Punjab Farmers News: 50 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਮੁਹੰਮਦ ਸ਼ਕੂਰ ਬੀਜਦੈ ਸਬਜ਼ੀਆਂ ਤੇ ਪਨੀਰੀ
- ਪੰਜਾਬ, ਹਰਿਆਣਾ, ਯੂਪੀ, ਐੱਮਪੀ ਆਦਿ ਸੂਬਿਆਂ ’ਚ ਹੋ ਰਹੀ ਐ ਪਨੀਰੀ ਅਤੇ ਸਬਜ਼ੀ ਸਪਲਾਈ | Punjab Farmers News
- ਦਰਜ਼ਨਾਂ ਵਿਅਕਤੀਆਂ ਨੂੰ ਦੇ ਰਿਹੈ ਰੋਜ਼ੀ-ਰੋਟੀ, ਦੂਰੋ-ਦੂਰੋਂ ਕਿਸਾਨ ਪੁੱਜਦੇ ਨੇ ਸਲਾਹਾਂ ਲੈਣ
Punjab Farmers News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੋਈ ਸਮਾਂ ਸੀ ਜਦੋਂ ਮੁਹੰਮਦ ਸ਼ਕੂਰ ਕਿਸੇ ਸਬਜ਼ੀ ਦੀ ਦੁਕਾਨ ਅੱਗੇ ਬੋਰੀ ਵਿਛਾ ਕੇ ਰਾਤਾਂ ਕੱਟਦਾ ਸੀ ਅਤੇ ਉਸ ਦਾ ਪਰਿਵਾਰ ਗਰੀਬੀ ਦੀ ਚੱਕੀ ਵਿੱਚ ਪਿਸ ਰਿਹਾ ਸੀ। ਅੱਜ ਵੀ ਸਮਾਂ ਹੈ ਕਿ ਮੁਹੰਮਦ ਸ਼ਕੂਰ ਨੇ ਸ਼ਬਜੀ ਅਤੇ ਪਨੀਰੀ ਦੇ ਕੰਮ ਰਾਹੀਂ ਜਿੱਥੇ ਲਗਭਗ 65 ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਉੱਥੇ ਹੀ ਉਸ ਦੀ ਸਬਜ਼ੀ ਅਤੇ ਪਨੀਰੀ ਪੰਜਾਬ ਹੀ ਨਹੀਂ, ਸਗੋਂ ਬਾਕੀ ਸੂਬਿਆਂ ਨੂੰ ਵੀ ਸਪਲਾਈ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਹੰਮਦ ਸ਼ਕੂਰ ਕੋਲ ਆਪਣੀ ਖੁਦ ਦੀ ਬਿਲਕੁਲ ਵੀ ਜ਼ਮੀਨ ਨਹੀਂ ਹੈ ਅਤੇ ਉਹ 50 ਏਕੜ ਠੇਕੇ ’ਤੇ ਲੈ ਕੇ ਸਬਜ਼ੀ ਅਤੇ ਪਨੀਰੀ ਦੇ ਕੰਮ ਵਿੱਚ ਕਰੋੜਾਂ ਰੁਪਏ ਦੀ ਆਮਦਨ ਪੈਦਾ ਕਰ ਰਿਹਾ ਹੈ। ਮੁਹੰਮਦ ਸ਼ਕੂਰ ਕਹਿੰਦਾ ਹੈ, ਜਿਸ ਵੀ ਕਿਸਾਨ ਕੋਲ ਆਪਣੀ ਜ਼ਮੀਨ ਹੈ ਤਾਂ ਉਹ ਰਾਜਾ ਹੈ, ਪਰ ਜ਼ਰੂਰੀ ਇਹ ਹੈ ਕਿ ਉਹ ਮਿਹਨਤਕਸ਼ ਹੋਵੇ।
Read Also : Strawberry Farming: ਡੇਰਾ ਸੱਚਾ ਸੌਦਾ ਦੇ ਇਸ ਡੇਰੇ ਦੀ ਸਟ੍ਰਾਬੈਰੀ ਦੀ ਦੂਰ-ਦੂਰ ਤੱਕ ਚਰਚਾ
ਮਲੇਰਕੋਟਲਾ ਵਾਸੀ ਮੁਹੰਮਦ ਸ਼ਕੂਰ ਦੱਸਦਾ ਹੈ ਕਿ ਜਦੋਂ ਉਹ 8-9 ਸਾਲਾਂ ਦਾ ਸੀ ਤਾਂ ਉਹ ਆਪਣੀ ਦਾਦੀ ਦੀ ਉਂਗਲ ਫੜ ਕੇ ਗਲੀਆਂ ਵਿੱਚ 20 ਪੈਸੇ, 50 ਪੈਸੇ ਦੇ ਅਮਰੂਦ ਵੇਚਦਾ ਸੀ, ਉਹ ਆਪਣੀ ਦਾਦੀ ਨਾਲ ਇਸ ਲਈ ਆਉਂਦਾ ਸੀ ਕਿਉਂਕਿ ਉਸਦੀ ਦਾਦੀ ਅੱਖਾਂ ਤੋਂ ਅੰਨ੍ਹੀ ਸੀ। ਘਰ ਅੰਦਰ ਗਰੀਬੀ ਕਾਰਨ ਉਸ ਨੂੰ ਆਪਣੀ ਦਾਦੀ ਨਾਲ ਇਹ ਕੰਮ ਕਰਨਾ ਪੈਂਦਾ ਸੀ। ਉਸ ਨੇ ਦੱਸਿਆ ਕਿ 30-35 ਸਾਲ ਪਹਿਲਾਂ ਉਹ ਪਟਿਆਲਾ ਆ ਗਿਆ ਅਤੇ ਠੇਕੇ ’ਤੇ ਕੁਝ ਜ਼ਮੀਨ ਲੈ ਲਈ ਤੇ ਉੱਥੇ ਹੀ ਆਪਣੀ ਕੁੱਲੀ ਪਾ ਲਈ।
Punjab Farmers News
ਉਸ ਨੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਪਨੀਰੀ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਨੂੰ ਇਸ ਕੰਮ ਵਿੱਚ ਮੁਨਾਫ਼ਾ ਹੋਣ ਲੱਗਾ ਤੇ ਉੁਸ ਦੀ ਗੱਡੀ ਲੀਹ ’ਤੇ ਆ ਗਈ। ਇਸ ਤੋਂ ਬਾਅਦ ਉਸ ਵੱਲੋਂ ਅੱਜ 50 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਇੱਥੇ ਸਬਜ਼ੀਆਂ ਅਤੇ ਪਨੀਰੀ ਦਾ ਕੰਮ ਕੀਤਾ ਜਾ ਰਿਹਾ ਹੈ। ਉਸ ਵੱਲੋਂ ਬਰੋਕਲੀ, ਬੈਂਗਣ, ਸ਼ਿਮਲਾ ਮਿਰਚ, ਚੁਕੰਦਰ, ਕਰੇਲਾ, ਟਮਾਟਰ, ਮਿਰਚਾਂ, ਪਿਆਜ਼ ਆਦਿ ਹਰੇਕ ਸ਼ਬਜ਼ੀ ਪੈਦਾ ਕੀਤੀ ਜਾ ਰਹੀ ਹੈ ਅਤੇ 23 ਏਕੜ ਵਿੱਚ ਪਨੀਰੀ ਦਾ ਕੰਮ ਕੀਤਾ ਜਾ ਰਿਹਾ ਹੈ।
ਮੁਹੰਮਦ ਸ਼ਕੂਰ ਦੇ ਖੇਤ ਵਿੱਚ ਪਿਆਜ਼ ਦਾ ਵੱਡੇ ਪੱਧਰ ’ਤੇ ਬੀਜ਼ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਵੱਡੀ ਮੰਗ ਹੈ। ਇੱਥੋਂ ਤੱਕ ਕਿ ਬਰੋਕਲੀ ਗੋਭੀ ਉਹ ਕੰਪਨੀਆਂ ਨੂੰ ਤਿਆਰ ਕਰਕੇ ਦਿੰਦਾ ਹੈ ਅਤੇ ਪੰਜਾਬ ਵਿੱਚ ਅੱਵਲ ਹੈ। ਉਸ ਨੇ ਦੱਸਿਆ ਕਿ ਉਸ ਦੀ ਪਨੀਰੀ ਅਤੇ ਸਬਜ਼ੀ ਪੰਜਾਬ, ਹਰਿਆਣਾ, ਯੂਪੀ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਨੂੰ ਸਪਲਾਈ ਹੁੰਦੀ ਹੈ ਅਤੇ ਉਸ ਕੋਲ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੇ ਕਿਸਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। 55 ਸਾਲਾ ਮੁਹੰਮਦ ਸ਼ਕੂਰ ਬਿਲਕੁੱਲ ਅਨਪੜ੍ਹ ਹੈ ਅਤੇ ਖੁਦ ਹਰੇਕ ਸਬਜ਼ੀ ਅਤੇ ਪਨੀਰੀ ਦੀ ਦੇਖ-ਰੇਖ ਕਰਦਾ ਹੈ।
ਕਿਸਾਨ ਉਸ ਕੋਲ ਦੂਰੋਂ-ਦੂਰੋਂ ਸਲਾਹਾਂ ਲੈਣ ਆਉਂਦੇ ਹਨ ਤੇ ਉਹ ਉਨ੍ਹਾਂ ਨੂੰ ਸਬਜ਼ੀ ਅਤੇ ਪਨੀਰੀ ਲਈ ਵਾਹਣ ਤਿਆਰ ਕਰਨ, ਬਿਜਾਈ ਕਰਨ, ਖਾਦ ਪਾਉਣ ਆਦਿ ਦੀ ਸਲਾਹ ਦਿੰਦਾ ਹੈ। ਉਸ ਨੇ ਦੱਸਿਆ ਕਿ ਸਬਜ਼ੀ ਅਤੇ ਪਨੀਰੀ ਰਾਹੀਂ ਉਹ ਆਪਣਾ ਠੇਕਾ ਪੂਰਾ ਕਰਨ ਦੇ ਨਾਲ-ਨਾਲ ਦਰਜ਼ਨਾਂ ਵਿਅਕਤੀਆਂ ਦੀ ਦਿਹਾੜੀ ਸਮੇਤ ਹੋਰ ਖਰਚੇ ਕੱਢ ਕੇ ਇੱਕ ਸਾਲ ਵਿੱਚ ਇੱਕ ਕਰੋੜ ਰੁਪਏ ਦੀ ਆਮਦਨ ਲੈਂਦਾ ਹੈ। ਮੁਹੰਮਦ ਸ਼ਕੂਰ ਦੇ ਬੇਟੇ ਮੁਹੰਮਦ ਜ਼ਮੀਲ ਅਤੇ ਮੁਹੰਮਦ ਸਵਾਜ਼ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਨਾਲ ਇਸ ਕਿੱਤੇ ਵਿੱਚ ਪੈ ਕੇ ਆਧੁਨਿਕ ਢੰਗ ਨਾਲ ਕੰਮ ਕਰ ਰਹੇ ਹਨ।
ਇੱਕੋ ਵੱਟ ’ਤੇ ਤਿੰਨ ਸਬਜ਼ੀਆਂ
ਮੁਹੰਮਦ ਸ਼ਕੂਰ ਇੱਕੋਂ ਵੱਟ ’ਤੇ ਤਿੰਨ ਸਬਜ਼ੀਆਂ ਪੈਦਾ ਕਰ ਰਿਹਾ ਹੈ। ਉਸ ਵੱਲੋਂ ਬਰੋਕਲੀ, ਚੁਕੰਦਰ ਅਤੇ ਬੈਂਗਣ ਦੀ ਫਸਲ ਇੱਕੋ ਵੱਟ ਤੋਂ ਤਿਆਰ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਉਹ ਆਧੁਨਿਕ ਤਕਨੀਕ ਰਾਹੀਂ ਇੱਕੋ ਸਮੇਂ ਇੱਕੋ ਖੇਤ ਵਿੱਚ ਕਈ-ਕਈ ਸਬਜ਼ੀਆਂ ਪੈਦਾ ਕਰਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ।
ਪਾਣੀ ਦੀ ਬੱਚਤ, ਤੁਪਕਾ ਪ੍ਰਣਾਲੀ ਨੂੰ ਦਿੰਦੈ ਤਰਜ਼ੀਹ
ਉਸ ਨੇ ਦੱਸਿਆ ਕਿ ਉਹ ਬੈੱਡ ਬਣਾ ਕੇ ਤੁਪਕਾ ਪ੍ਰਣਾਲੀ ਰਾਹੀਂ ਖੇਤੀ ਕਰਦਾ ਹੈ। ਉਹ ਜਿੱਥੇ ਵੀ ਕੰਮ ਸ਼ੁਰੂ ਕਰਦਾ ਹੈ ਤਾਂ ਪਹਿਲਾਂ ਉੱਥੇ ਤੁਪਕਾ ਪ੍ਰਣਾਲੀ ਦਾ ਹੀ ਪ੍ਰਬੰਧ ਕਰਦਾ ਹੈ। ਉਸ ਨੇ ਦੱਸਿਆ ਕਿ ਇੱਕ ਤਾਂ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਦੂਜਾ ਸਬਜ਼ੀ ਜਾਂ ਪਨੀਰੀ ਵਿੱਚ ਕੱਖ ਕੰਡੇ ਤੋਂ ਰਾਹਤ ਮਿਲਦੀ ਹੈ ਅਤੇ ਜ਼ਿਆਦਾ ਗੁਡਾਈ ਨਹੀਂ ਕਰਨੀ ਪੈਂਦੀ। ਕਿਆਰੀ ਵਿੱਚ ਜੋ ਖਾਦ ਜਾਂ ਪਾਣੀ ਹੈ, ਉਹ ਸਿੱਧਾ ਪੌਦੇ ਨੂੰ ਹੀ ਲੱਗਦਾ ਹੈ।