ਬੂਟਾ ਖਾਨ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਮੁੜ ਸੜਕ ਜਾਮ

Protest, Village Maur Kalan, Buta khan murder Case, Police

ਸੰਘਰਸ਼ ਕਮੇਟੀ ਤੇ ਪਿੰਡ ਵਾਸੀਆਂ ਨੇ ਲਾਇਆ ਬਠਿੰਡਾ-ਮਾਨਸਾ ਸੜਕ ‘ਤੇ ਧਰਨਾ

(ਰਾਕੇਸ਼ ਗਰਗ), ਮੌੜ ਮੰਡੀ : ਪਿਛਲੇ ਲਗਭਗ ਪੰਦਰਾਂ ਦਿਨ ਤੋ ਬੂਟਾ ਖਾਨ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ  ਲਈ ਸੜਕ ਤੇ ਸੰਘਰਸ਼ ਕਰ ਰਹੇ ਸੰਘਰਸ਼ ਕਮੇਟੀ ਮੈਂਬਰਾਂ ਤੇ ਪਿੰਡ ਮੌੜ ਕਲਾਂ ਵਾਸੀਆਂ ਨੇ ਪੁਲਸ ਪ੍ਰਸ਼ਾਸ਼ਨ ਵੱਲੋ ਦਿੱਤੇ ਗਏ ਭਰੋਸੇ ਦੇ ਬਾਵਜੂਦ ਕੋਈ ਇਨਸਾਫ ਨਾ ਮਿਲਣ ਕਾਰਨ ਅੱਜ ਦੁਬਾਰਾ ਬਠਿੰਡਾ –ਮਾਨਸਾ ਸੜਕ ਜਾਮ ਕਰ ਦਿੱਤੀ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸ਼ਨ ਖਿਲਾਫ ਆਪਣਾ ਪੱਕਾ ਧਰਨਾ ਸ਼ੁਰੂ ਕਰਦਿਆਂ ਪੁਲਸ ਪ੍ਰਸ਼ਾਸ਼ਨ ਖਿਲਾਫ ਸਖਤ ਨਾਅਰੇਬਾਜੀ ਕੀਤੀ।

ਪਿੰਡ ਵਾਸੀਆਂ ਨੇ ਕੀਤਾ ਪੱਕਾ ਧਰਨਾ ਲਾਉਣ ਦਾ ਐਲਾਨ, ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ

ਇਸ ਮੌਕੇ ਇੱਕਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਤਲ ਕਾਂਡ ਸੰਘਰਸ਼ ਕਮੇਟੀ ਦੇ ਗੁਰਚਰਨ ਸਿੰਘ , ਭੁਪਿੰਦਰ ਸਿੰਘ ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ, ਜਸਵਿੰਦਰ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਮਾਓ, ਹਰਵਿੰਦਰ ਸੇਮਾਂ, ਕਿਸਾਨ ਯੂਨੀਅਨ ਕ੍ਰਾਤੀਕਾਰੀ ਦੇ ਮਾਸਟਰ ਗੁਰਨਾਮ ਸਿੰਘ , ਕੁਲਵੰਤ ਸਿੰਘ ਕੈਲਾਸ਼ਾ , ਜਥੇਦਾਰ ਗੁਰਚਰਨ ਸਿੰਘ ਖਾਲਸਾ ਆਦਿ ਨੇ ਕਿਹਾ ਕਿ  ਪਿਛਲੇ ਦਿਨੀ ਪੁਲਸ ਪ੍ਰਸ਼ਾਸ਼ਨ ਅਤੇ ਸੰਘਰਸ਼ ਕਮੇਟੀ ਆਗੂਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਮ੍ਰਿਤਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਪ੍ਰਸ਼ਾਸ਼ਨ ਵੱਲੋ ਇੱਕ ਹਫਤੇ ਦਾ ਸਮਾਂ ਹੋਰ ਲਿਆ ਗਿਆ ਸੀ ਆਗੂਆਂ ਨੇ ਕਿਹਾ ਕਿ ਪੀੜਿਤ ਧਿਰ ਨੂੰ ਇਨਸਾਫ ਦੀ ਬਜਾਏ ਪੁਲਸ ਸੰਘਰਸ਼ ਕਰ ਰਹੇ ਆਗੂਆਂ ਅਤੇ ਪਿੰਡ ਵਾਸੀਆਂ ਨੂੰ ਪੁੱਛਗਿੱਛ ਦੇ ਨਾਂਅ ਤੇ ਅਸਿੱਧੇ ਤੌਰ ਤੇ ਧਮਕਾ ਰਹੀ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਸੜਕ ਤੋ ਨਹੀ ਜਾਣਗੇ। ਖਬਰ ਲਿਖੇ ਜਾਣ ਤੱਕ ਧਰਨਾਂ ਜਾਰੀ ਸੀ।

ਵਿਧਾਇਕ ਵੱਲੋਂ ਧਰਨੇ ਨੂੰ ਹਮਾਇਤ

ਧਰਨੇ ਦੀ ਸੂਚਨਾ ਮਿਲਣ ‘ਤੇ ਧਰਨਾਕਾਰੀਆਂ ਦਾ ਸਾਥ ਦੇਣ ਲਈ ਪੁੱਜੇ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਉਹ ਆਪਣੀ ਪਾਰਟੀ ਵੱਲੋ ਹਰ ਦਮ ਸੰਘਰਸ਼ਕਾਰੀਆ ਦੇ ਨਾਲ ਖੜੇ ਹਨ ਅਤੇ ਪੀੜਿਤਾਂ ਨੂੰ ਇਨਸਾਫ ਮਿਲਣ ਤੱਕ ਉਹਨਾਂ ਦਾ ਸਾਥ ਦੇਣਗੇ।

ਡੀਐੱਸਪੀ ਨੇ ਦਿੱਤਾ ਰਟਿਆ ਹੋਇਆ ਜਵਾਬ

ਮ੍ਰਿਤਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਹੋ ਰਹੀ ਦੇਰੀ ਸੰਬੰਧੀ ਪੁੱਛੇ ਜਾਣ ਤੇ ਡੀ.ਐਸ.ਪੀ. ਮੌੜ ਸੁਰਿੰਦਰ ਕੁਮਾਰ ਨੇ ਰਟਿਆ ਹੋਇਆ ਜਵਾਬ ਦਿੱਤਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।