US Indians Deportation: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅਮਰੀਕਾ ਤੋਂ ਭਾਰਤ ਭੇਜੇ ਗਏ 104 ਲੋਕਾਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ। ਜਾਣਕਾਰੀ ਅਨੁਸਾਰ, 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਦੁਪਹਿਰ ਨੂੰ ਇੱਥੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ। ਜਹਾਜ਼ ਇੱਥੇ ਦੁਪਹਿਰ 1.55 ਵਜੇ ਉਤਰਿਆ। ਪਹਿਲਾਂ ਦੀਆਂ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਫੌਜੀ ਜਹਾਜ਼ ਸੀ-17 ਨੇ 205 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਉਡਾਣ ਭਰੀ ਸੀ। ਇਹ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਭਾਰਤੀ ਪ੍ਰਵਾਸੀਆਂ ਦਾ ਪਹਿਲਾ ਜੱਥਾ ਹੈ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਨੇ ਦੇਸ਼ ਨਿਕਾਲਾ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : Abhishek Sharma: ਅਭਿਸ਼ੇਕ ਨੇ ਰਚਿਆ ਇਤਿਹਾਸ, ਆਈਸੀਸੀ ਟੀ20 ਰੈਂਕਿੰਗ ’ਚ ਲਾਈ ਲੰਬੀ ਛਾਲ, ਜਾਣੋ ਕਿਹੜੇ ਖਿਡਾਰੀਆਂ ਨੂੰ…
ਇਨ੍ਹਾਂ ਸੂਬਿਆਂ ਦੇ ਰਹਿਣ ਵਾਲੇ ਹਨ ਅਮਰੀਕਾ ਤੋਂ ਆਏ ਲੋਕ | US Indians Deportation
ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਗੁਜਰਾਤ, ਪੰਜਾਬ ਤੇ ਹਰਿਆਣਾ ਦੇ ਹਨ। ਹੁਣ ਤੱਕ, ਇਹ ਪੁਸ਼ਟੀ ਹੋ ਚੁੱਕੀ ਹੈ ਕਿ ਇਸ ਜਹਾਜ਼ ’ਚ 104 ਭਾਰਤੀ ਸਵਾਰ ਸਨ। ਜਾਣਕਾਰੀ ਅਨੁਸਾਰ, ਜਹਾਜ਼ ਵਿੱਚ ਗੁਜਰਾਤ ਦੇ 33, ਪੰਜਾਬ ਦੇ 30, ਯੂਪੀ ਦੇ 3, ਹਰਿਆਣਾ ਦੇ 33, ਚੰਡੀਗੜ੍ਹ ਦੇ 2 ਤੇ ਮਹਾਰਾਸ਼ਟਰ ਦੇ 3 ਲੋਕ ਸਵਾਰ ਹਨ। ਪਿਛਲੇ ਮਹੀਨੇ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਤੋਂ ਬਹੁਤ ਸਾਰੇ ਲੋਕ ਲੱਖਾਂ ਰੁਪਏ ਖਰਚ ਕਰਕੇ ‘ਡੰਕੀ ਰੂਟ’ ਜਾਂ ਹੋਰ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਅਮਰੀਕਾ ਪਹੁੰਚੇ ਸਨ, ਪਰ ਹੁਣ ਉਨ੍ਹਾਂ ਨੂੰ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੁਰੱਖਿਆ ਪ੍ਰਬੰਧ ਕੀਤੇ ਸਖ਼ਤ | US Indians Deportation
ਜਹਾਜ਼ ਦੇ ਉਤਰਨ ਤੋਂ ਪਹਿਲਾਂ, ਅੰਮ੍ਰਿਤਸਰ ਪੁਲਿਸ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਵੀਏਸ਼ਨ ਕਲੱਬ ਵੱਲ ਜਾਣ ਵਾਲੀ ਸੜਕ ’ਤੇ ਬੈਰੀਕੇਡ ਲਗਾ ਦਿੱਤੇ ਸਨ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸਿਆ ਗਿਆ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨੂੰ ਪਹਿਲਾਂ ਏਵੀਏਸ਼ਨ ਕਲੱਬ ਲਿਆਂਦਾ ਜਾਵੇਗਾ ਜਿੱਥੇ ਉਨ੍ਹਾਂ ਦੇ ਪੂਰੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪੂਰੇ ਅਪਰਾਧਿਕ ਰਿਕਾਰਡ ਤੇ ਇਮੀਗ੍ਰੇਸ਼ਨ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।