Delhi Election 2025: ਨਵੀਂ ਦਿੱਲੀ (ਏਜੰਸੀ)। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਬੁੱਧਵਾਰ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ, ਰਾਹੁਲ ਗਾਂਧੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਆਪਣੀ ਵੋਟ ਪਾਈ ਹੈ। ਸਵੇਰੇ 9:00 ਵਜੇ ਤੱਕ 8.10 ਫੀਸਦੀ ਵੋਟਿੰਗ ਹੋਈ ਹੈ। ਦਿੱਲੀ ’ਚ 1.56 ਕਰੋੜ ਲੋਕ ਸ਼ਾਮ 6 ਵਜੇ ਤੱਕ ਵੋਟ ਪਾ ਸਕਣਗੇ। ਇਸ ਲਈ ਲਗਭਗ 13 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਇਹ ਖਬਰ ਵੀ ਪੜ੍ਹੋ : Abohar News: ਸੁਨੀਲ ਕੁਮਾਰ ਨੇ ਉੱਚੀਆਂ ਚੋਟੀਆਂ ’ਤੇ ਤਿਰੰਗਾ ਲਹਿਰਾ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ
ਲੋਕ ਸਭਾ ਚੋਣਾਂ ’ਚ ਇੰਡੀਆ ਬਲਾਕ ਦਾ ਹਿੱਸਾ ਰਹੀਆਂ ਪੰਜ ਪਾਰਟੀਆਂ ਦਿੱਲੀ ਚੋਣਾਂ ਵਿੱਚ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੀਆਂ ਹਨ। ਇਨ੍ਹਾਂ ’ਚੋਂ, ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਸਾਰੀਆਂ 70 ਸੀਟਾਂ ’ਤੇ ਆਹਮੋ-ਸਾਹਮਣੇ ਹਨ। ਇਸ ਦੇ ਨਾਲ ਹੀ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ 6 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਐਮ) ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਲੈਨਿਨਵਾਦੀ (ਸੀਪੀਆਈ-ਐਮਐਲ) ਨੇ 2-2 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਨੇ 68 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ।
ਗੱਠਜੋੜ ਪਾਰਟੀਆਂ ਨੂੰ 2 ਸੀਟਾਂ ਦਿੱਤੀਆਂ ਗਈਆਂ ਹਨ। ਇਸ ’ਚ, ਜਨਤਾ ਦਲ-ਯੂਨਾਈਟਿਡ (ਜੇਡੀਯੂ) ਨੇ ਬੁਰਾੜੀ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ ਤੇ ਲੋਕ ਜਨਸ਼ਕਤੀ ਪਾਰਟੀ- ਰਾਮ ਵਿਲਾਸ (ਐਲਜੇਪੀ-ਆਰ) ਨੇ ਦਿਓਲੀ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ। ਮਹਾਰਾਸ਼ਟਰ ’ਚ ਭਾਜਪਾ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) 30 ਸੀਟਾਂ ’ਤੇ ਚੋਣ ਲੜ ਰਹੀ ਹੈ। ਸ਼ਿਵ ਸੈਨਾ ਮੁਖੀ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਾਰੀਆਂ ਸੀਟਾਂ ’ਤੇ ਭਾਜਪਾ ਦਾ ਸਮਰਥਨ ਕੀਤਾ ਹੈ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ) 70 ਸੀਟਾਂ ’ਤੇ ਚੋਣ ਲੜ ਰਹੀ ਹੈ ਤੇ ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) 02 ਸੀਟਾਂ ’ਤੇ ਚੋਣ ਲੜ ਰਹੀ ਹੈ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।