Emotional Story: ਭਾਵੁਕ ਕਰਨ ਵਾਲਾ ਬਿਰਤਾਂਤ, ਬਾਪੂ ਨਾਲ ਹੋਈਆਂ ਵਧੀਕੀਆਂ

Emotional Story
Emotional Story: ਭਾਵੁਕ ਕਰਨ ਵਾਲਾ ਬਿਰਤਾਂਤ, ਬਾਪੂ ਨਾਲ ਹੋਈਆਂ ਵਧੀਕੀਆਂ

Emotional Story: ਮੇਰਾ ਬਾਪੂ ਬਹੁਤ ਹੀ ਮਿਹਨਤੀ ਬੰਦਾ ਸੀ। ਖੇਤੀ ਦਾ ਸ਼ੌਂਕੀਨ। ਜ਼ਮੀਨ ਬਟਾਈ ਅਤੇ ਠੇਕੇ ’ਤੇ ਲੈ ਲੈਂਦਾ। ਕਣਕ, ਮੱਕੀ, ਮਾਂਹ, ਪਿਆਜ, ਲਸਣ ਆਦਿ ਦੇ ਘਰ ਵਿੱਚ ਖੁੱਲ੍ਹੇ ਭੰਡਾਰ ਪਏ ਹੁੰਦੇ ਸੀ। ਦੁੱਧ, ਦਹੀਂ, ਮੱਖਣੀ, ਲੱਸੀ, ਦੇਸੀ ਘਿਓ ਅਤੇ ਖੋਏ ਦੀਆਂ ਪਿੰਨੀਆਂ ਘਰ ਵਿੱਚ ਕਦੇ ਮੁੱਕਦੀਆਂ ਹੀ ਨਾ। ਵਾੜੇ ਵਿੱਚ ਖੜ੍ਹੀਆਂ ਦੋ-ਤਿੰਨ ਮੱਝਾਂ, ਵਲਾਇਤੀ ਗਾਂ ਅਤੇ ਉਨ੍ਹਾਂ ਦੇ ਕੱਟੇ-ਕੱਟੀਆਂ ਤੇ ਵੱਛੇ-ਵੱਛੀਆਂ। ਪਥਵਾੜੇ ਵਿੱਚ ਪੱਥੀਆਂ ਹੋਈਆਂ ਪਾਥੀਆਂ ਤੇ ਪਾਥੀਆਂ ਦਾ ਗੁਹਾਰਾ ਦੇਖ ਕੇ ਮਨ ਬਹੁਤ ਖੁਸ਼ ਹੁੰਦਾ।

ਬਾਪੂ ਜਿੱਥੇ ਖੁਦ ਮਿਹਨਤੀ ਸੀ ਉੱਥੇ ਸਾਨੂੰ ਵੀ ਸਾਰਾ ਦਿਨ ਕੰਮ ’ਤੇ ਲਾਈ ਰੱਖਦਾ। ਬਚਪਨ ਵਿੱਚ ਅਸੀਂ ਬਾਪੂ ਦੇ ਖੇਤਾਂ ਨੂੰ ਜਾਣ ਮਗਰੋਂ ਟੈਲੀਵਿਜ਼ਨ ਲਾ ਕੇ ਫਿਲਮਾਂ ਦੇਖਦੇ। ਪਰ ਜਿਵੇਂ ਹੀ ਸਾਨੂੰ ਬਾਪੂ ਦੇ ਆਉਣ ਦੀ ਬਿੜਕ ਪੈਂਦੀ ਤਾਂ ਅਸੀਂ ਇੱਕਦਮ ਟੀਵੀ ਬੰਦ ਕਰਕੇ ਆਪੋ-ਆਪਣੇ ਕੰਮਾਂ ’ਤੇ ਲੱਗ ਜਾਂਦੇ ਜਾਂ ਫਿਰ ਕਿਤਾਬਾਂ ਚੁੱਕ ਪੜ੍ਹਨ ਲੱਗ ਜਾਂਦੇ। ਜੇਕਰ ਕਿਤੇ ਬਾਪੂ ਸਾਨੂੰ ਟੈਲੀਵਿਜ਼ਨ ਦੇਖਦਿਆਂ ਨੂੰ ਦੇਖ ਲੈਂਦਾ ਤਾਂ ਕਹਿੰਦਾ, ‘‘ਕੁੱਤਿਓ! ਸਾਰਾ ਦਿਨ ਟੈਲੀਵਿਜ਼ਨ ਦੇਖੀ ਜਾਂਦੇ ਹੋ।ਪੜ੍ਹ ਵੀ ਲਿਆ ਕਰੋ ਕਦੇ।’’ ਮੱਝਾਂ ਨੇ ਗੋਹਾ ਮਿੱਧਿਆ ਹੁੰਦਾ ਜਾਂ ਫਿਰ ਉਨ੍ਹਾਂ ਦੀ ਖੁਰਲੀ ਵਿੱਚ ਕੱਖ ਨਾ ਹੁੰਦੇ ਤਾਂ ਵੀ ਬਾਪੂ ਸਾਨੂੰ ਝਿੜਕ ਦਿੰਦਾ।

Emotional Story

ਬਾਪੂ ਦਿਨ ਵਿੱਚ ਖੇਤੀ ਕਰਦਾ ਅਤੇ ਰਾਤ ਨੂੰ ਸਾਈਕਲ ’ਤੇ ਚੰਡੀਗੜ੍ਹ 25 ਕਿਲੋਮੀਟਰ ਦਾ ਸਫਰ ਤੈਅ ਕਰਕੇ ਡਿਊਟੀ ’ਤੇ ਜਾਂਦਾ। ਸਾਰੀ-ਸਾਰੀ ਰਾਤ ਡਿਊਟੀ ਕਰਦਾ। ਸਾਈਕਲ ’ਤੇ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਾਡੀ ਫੀਸ ਜਮ੍ਹਾ ਕਰਵਾਉਂਦਾ ਤੇ ਕਿਤਾਬਾਂ ਲੈ ਕੇ ਆਉਂਦਾ। ਪਿੰਡ ਦੇ ਕਈ ਲੋਕ ਬਾਪੂ ਦੀ ਮਿਹਨਤ ਤੋਂ ਸਾੜਾ ਕਰਦੇ ਕਹਿੰਦੇ, ‘‘ਇਹਨੂੰ 24 ਘੰਟੇ ਟੇਕ ਨਹੀਂ। ਜਦ ਦੇਖੋ ਤੁਰਿਆ ਹੀ ਰਹਿੰਦਾ।’’ ਜਦੋਂ ਬਾਪੂ ਕਈ ਵਾਰ ਉਹਨਾਂ ਨੂੰ ਇਸ ਗੱਲ ਦਾ ਠੋਕ ਕੇ ਜਵਾਬ ਦੇ ਦਿੰਦਾ ਤਾਂ ਉਹ ਸਾਡਾ ਆਪਣੀਆਂ ਡੌਲਾਂ ਤੇ ਪਹੀਆਂ ਤੋਂ ਲੰਘਣਾ ਬੰਦ ਕਰ ਦਿੰਦੇ। ਮੇਰਾ ਵੱਡਾ ਭਰਾ ਲੋਕਾਂ ਦੀਆਂ ਇਨ੍ਹਾਂ ਗੱਲਾਂ ਦਾ ਕਈ ਵਾਰ ਗੁੱਸਾ ਕਰ ਜਾਂਦਾ। ਪਰ ਮੈਂ ਉਸਨੂੰ ਆਪਣੇ ਮਾਸੂਮ ਸ਼ਬਦਾਂ ਨਾਲ ਸਮਝਾਉਂਦਾ ਹੋਇਆ ਕਹਿੰਦਾ, ‘‘ਤੂੰ ਟੈਨਸ਼ਨ ਨਾ ਕਰ। ਤੂੰ ਦੇਖੀਂ ਕੱਲ੍ਹ ਨੂੰ ਇਹੀ ਲੋਕ ਸਾਨੂੰ ਸਰ-ਸਰ ਕਹਿੰਦੇ ਹੋਏ ਸਾਡੇ ਪਿੱਛੇ ਫਿਰਨਗੇ।’’

Read Also : Punjab Government : ਡਰੱਗ ਮਾਫੀਆ ਦੇ ਘਰ ‘ਤੇ ਚੱਲਿਆ ਮਾਨ ਸਰਕਾਰ ਦਾ ਬੁਲਡੋਜ਼ਰ

ਜ਼ੁਲਮ ਦੀ ਹੱਦ ਕੇਵਲ ਅਪਮਾਨ ਭਰੇ ਸ਼ਬਦਾਂ ਤੱਕ ਹੀ ਸੀਮਤ ਨਹੀਂ ਸੀ। ਇੱਕ ਵਾਰ ਪਿੰਡ ਦੇ ਇੱਕ ਬੰਦੇ ਨੇ ਕੁਝ ਹੋਰ ਬੰਦਿਆਂ ਨਾਲ ਮਿਲ ਕੇ ਬਾਪੂ ਦੀਆਂ ਅੱਖਾਂ ਦੀਆਂ ਪਲਕਾਂ ਰਜਾਈਆਂ ਨਗੁੰਦਣ ਵਾਲੇ ਸੂਏ ਨਾਲ ਸਿਉਂ ਦਿੱਤੀਆਂ ਸਨ। ਇੱਥੇ ਹੀ ਬੱਸ ਨਹੀਂ ਇੱਕ ਵਾਰ ਦੀਵਾਲੀ ਦੀ ਰਾਤ ਨੂੰ ਭੂਸਰੇ ਹੋਏ ਇੱਕ ਨੌਜਵਾਨ ਨੇ ਬਾਪੂ ਦੇ ਉੱਤੇ ਬਲਦਾ ਹੋਇਆ ਪਟਾਕਾ ਸੁੱਟ ਦਿੱਤਾ ਸੀ। ਅਸੀਂ ਬਾਪੂ ਦੇ ਕੱਪੜਿਆਂ ਨੂੰ ਲੱਗੀ ਅੱਗ ਬੁਝਾਉਂਦੇ ਹੋਇਆਂ ਅਤੇ ਬਾਪੂ ਨੂੰ ਲੜਾਈ ਝਗੜੇ ਤੋਂ ਬਚਾਉਂਦਿਆਂ ਅੰਦਰ ਲਿਆ ਕੁੰਡਾ ਲਾ ਲਿਆ ਸੀ। ਪਰ ਉਹ ਨੌਜਵਾਨ ਸਾਡੇ ਦਰਵਾਜੇ ’ਤੇ ਲੱਤਾਂ ਮਾਰਦਾ ਹੋਇਆ ਗਾਲ੍ਹਾਂ ਕੱਢਦਾ ਰਿਹਾ। ਉਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ। ਕਿਸੇ ਦੀ ਉੱਚੀ ਆਵਾਜ਼ ਸੁਣ ਸਹਿਮ ਜਾਂਦੇ ਸੀ।

ਬਾਪੂ ਪਿੰਡ ਤੋਂ ਦੋ-ਦੋ ਮੀਲ ਦੂਰ ਖੇਤਾਂ ਵਿੱਚ ਪਸ਼ੂਆਂ ਲਈ ਘਾਹ ਖੋਤਣ ਲਈ ਜਾਂਦਾ। ਲਗਭਗ 70-80 ਕਿਲੋ ਦੀ ਪੰਡ ਇਕੱਲਾ ਹੀ ਗੋਡਾ ਮਾਰ ਸਿਰ ਉੱਤੇ ਚੁੱਕ ਲੈਂਦਾ। ਇੱਕ ਵਾਰ ਬਾਪੂ ਨੇ ਕੱਖਾਂ ਦੀ ਪੰਡ ਬੰਨ੍ਹ ਕੇ ਰੱਖ ਦਿੱਤੀ ਤੇ ਦੂਰ ਚੱਲਦੀ ਕਿਸੇ ਮੋਟਰ ਉੱਤੇ ਪਾਣੀ ਪੀਣ ਚਲਾ ਗਿਆ। ਬਾਪੂ ਦੇ ਜਾਣ ਮਗਰੋਂ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਪੰਡ ਖੋਲ੍ਹ ਕੇ ਉਸ ਵਿੱਚ ਪੱਠੇ ਕੁਤਰਨ ਵਾਲੀ ਮੋਟਰ ਲੁਕਾ ਕੇ ਪੰਡ ਦੁਬਾਰਾ ਬੰਨ੍ਹ ਦਿੱਤੀ ਅਤੇ ਨੇੜੇ ਖੜੇ੍ਹ ਬਾਪੂ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ।

Emotional Story

ਜਦੋਂ ਬਾਪੂ ਨੇ ਆ ਕੇ ਪੰਡ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪੰਡ ਚੁੱਕੀ ਨਾ ਗਈ। ਫਿਰ ਇਨ੍ਹਾਂ ਲੋਕਾਂ ਨੇ ਆਪਣੀ ਚਾਲ ਨੂੰ ਸਫਲ ਬਣਾਉਣ ਲਈ ਹਮਦਰਦੀ ਜਤਾਉਂਦੇ ਹੋਇਆ ਪੰਡ ਬਾਪੂ ਦੇ ਸਿਰ ’ਤੇ ਚੁਕਾ ਦਿੱਤੀ। ਬਾਪੂ ਪੰਡ ਚੱਕ ਪਿੰਡ ਵੱਲ ਤੁਰ ਪਿਆ ਤੇ ਇਹ ਲੋਕ ਪਿੱਛੇ-ਪਿੱਛੇ ਦੰਦੀਆਂ ਕੱਢਦੇ ਚੱਲਣ ਲੱਗੇ ਕਿ ਦੇਖਦੇ ਹਾਂ ਕਿ ਕਿੱਥੋਂ ਤੱਕ ਲਿਜਾਂਦਾ ਹੈ। ਵਜ਼ਨ ਇੰਨਾ ਜ਼ਿਆਦਾ ਸੀ ਕਿ ਬਾਪੂ ਨੇ ਥੋੜ੍ਹੀ ਕੁ ਦੂਰ ਜਾ ਕੇ ਪੰਡ ਵਗਾਹ ਕੇ ਮਾਰੀ ਤੇ ਪੰਡ ਵਿੱਚ ਰੱਖੀ ਪੱਠੇ ਕੁਤਰਨ ਵਾਲੀ ਮੋਟਰ ਪੱਲੀ ਨੂੰ ਪਾੜ ਕੇ ਦੂਰ ਜਾ ਡਿੱਗੀ। ਬਾਪੂ ਨੂੰ ਹੌਂਕੜੀ ਚੜ੍ਹ ਗਈ ਸੀ ਤੇ ਉਹ ਢਿੱਡ ਫੜ ਖੇਤ ਵਿੱਚ ਹੀ ਲੰਬਾ ਪੈ ਗਿਆ। ਇਹ ਦੇਖ ਉਹ ਲੋਕੀ ਉੱਚੀ-ਉੱਚੀ ਹੱਸ ਤਾੜੀਆਂ ਮਾਰ ਕੇ ਹੱਸਣ ਲੱਗੇ। ਬਾਪੂ ਨੂੰ ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਇਹੋ ਜਿਹਾ ਮਜ਼ਾਕ ਵੀ ਸਹਿਣ ਕਰਨਾ ਪੈਂਦਾ।

ਬਾਪੂ ਇਨਸਾਫ ਦੀ ਤਲਾਸ਼ ਵਿੱਚ ਸਾਈਕਲ ’ਤੇ ਥਾਣੇ ਜਾਂਦਾ। ਪਰ ਅੱਗੇ ਥਾਣੇਦਾਰ ਪੈਸੇ ਖਾਈ ਬੈਠਾ ਹੁੰਦਾ। ਪੁਲਿਸ ਵਾਲੇ ਬਾਪੂ ਨੂੰ ਗਾਲੀ-ਗਲੋਚ ਦੇ ਅਪਮਾਨਤ ਕਰ ਘਰ ਵਾਪਸ ਭੇਜ ਦਿੰਦੇ। ਪਿੰਡ ਦੀ ਪੰਚਾਇਤ ਪਿੰਡ ਵਿੱਚ ਹੀ ਮੁਜ਼ਰਮਾਂ ਤੋਂ ਮਾਫੀ ਮੰਗਵਾ ਕੇ ਸਮਝੌਤਾ ਕਰਵਾ ਦਿੰਦੀ ਤਾਂ ਜੋ ਅਮੀਰਜਾਦਿਆਂ ਦੀ ਇੱਜਤ ਢੱਕੀ ਰਹੇ।

Emotional Story

ਇੱਕ ਵਾਰ ਮੈਂ ਇੱਕ ਜਿਮੀਂਦਾਰ ਦੇ ਖੇਤ ਵਿੱਚੋਂ ਦੀ ਲੰਘਣ ਲੱਗਾ ਤਾਂ ਉਸਨੇ ਮੈਨੂੰ ਬੜੇ ਹੀ ਅਪਮਾਨਯੋਗ ਸ਼ਬਦਾਂ ਦੇ ਨਾਲ ਕਿਹਾ, ‘‘ਓਏ! ਪਰਾਂ ਨੂੰ ਹੋ ਕੇ ਲੰਘ ਓਏ।’’ ਇਹ ਗੱਲ ਮੈਂ ਆਪਣੇ ਬਾਪੂ ਨੂੰ ਹੁੱਬਾਂ ਮਾਰ-ਮਾਰ ਰੋਂਦੇ ਹੋਏ ਨੇ ਦੱਸੀ ਅਤੇ ਕਿਹਾ, ‘‘ਬਾਪੂ! ਹੁਣ ਮੈਥੋਂ ਤੇਰਾ ਤੇ ਆਪਣਾ ਅਪਮਾਨ ਸਹਿਣ ਨਹੀਂ ਹੁੰਦਾ। ਛੱਡ ਤੂੰ ਆਪਾਂ ਨਹੀਂ ਕਰਨੀ ਖੇਤੀਬਾੜੀ।’’ ਮੇਰੇ ਹੰਝੂਆਂ ਨੇ ਬਾਪੂ ਦਾ ਮਨ ਖੇਤੀਬਾੜੀ ਵੱਲੋਂ ਖੱਟਾ ਕਰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਅਸੀਂ ਖੇਤੀਬਾੜੀ ਅਤੇ ਪਸ਼ੂ-ਪਾਲਣਾ ਬੰਦ ਕਰ ਦਿੱਤਾ।

ਸਮਾਂ ਬੀਤਦਾ ਗਿਆ। ਮੈਂ ਤੇ ਮੇਰਾ ਭਰਾ ਪੜ੍ਹ-ਲਿਖ ਕੇ ਸਕੂਲਾਂ-ਕਾਲਜਾਂ ਵਿੱਚ ਅਧਿਆਪਕ ਲੱਗ ਗਏ ਸਾਂ। ਬਾਪੂ ਦੀ ਉਮਰ ਵੀ ਰਿਟਾਇਰ ਹੋਣ ਜੋਗੀ ਹੋ ਗਈ ਸੀ। ਹੁਣ ਬਾਪੂ ਦਿਨੇ ਡਿਊਟੀ ਜਾਂਦਾ ਤੇ ਸ਼ਾਮ ਨੂੰ ਘਰ ਆ ਜਾਂਦਾ ਸੀ। ਇੱਕ ਦਿਨ ਬਾਪੂ ਸ਼ਾਮ ਨੂੰ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਕਿ ਰਾਸਤੇ ਵਿੱਚ ਇੱਕ ਤੇਜ ਰਫਤਾਰ ਆ ਰਹੀ ਗੱਡੀ ਬਾਪੂ ਨੂੰ ਸਾਈਡ ਮਾਰ ਕੇ ਲੰਘ ਗਈ। ਬੱਸ ਉਸ ਦਿਨ ਤੋਂ ਬਾਅਦ ਬਾਪੂ ਪਹਿਲਾਂ ਵਾਲਾ ਬਾਪੂ ਨਾ ਰਿਹਾ। ਸਾਰਾ ਦਿਨ ਮੰਜੇ ’ਤੇ ਖਾਮੋਸ਼ ਪਿਆ ਰਹਿੰਦਾ। ਜੇਕਰ ਅਸੀਂ ਕੁਝ ਪੁੱਛੀਏ ਕੇਵਲ ਤਾਂ ਹੀ ਕੁਝ ਬੋਲਦਾ। ਹਰ ਗੱਲ ਦਾ ਜਵਾਬ ਕੇਵਲ ਹਾਂ ਜਾਂ ਨਾਂਹ ਵਿੱਚ ਹੀ ਦਿੰਦਾ।

Emotional Story

ਅੱਜ ਡੇਢ ਦਹਾਕਾ ਬੀਤ ਗਿਆ। ਪਰ ਹੁਣ ਬਾਪੂ ਦੀਆਂ ਝਿੜਕਾਂ ਨਹੀਂ ਸੁਣਦੀਆਂ। ਕਈ ਵਾਰ ਜਦੋਂ ਮੈਂ ਸ਼ਾਮ ਨੂੰ ਆਉਂਦਾ ਹੋਇਆ ਕੁਝ ਜ਼ਿਆਦਾ ਹੀ ਲੇਟ ਹੋ ਜਾਂਦਾ ਤਾਂ ਆ ਕੇ ਦੇਖਦਾ, ਬਾਪੂ ਮੰਜੇ ’ਤੇ ਪਿਆ ਹੁੰਦਾ। ਬਾਪੂ ਦੀ ਖਾਮੋਸ਼ੀ ਮੈਨੂੰ ਭਾਵੁਕ ਕਰ ਦਿੰਦੀ। ਮੈਂ ਬਾਪੂ ਦੇ ਚਰਨਾਂ ਵਿੱਚ ਸਿਰ ਰੱਖ ਭਾਵੁਕ ਹੁੰਦੇ ਹੋਏ ਬੋਲਦਾ, ‘‘ਬਾਪੂ! ਉੱਠ ਯਾਰ। ਥੋੜ੍ਹੀਆਂ ਜੇਹੀਆਂ ਝਿੜਕਾਂ ਹੋਰ ਦੇ-ਦੇ। ਥੋੜ੍ਹੀ ਜਿਹੀ ਹੱਲਾਸ਼ੇਰੀ ਹੋਰ ਦੇ-ਦੇ।’’ ਇਹ ਕਹਿੰਦਾ ਹੋਇਆ ਮੈਂ ਹੁੱਬਾਂ ਮਾਰ-ਮਾਰ ਰੋਣ ਲੱਗ ਜਾਂਦਾ ਤੇ ਆਪਣੀ ਇਹ ਕਵਿਤਾ ਗੁਣਗੁਣਾਉਂਦਾ:-

ਦੇਖ ਬਾਪੂ ਨਾਲ
ਹੁੰਦੀਆਂ ਵਧੀਕੀਆਂ
ਰਿਹਾ ਬਚਪਨ ਵਿੱਚ
ਵੱਟਦਾ ਕਚੀਚੀਆਂ
ਕੰਧਾਂ ਉੱਤੇ
ਹੋਏ ਕਬਜ਼ੇ
ਉਹ ਸਾਫ ਇਨਸਾਫ਼
ਦੇ ਲਈ ਚੀਕੀਆਂ
ਯਾਦ ਆਉਂਦੀ
ਮੈਨੂੰ ਅੱਜ ਵੀ
ਮੇਰੇ ਹੌਂਕੇ
ਬਣ ਕੇ ਹਿਚਕੀਆਂ
ਮੇਰੇ ਹੰਝੂ ਬਣੇ ਸਿਆਹੀ
ਤੇ ਮੈਂ ਕਲਮ
ਦੇ ਨਾਲ ਉਲੀਕੀਆਂ
ਮੇਰੇ ਬਾਪੂ ਨਾਲ
ਹੋਈਆਂ ਵਧੀਕੀਆਂ
ਮੈਂ ਕਲਮ
ਦੇ ਨਾਲ ਉਲੀਕੀਆਂ…!

ਜੇ. ਐੱਸ. ਮਹਿਰਾ
ਮੋ. 95924-30420