Punjabi Virsa: ਬਾਤਾਂ ਵਿਰਸੇ ਦੀਆਂ : ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨ੍ਹਣ ਦੀ

Punjabi Virsa
Punjabi Virsa: ਬਾਤਾਂ ਵਿਰਸੇ ਦੀਆਂ : ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨ੍ਹਣ ਦੀ

Punjabi Virsa: ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਥੋੜ੍ਹੀ ਪੈਲੀ ਵਾਲੇ ਕਿਸਾਨ ਵੀ ਸੋਹਣਾ ਜੀਵਨ ਬਤੀਤ ਕਰਦੇ ਰਹੇ ਹਨ। ਅੱਜ ਅੰਤਾਂ ਦੀ ਮਹਿੰਗਾਈ ਵਿੱਚ ਹੱਦੋਂ ਵੱਧ ਮਹਿੰਗੇ ਬੀਜ, ਖੇਤੀਬਾੜੀ ਦੇ ਸੰਦ, ਮਹਿੰਗੀਆਂ ਖਾਦਾਂ ਤੇ ਸਪਰੇਆਂ ਕਰਕੇ ਅਜੋਕੀ ਕਿਰਸਾਨੀ ਹਾਸ਼ੀਏ ਉੱਪਰ ਆ ਚੁੱਕੀ ਹੈ ਪੰਜਾਬ ਨੂੰ ਅੰਤਾਂ ਦੇ ਨਸ਼ਿਆਂ ਨੇ ਘੇਰਿਆ ਕਰਕੇ ਹੀ ਅੱਜ ਦੀ ਨੌਜਵਾਨੀ ਬਾਹਰ ਦਾ ਰੁਝਾਨ ਕਰ ਚੁੱਕੀ ਹੈ। ਜਿਨ੍ਹਾਂ ਕਿਸਾਨਾਂ ਕੋਲ ਥੋੜ੍ਹੀ ਜਮੀਨ ਵੀ ਹੈ ਉਹ ਵੀ ਵੇਚ-ਵੱਟ ਕੇ ਬੱਚਿਆਂ ਨੂੰ ਬਾਹਰ ਭੇਜਣ ਦੀ ਲਾਲਸਾ ਰੱਖਦੇ ਹਨ।

ਪਰ ਜਦੋਂ ਖੁਸ਼ਹਾਲ ਕਿਰਸਾਨੀ ਸੀ ਉਨ੍ਹਾਂ ਸਮਿਆਂ ਵਿੱਚ ਹੱਥੀਂ ਕੰਮ ਕਰਨ ਦਾ ਰੁਝਾਨ ਸੀ ਫਲ੍ਹਿਆਂ ਨਾਲ ਗਹਾਈ ਕਰਦੇ ਬਲਦਾਂ ਤੇ ਊਠ ਵਾਲੀ ਖੇਤੀ ਦੇ ਬਹੁਤ ਹੀ ਖੁਸ਼ਹਾਲੀ ਦੇ ਦਿਨ ਰਹੇ ਹਨ ਪੰਜਾਬ ਵਿੱਚ। ਤੂੜੀ ਬਣਾ ਕੇ ਖੇਤ ਦੇ ਵਿੱਚ ਹੀ ਇੱਕੋ ਜਗ੍ਹਾ ਇਕੱਠੀ ਕਰਕੇ ਕੁੱਪ ਬੰਨ੍ਹ ਦਿੰਦੇ ਸਨ ਇਹ ਪਰਾਲੀ ਤੋਂ ਭਾਵ ਫੋਕ ਤੋਂ ਜਾਂ ਸਰਕਾਨਿਆਂ ਤੇ ਕਾਹੀ ਦੇ ਸੁੱਬੜਾਂ (ਬੇੜਾਂ) ਨਾਲ ਬੰਨਿ੍ਹਆ ਜਾਂਦਾ ਰਿਹਾ ਹੈ ਪਰ ਇਸ ਨੂੰ ਬੰਨ੍ਹਣ ਦੀ ਕਲਾ ਕਿਸੇ-ਕਿਸੇ ਕੋਲ ਭਾਵ ਕੁਝ ਚੋਣਵੇਂ ਇਨਸਾਨਾਂ ਕੋਲ ਹੀ ਹੁੰਦੀ ਸੀ। ਕੁੱਪ ਤਾਂ ਭਾਵੇਂ ਹਰ ਕਿਸਾਨ ਆਪਣੇ ਖੇਤੀ ਬੰਨ੍ਹਦਾ ਰਿਹਾ ਹੈ ਪਰ ਬੰਨ੍ਹਣ ਵਾਲੇ ਘੱਟ ਬੰਦੇ ਸਨ ਜਿਨ੍ਹਾਂ ਕੋਲ ਇਹ ਕਲਾ ਸੀ।

Punjabi Virsa

ਕੁੱਪ ਨੂੰ ਬੰਨ੍ਹਣ ਸਮੇਂ ਸੁੱਬੜਾਂ ਦੀ ਅਤਿਅੰਤ ਲੋੜ ਹੁੰਦੀ ਸੀ ਕਿਉਂਕਿ ਹਰ ਗੇੜੇ ਵਿੱਚ ਘੁੱਟ ਕੇ ਸੁੱਬੜ ਬੰਨ੍ਹ ਕੇ ਅੰਦਰ ਤੂੜੀ ਪਾ ਕੇ ਉਸਨੂੰ ਲਿਤੜਿਆ ਜਾਂਦਾ ਸੀ। ਇਸੇ ਕਰਕੇ ਜਿਹੜੀ ਤੂੜੀ ਕੁੱਪ ਵਿੱਚ ਪੈਂਦੀ ਸੀ ਜਦ ਕੁੱਪ ਬੱਝ ਜਾਂਦਾ ਸੀ ਤਾਂ ਇਸ ਨੂੰ ਵੇਖਣ ਵਾਲਿਆਂ ਦਾ ਵੀ ਤਾਂਤਾ ਲੱਗ ਜਾਂਦਾ ਸੀ। ਕਿਉਂਕਿ ਪੂਰੀ ਤਰ੍ਹਾਂ ਮੜ੍ਹ ਕੇ ਪੂਰੀ ਗੋਲਾਈ ਦੇ ਵਿੱਚ ਸਹੀ ਦਾਇਰੇ ਵਿੱਚ ਹੀ ਵਧੀਆ ਕਲਾ ਨਾਲ ਬੰਨਿ੍ਹਆ ਜਾਂਦਾ ਕਰਕੇ ਲੋਕ ਖੜ੍ਹ-ਖੜ੍ਹ ਕੇ ਵੇਖਦੇ ਸਨ। ਟਰੈਕਟਰ ਬਹੁਤ ਘੱਟ ਆਏ ਸਨ ਤੇ ਬਲਦਾਂ ਨਾਲ ਤੇ ਊਠਾਂ ਨਾਲ ਹੀ ਖੇਤੀ ਹੁੰਦੀ ਰਹੀ ਹੈ ਤੇ ਗੱਡਿਆਂ ਨਾਲ ਤੂੜੀ ਕੁੱਪਾਂ ਦੇ ਕੋਲ ਤੱਕ ਢੋਈ ਜਾਂਦੀ ਸੀ ਗੱਡਿਆਂ ਦੇ ਨਾਲ ਹੀ ਰੂੜੀ ਦੀ ਖਾਦ ਵੀ ਖੇਤਾਂ ਵਿੱਚ ਪਾਈ ਜਾਂਦੀ ਸੀ ਉਨ੍ਹਾਂ ਸਮਿਆਂ ਵਿੱਚ ਖਾਦਾਂ-ਸਪਰੇਆਂ ਵਗੈਰਾ ਹੁੰਦੀਆਂ ਹੀ ਨਹੀਂ ਸਨ ਇਸੇ ਕਰਕੇ ਹਰ ਕਿਸਾਨ ਆਰਗੈਨਿਕ ਖੇਤੀ ਹੀ ਕਰਦਾ ਭਾਵ ਸਿਰਫ ਤੇ ਸਿਰਫ ਰੂੜੀ ਦੀ ਖਾਦ ਹੀ ਪਾਈ ਜਾਂਦੀ ਰਹੀ ਹੈ।

Read Also : Jalandhar Blast News: ਜਲੰਧਰ ਤੋਂ ਵੰਡੀ ਖਬਰ, ਭਾਜਪਾ ਆਗੂ ਦੇ ਘਰ ’ਚ ਧਮਾਕਾ, ਜਾਂਚ ’ਚ ਜੁਟੀ ਪੁਲਿਸ

ਤੇ ਸਾਰੀਆਂ ਹੀ ਸਬਜੀਆਂ ਬਹੁਤ ਸਵਾਦ ਬਣਦੀਆਂ ਸਨ ਅਤੇ ਫਸਲ ਵੀ ਵਧੀਆ ਹੁੰਦੀ ਰਹੀ ਹੈ ਜਿਵੇਂ ਕਿ ਅਜੋਕੇ ਦੌਰ ਵਿੱਚ ਤਾਂ ਸਬਜ਼ੀਆਂ ਤੇ ਸਾਗ ਵਿੱਚ ਇਹ ਪਹਿਲਾਂ ਵਰਗਾ ਸਵਾਦ ਹੀ ਨਹੀਂ ਰਿਹਾ ਗਵਾਰੇ ਦੀਆਂ ਫਲੀਆਂ, ਚਿੱਬੜ ਦੀ ਸਬਜ਼ੀ ਬਣਾਉਣੀ ਜੋ ਕਿ ਸਾਰੀਆਂ ਸਬਜ਼ੀਆਂ ਨੂੰ ਮਾਤ ਪਾਉਂਦੀਆਂ ਸਨ ਹੱਦੋਂ ਵੱਧ ਸਵਾਦ ਬਣਦੀਆਂ ਸਨ ਜੇਕਰ ਕਿਤੋਂ ਥੋੜ੍ਹਾ-ਬਹੁਤਾ ਵਾਹਣ ਉੱਚਾ-ਨੀਵਾਂ ਹੋਣਾ ਤਾਂ ਛੋਟੀ ਹੱਥਾਂ ਵਾਲੀ ਕਰਾਹੀ ਬਲਦਾ ਮਗਰ ਜਾਂ ਫਿਰ ਊਠ ਦੇ ਮਗਰ ਪਾ ਕੇ ਵਾਹਣ ਨੂੰ ਪੱਧਰ ਕਰ ਲੈਣਾ ਉਨ੍ਹਾਂ ਸਮਿਆਂ ਵਿੱਚ ਖੂਹਾਂ ਨਾਲ ਪਾਣੀ ਲਾਉਣਾ ਜਾਂ ਫਿਰ ਥੋੜ੍ਹੀ-ਬਹੁਤੀ ਨਹਿਰੀ ਪਾਣੀ ਦੀ ਵਾਰੀ ਨਾਲ ਜਮੀਨ ਸਿੰਜਣੀ ਉਨ੍ਹਾਂ ਸਮਿਆਂ ਵਿੱਚ ਕਣਕ, ਕਪਾਹ, ਸਰ੍ਹੋਂ, ਛੋਲੇ, ਹਰਹਰ, ਜੌਂ, ਗਵਾਰਾ ਆਦਿ ਫਸਲਾਂ ਜ਼ਿਆਦਾ ਹੁੰਦੀਆਂ ਸਨ।

Punjabi Virsa

ਬਿਰਾਨੀ ਜ਼ਮੀਨਾਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਫਸਲਾਂ ਸਿਰਫ ਮੀਂਹ ਦੇ ਸਹਾਰੇ ਹੀ ਪਲਦੀਆਂ ਸਨ। ਸਮੇਂ ਦੇ ਬਦਲਾਅ ਤੇ ਮੌਸਮ ਦੇ ਵਿੱਚ ਆਈ ਤਬਦੀਲੀ ਕਰਕੇ ਕਹਿ ਲਈਏ ਜਾਂ ਜ਼ਿਆਦਾ ਤਰੱਕੀ ਤੇ ਹਰੀ ਕ੍ਰਾਂਤੀ ਜਾਂ ਚਿੱਟੀ ਕ੍ਰਾਂਤੀ ਕਹਿ ਲਈਏ ਅਜੋਕੀ ਜਮੀਨ ਵਿੱਚ ਇਹ ਸਭ ਕੁਝ ਆਰਗੈਨਿਕ ਬੀਜਣੋਂ ਹੀ ਹਟ ਗਏ ਹਾਂ ਜਾਂ ਹੋਣੋ ਹੀ ਹਟ ਗਿਆ ਹੈ ਹੁਣ ਤਾਂ ਸਾਲ ਵਿੱਚ ਤਿੰਨ-ਤਿੰਨ ਜਾਂ ਚਾਰ-ਚਾਰ ਫਸਲਾਂ ਅਸੀਂ ਜਮੀਨਾਂ ਵਿੱਚੋਂ ਉਗਾ ਰਹੇ ਹਾਂ ਅੰਤਾਂ ਦੀਆਂ ਖਾਦਾਂ ਤੇ ਸਪਰੇਆਂ ਕਰਕੇ ਸਾਰਾ ਕੁਝ ਜਹਿਰ ਉਗਾ ਰਹੇ ਹਾਂ ਤੇ ਉਹੀ ਖਾ ਰਹੇ ਹਾਂ ਅਤੇ ਬਿਮਾਰੀਆਂ ਵਿੱਚ ਉੱਜੜ ਰਹੇ ਹਾਂ।

ਹੱਥੀਂ ਕੰਮ ਨਾ ਕਰਨ ਕਰਕੇ ਆਪਣੇ-ਆਪ ਬਿਮਾਰੀਆਂ ਸਹੇੜ ਰਹੇ ਹਾਂ ਪਰ ਸਿਆਣੀ ਉਮਰ ਭਾਵ 70-80 ਸਾਲਾਂ ਦੇ ਸਾਡੇ ਬਜ਼ੁਰਗਾਂ ਨੂੰ ਅੱਜ ਵੀ ਉਹ ਹੱਥੀਂ ਕੰਮ ਕਰਨ ਵਾਲੇ ਸਮੇਂ ਯਾਦ ਨੇ ਤੇ ਉਨ੍ਹਾਂ ਦੀਆਂ ਸਿਹਤਾਂ ਵੀ ਅਜੋਕੀ ਨੌਜਵਾਨ ਪੀੜ੍ਹੀ ਤੋਂ ਕਈ ਗੁਣਾ ਵਧੀਆ ਪਈਆਂ ਹਨ। ਸੋ ਹੱਥੀਂ ਕੁੱਪ ਬੰਨ੍ਹਣ ਦੀ ਕਲਾ ਬਹੁਤ ਨਵੇਕਲੀ ਸੀ ਜੋ ਕਿ ਆਪ ਸਭ ਨੂੰ ਫੋਟੋ ਦੇ ਵਿੱਚ ਨਾਲ ਦਿਸ ਰਹੀ ਹੈ। ਅੱਜ ਇਹ ਸਮੇਂ ਯਾਦ ਆਏ ਇਸ ਕਰਕੇ ਆਪ ਸਭ ਦੋਸਤਾਂ ਨਾਲ ਇਹ ਗੱਲ ਸਾਂਝੀ ਕੀਤੀ।

  1. ਜਸਵੀਰ ਸ਼ਰਮਾ ਦੱਦਾਹੂਰ,
    ਸ੍ਰੀ ਮੁਕਤਸਰ ਸਾਹਿਬ
    95691-49556