15 ਸਾਲਾਂ ‘ਚ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਦਾ ਕੁਝ ਨਹੀਂ ਸੰਵਰਿਆ
ਗੁਰਪ੍ਰੀਤ ਸਿੰਘ, ਸੁਨਾਮ : ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਦਾ ਜੱਦੀ ਸ਼ਹਿਰ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਹੈ ਪਿਛਲੇ 15 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਇਸ ਸ਼ਹਿਰ ਦੇ ਵਿਕਾਸ ਤੇ ਸ਼ਹੀਦ ਦੀਆਂ ਯਾਦਗਾਰਾਂ ਲਈ ਕੋਈ ਕਦਮ ਨਹੀਂ ਚੁੱਕਿਆ ਪਰ ਇਸ ਦੇ ਬਾਵਜੂਦ ਪਿਛਲੇ 15 ਸਾਲਾਂ ਤੋਂ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਰਾਜ ਪੱਧਰੀ ਸਮਾਗਮਾਂ ‘ਤੇ ਕਰੋੜਾਂ ਰੁਪਏ ਜ਼ਰੂਰ ਖਰਚ ਕੀਤਾ ਹੈ
ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਹਰ ਸਾਲ ਸ਼ਹੀਦ ਦਾ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾਂਦਾ ਰਿਹਾ ਹੈ ਜਿੱਥੇ ਵੱਡੇ-ਵੱਡੇ ਲੀਡਰ ਪੁੱਜ ਕੇ ਦੇਸ਼ ਭਗਤੀ ਦੀਆਂ ਕਹਾਣੀਆਂ ਲੋਕਾਂ ਨੂੰ ਸੁਣਾ ਕੇ ਤੁਰਦੇ ਬਣਦੇ ਹਨ ਅਤੇ ਵੱਡੇ-ਵੱਡੇ ਸਿਆਸੀ ਵਾਅਦੇ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹਾਲੇ ਪਿਛਲੇ ਸਾਲ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਤੋਂ ਇੱਕ ਦਿਨ ਪਹਿਲਾਂ ਬਠਿੰਡਾ-ਸੁਨਾਮ ਮੁੱਖ ਮਾਰਗ ‘ਤੇ ਸ਼ਹੀਦ ਦੀ ਯਾਦਗਾਰ ਬਣਾਉਣ ਲਈ ਅਕਾਲੀ-ਭਾਜਪਾ ਸਰਕਾਰ ਨੇ ਜ਼ਮੀਨ ਖਰੀਦੀ ਸੀ ਅਤੇ ਕਰੀਬ ਸੱਤ ਮਹੀਨੇ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੀ ਯਾਦਗਾਰ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਇੱਕ ਸਾਲ ਦੇ ਵਿੱਚ-ਵਿੱਚ ਇਸ ਯਾਦਗਾਰ ਦਾ ਕੰਮ ਪੂਰਾ ਹੋ ਜਾਵੇਗਾ ਪਰ ਯਾਦਗਾਰ ਬਣਨੀ ਤਾਂ ਦੂਰ ਨੀਂਹ ਪੱਥਰ ਨੂੰ ਹੀ ਘਾਹ ਫੂਸ ਨੇ ਘੇਰ ਰੱਖਿਆ ਹੈ ਤੇ ਬਣਨ ਵਾਲੀ ਯਾਦਗਾਰ ‘ਤੇ ਹਾਲੇ ਤਾਈਂ ਇੱਕ ਇੱਟ ਨਹੀਂ ਲੱਗੀ।
ਪਿਛਲੇ ਦਿਨੀਂ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰਾਂ ਦੇ ਕੀਤੇ ਵਾਅਦਿਆਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ ਬੀੜਾ ਵੀ ਚੁੱਕਿਆ ਸੀ ਪਰਿਵਾਰਕ ਮੈਂਬਰਾਂ ਨੇਮੌਜ਼ੂਦਾ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਸ਼ਹੀਦ ਦੀ ਯਾਦਗਾਰ ਨੂੰ ਪੂਰਾ ਕਰਨ ਦੀ ਮੰਗ ਵੀ ਕੀਤੀ ਸੀ ਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਸੁਨਾਮ ਦਾ ਨਾਂਅ ਬੋਰਡ ਸਰਟੀਫਿਕੇਟਾਂ ‘ਤੇ ਦਰੁੱਸਤ ਕਰਨ ਦੀ ਫਰਿਆਦ ਵੀ ਕੀਤੀ ਸੀ।
ਜੇਕਰ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਹੂਲਤਾਂ ਦੀ ਹਾਲੇ ਤਾਈਂ ਵੱਡੀ ਘਾਟ ਹੈ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ, ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਸਾਰਾ ਸ਼ਹਿਰ ਡੁੱਬਣ ਕਿਨਾਰੇ ਹੋ ਜਾਂਦਾ ਹੈ ਸੜਕਾਂ ਦਾ ਬੁਰਾ ਹਾਲ ਹੈ, ਗਲੀਆਂ-ਨਾਲੀਆਂ ਦਾ ਕੰਮ ਵੀ ਕਾਫ਼ੀ ਜ਼ਿਆਦਾ ਹੋਣ ਵਾਲਾ ਹੈ ਸ਼ਹੀਦ ਦੇ ਨਾਂਅ ‘ਤੇ ਬਣੀਆਂ ਸੰਸਥਾਵਾਂ ਦੀ ਹਾਲਤ ਵੀ ਤਰਸਯੋਗ ਹੈ ਸੁਨਾਮ ਦੇ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਲੀਡਰਾਂ ਦੇ ਭਾਸ਼ਣਾਂ ਅਨੁਸਾਰ ਸ਼ਹਿਰ ਦਾ ਵਿਕਾਸ ਹੁੰਦਾ ਤਾਂ ਹੁਣ ਤੱਕ ਸੁਨਾਮ ਇੱਕ ਪਛੜਿਆ ਸ਼ਹਿਰ ਨਹੀਂ ਸਗੋਂ ਕੈਲੀਫੌਰਨੀਆ ਬਣ ਚੁੱਕਿਆ ਹੁੰਦਾ।
ਕੀ ਕਹਿੰਦੇ ਨੇ ਹਲਕੇ ਦੇ ਬੁੱਧੀਜੀਵੀ :
ਲੰਮੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਲਈ ਜੂਝ ਰਹੇ ਹਲਕੇ ਦੇ ਉੱਘੇ ਸਮਾਜ ਸੇਵੀ ਆਰਟੀਆਈ ਐਕਟੀਵਿਸਟ ਜਤਿੰਦਰ ਜੈਨ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਰਾਜਸੀ ਆਗੂ ਸੁਨਾਮ ਦੇ ਲੋਕਾਂ ਨੂੰ ਗੁੰਮਰਾਹ ਕਰ ਕਰ ਰਹੇ ਹਨ ਹਰ ਸਾਲ ਰਾਜ ਪੱਧਰੀ ਸਮਾਗਮ ਕਰਕੇ ਵੱਡੇ-ਵੱਡੇ ਦਮਗਜ਼ੇ ਮਾਰੇ ਜਾਂਦੇ ਹਨ ਪਰ ਉਨ੍ਹਾਂ ਐਲਾਨਾਂ ‘ਤੇ ਅਮਲ ਰੱਤੀ ਭਰ ਵੀ ਨਹੀਂ ਹੋਇਆ ਜੈਨ ਨੇ ਕਿਹਾ ਕਿ ਹੁਣ ਤੱਕ ਕਰੋੜਾਂ ਰੁਪਏ ਸਮਾਗਮਾਂ ਤੇ ਜ਼ਰੂਰ ਖਰਚ ਕਰ ਦਿੱਤੇ ਗਏ ਪਰ ਸ਼ਹਿਰ ਤੇ ਸ਼ਹੀਦ ਦੀਆਂ ਯਾਦਗਾਰਾਂ ਬਾਰੇ ਕੁਝ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਅਸੀਂ ਭੱਜ ਨੱਠ ਕਰਕੇ ਸੁਨਾਮ ਰੇਲਵੇ ਸਟੇਸ਼ਨ ਦਾ ਨਾਂਅ ਸ਼ਹੀਦ ਦੇ ਨਾਂਅ ‘ਤੇ ਹਾਲੇ ਹੁਣੇ ਹੀ ਕਰਵਾਇਆ ਹੈ ਉਨ੍ਹਾਂ ਦੱਸਿਆ ਕਿ ਅਸੀਂ ਆਰਟੀਆਈ ਰਾਹੀਂ ਪਤਾ ਲਾਇਆ ਸੀ ਕਿ ਸੂਬਾ ਸਰਕਾਰ ਨੇ ਕੇਂਦਰ ਕੋਲ ਸ਼ਹਿਰ ਦੇ ਵਿਕਾਸ ਲਈ ਕੋਈ ਤਹੱਈਆ ਕੀਤਾ ਹੈ ਕਿ ਨਹੀਂ ਤਾਂ ਸਾਨੂੰ ਪਤਾ ਲੱਗਿਆ ਕਿ ਸਿਰਫ਼ 2004 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਕੇਂਦਰ ਤੋਂ ਸ਼ਹਿਰ ਦੇ ਵਿਕਾਸ ਕਰਵਾਉਣ ਦੀ ਮੰਗ ਕੀਤੀ ਗਈ ਜਿਹੜੀ ਕਿ ਕਾਗਜ਼ਾਂ ਵਿੱਚ ਹੀ ਰੁਲ਼ ਗਈ।
ਸ਼ਹੀਦ ਦੀ ਯਾਦਗਾਰ ਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ : ਬਾਜਵਾ
ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੀਆਂ ਯਾਦਗਾਰ ਬਣਾਉਣ ਲਈ ਕੁਝ ਨਹੀਂ ਕੀਤਾ, ਸਿਰਫ਼ ਯਾਦਗਾਰ ਲਈ ਜ਼ਮੀਨ ਖਰੀਦੀ ਗਈ, ਸ਼ਹੀਦ ਦੀ ਯਾਦਗਾਰ ਬਣਾਉਣ ਦੀ ਹਾਲੇ ਤਾਈਂ ਉਸ ‘ਤੇ ਇੱਕ ਇੱਟ ਵੀ ਨਹੀਂ ਲੱਗ ਸਕੀ ਥਿੰਦ ਨੇ ਕਿਹਾ ਕਿ ਅਸੀਂ ਹੁਣ ਇਸ ਯਾਦਗਾਰ ਬਣਾਉਣ ਦੀ ਪੂਰੀ ਵਾਹ ਲਾਈ ਹੋਈ ਹੈ, ਉਨ੍ਹਾਂ ਆਪਣੇ ਪੱਧਰ ‘ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਤੋਂ ਜਾਣੂ ਕਰਵਾਇਆ ਹੈ ਅਸੀਂ ਅੱਜ ਯਾਦਗਾਰ ਵਾਲੀ ਸਾਰੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਟੂਰਿਜ਼ਮ ਵਿਭਾਗ ਨੂੰ ਸਾਰੀ ਰਿਪੋਰਟ ਭੇਜੀ ਹੈ ਅਤੇ ਛੇਤੀ ਹੀ ਦਾ ਕੰਮ ਆਰੰਭ ਕਰਵਾਇਆ ਜਾਵੇਗਾ।