ਚੰਡੀਗੜ੍ਹ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਸੈਰ ਸਪਾਟੇ ਦੇ ਨਵੇਂ ਕੇਂਦਰ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਵਿੱਚ ਸੈਰ ਸਪਾਟੇ ਅਤੇ ਟੂਰਿਜ਼ਮ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ ਅਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਿਹਨਤ ਰੰਗ ਵੀ ਲੈ ਕੇ ਆ ਰਹੀ ਹੈ। ਜਿਥੇ ਪੰਜਾਬ ਵਿੱਚ ਸੈਰ ਸਪਾਟਾ ਵਧੀਆ ਹੈ, ਉਥੇ ਹੀ ਪੰਜਾਬ ਦੇ ਲੋਕਲ ਮੇਲੇ ਅਤੇ ਤਿਉਹਾਰਾਂ ਨੂੰ ਵੱਡੇ ਪੱਧਰ ‘ਤੇ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਪਿਛਲੀ ਸਾਲ ਦੀ ਤਰਜ਼ ’ਤੇ 2025 ਸ਼ੁਰੂ ਹੁੰਦੇ ਹੀ ਪੰਜਾਬ ਵਿੱਚ ਵੱਡੇ ਪੱਧਰ ’ਤੇ ਮੇਲਿਆਂ ਅਤੇ ਤਿਉਹਾਰਾਂ ਨੂੰ ਮਨਾਉਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਹ ਮੇਲੇ ਅਤੇ ਤਿਉਹਾਰ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਫਿਰੋਜ਼ਪੁਰ ਵਿੱਚ ਬਸੰਤ ਮੇਲਾ, ਕਿਲ੍ਹਾ ਰਾਏਪੁਰ ਵਿੱਚ ਪੇਂਡੂ ਓਲੰਪਿਕ ਅਤੇ ਪਟਿਆਲਾ ਵਿੱਚ ਪਟਿਆਲਾ ਹੈਰੀਟੇਜ਼ ਫੈਸਟੀਵਲ ਵਰਗੇ ਸਮਾਗਮਾਂ ਨਾਲ ਹੋਈ ਹੈ। ਇਹ ਜਸ਼ਨ ਨਾ ਸਿਰਫ਼ ਪੰਜਾਬ ਦੀ ਅਮੀਰ ਵਿਰਾਸਤ ਅਤੇ ਪਰੰਪਰਾਵਾਂ ਦੀ ਝਲਕ ਪੇਸ਼ ਕਰਦੇ ਹਨ ਬਲਕਿ ਸੂਬੇ ਨੂੰ ਚੋਟੀ ਦੇ ਸੈਲਾਨੀ ਕੇਂਦਰ ਵਜੋਂ ਵੀ ਸਥਾਪਿਤ ਕਰਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਇੱਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਆਪਣੀ ਪਛਾਣ ਮੁੜ ਬਹਾਲ ਕਰ ਰਿਹਾ ਹੈ। ਸੂਬੇ ਦੀ ਅਮੀਰ ਵਿਰਾਸਤ ਦੀ ਬਹਾਲੀ ਅਤੇ ਸੈਰ-ਸਪਾਟੇ ਦੇ ਵਿਸਥਾਰ ਪ੍ਰਤੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੇ ਚੱਲਦਿਆਂ ਸਰਕਾਰ ਵੱਲੋਂ ਕਈ ਲੜੀਵਾਰ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਪੰਜਾਬ ਦੇ ਇਤਿਹਾਸ, ਅਮੀਰ ਸੱਭਿਆਚਾਰ ਅਤੇ ਅਧਿਆਤਮਕ ਵਿਰਾਸਤ ਨੂੰ ਬਖ਼ੂਬੀ ਢੰਗ ਨਾਲ ਦਰਸਾਇਆ ਗਿਆ ਹੈ।
ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿੱਚ ਦੀਵਾਨ ਟੋਡਰ ਮੱਲ ਦੇ ਇਤਿਹਾਸਕ ਨਿਵਾਸ ਸਥਾਨ ਜਹਾਜ਼ ਹਵੇਲੀ ਦੀ ਮੁੜ ਬਹਾਲੀ ਸ਼ੁਰੂ ਕਰਕੇ ਸਿੱਖ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਦੀਵਾਨ ਟੋਡਰ ਮੱਲ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਲਈ ਜ਼ਮੀਨ ਖਰੀਦੀ ਸੀ, ਦੀ ਹਵੇਲੀ ਨੂੰ ਇਹਦੀ ਪੁਰਾਣੀ ਦਿੱਖ ਦੇਣ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ, ਪੰਜਾਬ ਆਪਣੀ ਦੇਖ ਰੇਖ ਹੇਠ ਕਾਰਜ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇਸ਼ ਭਰ ‘ਚੋ ਫਾਰਮ ਸਟੇ ਸੈਰ-ਸਪਾਟੇ ਦੇ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ, ਜੋ ਸੈਰ-ਸਪਾਟੇ ਦੇ ਮੁਹਾਂਦਰੇ ਨੂੰ ਵੀ ਬਦਲ ਰਿਹਾ ਹੈ। ਪੰਜਾਬ ਸਰਕਾਰ ਖੇਤੀ, ਪੇਂਡੂ ਅਤੇ ਫਾਰਮ ਟੂਰਿਜ਼ਮ ਨੂੰ ਵਿਕਸਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ ਜਿਹਦੇ ਨਤੀਜੇ ਵਜੋਂ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਹੰਸਾਲੀ ਪਿੰਡ ਨੂੰ ਸਤੰਬਰ 2024 ‘ਚ ਭਾਰਤ ਦਾ ਸਭ ਤੋਂ ਉੱਤਮ ਪਿੰਡ ਚੁਣਿਆ ਗਿਆ ਸੀ। ਖੇਤੀਬਾੜੀ ਸੈਰ-ਸਪਾਟਾ ਨਾ ਸਿਰਫ਼ ਸਥਾਨਕ ਆਰਥਿਕਤਾ ਲਈ ਲਾਭਦਾਇਕ ਹੈ ਬਲਕਿ ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧਦੀ ਹੈ, ਜਿਸ ਨਾਲ ਸੈਰ-ਸਪਾਟਾ ਖੇਤਰ ਵਿੱਚ ਨਵੇਂ ਮੌਕੇ ਪੈਦਾ ਹੁੰਦੇ ਹਨ।