Punjab News: ਬਟਾਲਾ/ਕਲਾਨੌਰ (ਸੱਚ ਕਹੂੰ ਨਿਊਜ਼)। ਸਰਹੱਦੀ ਸ਼ਹਿਰ ਕਲਾਨੌਰ ’ਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਹਲੇ ਚੱਕ ਪਿੰਡ ਨੂੰ ਜਾਣ ਵਾਲੀ ਲਿੰਗ ਸੜਕ ’ਤੇ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਕਾਰਨ ਪਿੰਡ ਸਾਹੂਰ ਕਲਾਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਿਰਮਲ ਸਿੰਘ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਡੀ ਜੁਗਰਾਜ ਸਿੰਘ, ਐਸਐਚਓ ਕਲਾਨੌਰ ਸਾਹਿਲ ਪਠਾਨੀਆ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਆਪਣੀ ਹਿਰਾਸਤ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਖਬਰ ਵੀ ਪੜ੍ਹੋ : Vande Bharat Express: ਇਸ ਤਰੀਕ ਤੋਂ ਸ਼ੁਰੂ ਹੋਵੇਗੀ ਵੰਦੇ ਭਾਰਤ ਐਕਸਪ੍ਰੈੱਸ, ਜਾਣੋ ਕਿਰਾਏ ਤੇ ਰੁਕਣ ਦੇ ਵੇਰਵੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨਿਰਮਲ ਸਿੰਘ ਦੇ ਭਰਾ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਪਿੰਡ ਸਾਹੂਰ ਖੁਰਦ ’ਚ ਪੰਚਾਇਤੀ ਗਲੀ ਬਣਵਾ ਰਿਹਾ ਸੀ, ਜਿਸ ਦੌਰਾਨ ਦੂਜੀ ਧਿਰ ਵੱਲੋਂ ਗਲੀ ਦੀ ਉਸਾਰੀ ਰੋਕਣ ਲਈ ਉਸ ’ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਉਸਦਾ ਇੱਕ ਸਾਥੀ ਜ਼ਖਮੀ ਹੋ ਗਿਆ ਤੇ ਉਸ ਦਿਨ ਤੋਂ ਹੀ ਉਸ ਨੂੰ ਦੂਜੀ ਧਿਰ ਵੱਲੋਂ ਗੋਲੀ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅੱਜ ਦੁਪਹਿਰ ਮੇਰਾ ਛੋਟਾ ਭਰਾ, ਨਿਰਮਲ ਸਿੰਘ ਕਲਾਨੌਰ ਵਾਲੇ ਪਾਸਿਓਂ ਆਪਣੀ ਮੋਪੇਡ ’ਤੇ ਆ ਰਿਹਾ ਸੀ ਜਦੋਂ ਉਸ ਨੂੰ ਕਲਾਨੌਰ ਦੇ ਬਾਹਰ ਪਿੰਡ ਸਾਹਲੇ ਚੱਕ ਰੋਡ ’ਤੇ ਗੋਲੀ ਮਾਰ ਦਿੱਤੀ ਗਈ ਤੇ ਗੋਲੀਆਂ ਉਸਦੀ ਛਾਤੀ ’ਚ ਲੱਗੀਆਂ।
ਉਨ੍ਹਾਂ ਕਿਹਾ ਕਿ ਜਦੋਂ ਉਹ ਜ਼ਖਮੀ ਨਿਰਮਲ ਸਿੰਘ ਨੂੰ ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ਼ ਦਿਵਾਇਆ ਜਾਵੇ ਤੇ ਉਸਦੇ ਭਾਈ ਭਰਾ ਦੇ ਕਾਤਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਐਸਪੀ ਡੀ ਜੁਗਰਾਜ ਸਿੰਘ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। Punjab News