ਅਹਿਮਦਾਬਾਦ : ਗੁਜਰਾਤ ਕਾਂਗਰਸ ‘ਚ ਬਗਾਵਤ ਰੁਕਣ ਦਾ ਨਾਂਅ ਨਹੀਂ ਲੈ ਰਹੀ। ਅੱਜ ਕਾਂਗਰਸ ਦੇ 3 ਹੋਰ ਵਿਧਾਇਕਾਂ ਧਨਾਭਾਈ ਚੌਧਰੀ, ਮਾਨ ਸਿੰਘ ਚੌਹਾਨ ਅਤੇ ਰਾਮ ਸਿੰਘ ਪਰਮਾਰ ਨੇ ਵੀ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਦੇ ਕੱਦਾਵਰ ਨੇਤਾ ਸ਼ੰਕਰ ਸਿੰਘ ਵਾਘੇਲਾ ਦੇ ਕਾਂਗਰਸ ਤੋਂ ਪੱਲਾ ਛੁਡਾਉਣ ਤੋਂ ਬਾਅਦ ਬਗਾਵਤ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਨੂੰ ਅਸਤੀਫ਼ਾ ਦੇਣ ਵਾਲੇ ਵਿਧਾਇਕ ਬਲਵੰਤ ਸਿੰਘ ਰਾਜਪੂਤ ਅਤੇ ਬਾਕੀ ਦੋ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਅਹਿਮਦ ਪਟੇਲ ਦੇ ਰਾਹ ਵਿੱਚ ਰੋੜਾ
ਬਲਵੰਤ ਸਿੰਘ ਹਾਲ ਹੀ ਵਿੱਚ ਕਾਂਗਰਸ ਛੱਡਣ ਵਾਲੇ ਸ਼ੰਕਰ ਸਿੰਘ ਵਾਘੇਲਾ ਦੇ ਕੁੜਮ ਹਨ। ਅਜਿਹੇ ਵਿੱਚ ਭਾਜਪਾ ਉਮੀਦ ਲਾ ਰਹੀ ਹੈ ਕਿ ਬਲਵੰਤ ਸਿੰਘ ਵਾਘੇਲਾ ਨੂੰ ਵਿਧਾਇਕਾਂ ਦੀ ਹਮਾਇਤ ਵੀ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਗੁਜਰਾਤ ਵਿੱਚ ਇਸ ਹਾਲਾਤ ਤੋਂ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਨੂੰ ਰਾਜ ਸਭਾ ਵਿੱਚ ਜਾਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਸਿੱਧਪੁਰ ਤੋਂ ਵਿਧਾਇਕ ਮੁੱਖ ਸਚੇਤਕ ਬਲਵੰਤ ਸਿੰਘ ਰਾਜਪੂਤ ਨੂੰ ਭਾਜਪਾ ਨੇ ਰਾਜ ਸਭਾ ਦੀ ਤੀਜੀ ਸੀਟ ਲਈ ਨਾਮਜ਼ਦ ਕੀਤਾ ਹੈ, ਜਿਸ ਲਈ ਅਹਿਮਦ ਪਟੇਲ ਨੇ ਆਪਣੀ ਨਾਮਜ਼ਦਗੀ ਭਰੀ ਹੈ। ਅਸਤੀਫ਼ਾ ਦੇਣ ਵਾਲੇ ਦੋ ਹੋਰ ਵਿਧਾਇਕਾਂ ਵਿੱਚ ਵਿਰਮਗਮ ਤੋਂ ਤੇਜਸ਼੍ਰੀ ਪਟੇਲ ਅਤੇ ਵੀਜਾਪੁਰ ਤੋਂ ਵਿਧਾਇਕ ਪੀਆਈ ਪਟੇਲ ਹਨ। ਇਸ ਤੋਂ ਬਾਅਦ ਇਹ ਭਾਜਪਾ ਵਿੱਚ ਸ਼ਾਮਲ ਹੋ ਗਏ। 8 ਅਗਸਤ ਨੂੰ ਗੁਜਰਾਤ ਵਿੱਚ ਰਾਜ ਸਭਾ ਦੀਆਂ ਤਿੰਨੇ ਸੀਟਾਂ ਲਈ ਮੱਤਦਾਨ ਹੋਵੇਗਾ।