। ਉਹਨਾਂ ਦੱਸਿਆ ਕਿ ਜੇਕਰ ਗੜੇਮਾਰੀ ਵਾਲੇ ਵਾਹਣ ਵਿੱਚ ਅੱਜ ਕੰਬਾਈਨ ਰਾਹੀਂ ਵਾਢੀ ਕਰੀਏ ਤਾਂ ਪੰਜ ਸੱਤ ਮਣ ਪ੍ਰਤੀ ਏਕੜ ਕਣਕ ਦੀ ਫਸਲ ਹੀ ਨਿਕਲੇਗੀ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਮੌਕੇ ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਤੇਜ ਸਿੰਘ, ਕਰਮਜੀਤ ਸਿੰਘ, ਗੋਗੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ। Punjab Hailstorm