Ludhiana News: ਦੁੱਧ ਦਾ ਉਤਪਾਦਨ ਵਧਾਉਣ ਤੇ ਨਸਲ ਸੁਧਾਰਨ ਦਾ ਸੁਨੇਹਾ ਦੇ ਗਿਆ ਇਹ ਸ਼ਾਨਦਾਰ ਮੇਲਾ

Ludhiana News
Ludhiana News: ਦੁੱਧ ਦਾ ਉਤਪਾਦਨ ਵਧਾਉਣ ਤੇ ਨਸਲ ਸੁਧਾਰਨ ਦਾ ਸੁਨੇਹਾ ਦੇ ਗਿਆ ਇਹ ਸ਼ਾਨਦਾਰ ਮੇਲਾ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ’ਵਰਸਿਟੀ ਲੁਧਿਆਣਾ ਵੱਲੋਂ ਲਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਪਸ਼ੂਆਂ ਦੀ ਨਸਲ ਸੁਧਾਰ ਨਾਲ ਵਧੇਰੇ ਉਤਪਾਦਨ ਲੈਣ ਤੇ ਖੁਸ਼ਹਾਲ ਸਮਾਜ ਸਿਰਜਣ ਦੇ ਸੁਨੇਹੇ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਰਾਜ ਸਭਾ ਮੇਂਬਰ ਸੰਜੀਵ ਅਰੋੜਾ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪਸ਼ੂਆਂ ਦੀ ਸਿਹਤ ਸੰਭਾਲ ਲਈ ਟੈਸਟਾਂ ਦੀ ਮਹੱਤਤਾ ਨੂੰ ਸਮਝਣ। ਉਨ੍ਹਾਂ ਇਸ ਗੱਲ ’ਤੇ ਵੀ ਜੋਰ ਦਿੱਤਾ ਕਿ ਸਾਨੂੰ ਡੇਅਰੀ ਖੇਤਰ ਨੂੰ ਹੋਰ ਵਧੇਰੇ ਵਿਕਸਿਤ ਕਰਨਾ ਲੋੜੀਂਦਾ ਹੈ। ਉਨ੍ਹਾਂ ’ਵਰਸਿਟੀ ਨਾਲ ਜੁੜਨ ਲਈ ਉਤਸਾਹਿਤ ਕੀਤਾ।

ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸ਼ਟ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਰਾਹੀਂ ਉਹ ਕਿਸਾਨਾਂ ਨੂੰ ਸੁਨੇਹਾ ਦਿੰਦੇ ਹਨ ਕਿ ਉਹ ਜਿੱਥੇ ਆਪਣੀ ਫ਼ਸਲੀ ਉਪਜ ਵਧਾਉਣ ਲਈ ਯਤਨ ਕਰਨ ਉਥੇ ਪਸ਼ੂ ਪਾਲਣ ਕਿੱਤਿਆਂ ’ਚ ਵੀ ਨਵੇਂ ਮੁਕਾਮ ਸਿਰਜਣ। ਚੇਅਰਮੈਨ ਰਾਜ ਕਿਸਾਨ ਤੇ ਖੇਤ ਕਿਰਤੀ ਕਮਿਸ਼ਨ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਸਾਨੂੰ ਪਸ਼ੂ ਪਾਲਣ ਕਿੱਤੇ ਵਿਗਿਆਨਕ ਸੋਚ ਨਾਲ ਕਰਨੇ ਚਾਹੀਦੇ ਹਨ। ਇਹ ਖੇਤੀ ਵਿਭਿੰਨਤਾ ਵਿੱਚ ਸਭ ਤੋਂ ਵਧੀਆ ਬਦਲ ਦੇ ਤੌਰ ’ਤੇ ਆਉਂਦੇ ਹਨ। ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ’ਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਬਹੁਤ ਵਾਰੀ ਆਉਣ ਦਾ ਮੌਕਾ ਮਿਲਿਆ ਹੈ ਤੇ ਉਨ੍ਹਾਂ ਹਰ ਵਾਲ ਕੋਈ ਨਵੀਂ ਸੋਚ ਜਾਂ ਤਜ਼ਰਬਾ ਹਾਸਲ ਕੀਤਾ ਹੈ।

Ludhiana News

ਡਿਪਟੀ ਜਨਰਲ ਡਾਇਰੈਕਟਰ ਭਾਰਤੀ ਖੇਤੀ ਖ਼ੋਜ ਪ੍ਰੀਸ਼ਦ ਡਾ. ਰਾਜਬੀਰ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਵਾਂਗ ਹੀ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ’ਵਰਸਿਟੀ ਵੀ ਪਸਾਰ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਲਗਾਤਾਰ ਆਪਣੇ ਨਾਲ ਜੋੜਨ ਲਈ ਯਤਨਸ਼ੀਲ ਹੈ ਜੋ ਕਿ ਇਸ ਸਮੇਂ ਦੀ ਲੋੜ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ ਕੁਲਪਤੀ ਨੇ ਕਿਹਾ ਕਿ ਨਸਲ ਸੁਧਾਰ ਰਾਹੀਂ ਅਸੀਂ ਵੱਧ ਉਤਪਾਦਨ ਲੈ ਸਕਦੇ ਹਾਂ। ਇਸ ਨਾਲ ਜਿੱਥੇ ਸਾਡੇ ਵਾਤਾਵਰਨ ’ਤੇ ਦਬਾਅ ਘੱਟਦਾ ਹੈ ਉਥੇ ਸਾਨੂੰ ਕਈ ਹੋਰ ਖੇਚਲਾਂ ਤੇ ਖਰਚਿਆਂ ਤੋਂ ਵੀ ਬਚਾਅ ਹੁੰਦਾ ਹੈ। ਉਨ੍ਹਾਂ ਇਹ ਵੀ ਸੁਨੇਹਾ ਦਿੱਤਾ ਕਿ ਪਸ਼ੂ ਪਾਲਕ ’ਵਰਸਿਟੀ ਦੀਆਂ ਸੇਵਾਵਾਂ ਲੈਣ ਲਈ ਜਦ ਵੀ ਸਮਾਂ ਮਿਲੇ ’ਵਰਸਿਟੀ ਵਿਖੇ ਆ ਕੇ ਮਾਹਿਰਾਂ ਨੂੰ ਮਿਲਦੇ ਰਹਿਣ।

Ludhiana News

ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ’ਵਰਸਿਟੀ ਦੇ ਕੁੱਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਵੀ ਕਰਦੇ ਹਨ। ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਜਿਵੇਂ ਬਾਈਪਾਸ ਫੈਟ, ਪਸ਼ੂ ਚਾਟ ਤੇ ਧਾਤਾਂ ਦਾ ਚੂਰਾ ਆਦਿ ਵਿਕਸਿਤ ਕੀਤੀਆਂ ਹਨ।

Read Also : Arya Group: ‘ਆਰੀਆ ਗਰੁੱਪ’ ਵੱਲੋਂ ਕਿੰਨੂਆਂ ਦੇ ਛਿਲਕਿਆਂ ਦਾ ਵਾਤਾਵਰਨ ਪੱਖੀ ਨਿਬੇੜਾ

ਪਸ਼ੂ ਆਹਾਰ ਤਿਆਰ ਕਰਨ ਵਾਸਤੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਮਿਕਦਾਰ ਬਾਰੇ ਵੀ ਦੱਸਿਆ ਗਿਆ। ਡੇਅਰੀ ਸਾਇੰਸ ਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਾਈ ਗਈ। ‘ਸਿਹਤ ਸੰਭਾਲ ਤੇ ਪਾਲਣ ਸਬੰਧੀ ਸਿਫਾਰਿਸ਼ਾਂ’, ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਰਹੇ।

ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਸਾਰੀਆਂ ਮੁਹਤਬਰ ਸ਼ਖ਼ਸੀਅਤਾਂ, ਡਾ. ਕੇਵਲ ਅਰੋੜਾ (ਸੇਵਾ ਮੁਕਤ ਅਧਿਕਾਰੀ, ਪਸ਼ੂ ਪਾਲਣ ਵਿਭਾਗ) ਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।