ਨਵਾਂ ਘਰ ਬਚਾਓ ਮੰਚ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਲਗਾਏ ਦੋਸ਼ | Chandigarh News
Chandigarh News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਅਤੇ ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਕੈਬਨਿਟ ਮੰਤਰੀਆਂ ਦੀ ਉੱਚ-ਸ਼ਕਤੀ ਵਾਲੀ ਕਮੇਟੀ ਦੀ ਹੋਂਦ ਤੋਂ ਇਨਕਾਰ ਕਰਦੇ ਹੋਏ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਨੇ ਨਯਾਗਾਓਂ ਮਿਉਂਸਪਲ ਕਮੇਟੀ ਦੇ ਨਾਲ ਲੱਗਦੇ ਸੁਖਨਾ ਵਾਈਲਡ ਲਾਈਫ ਸੈਂਚੁਰੀ ਲਈ ਤਿੰਨ ਕਿਲੋਮੀਟਰ ਈਕੋ ਸੈਂਸਟਿਵ ਜ਼ੋਨ ਦੀ ਪੁਰਾਣੀ ਪ੍ਰਸਤਾਵਿਤ ਨੋਟੀਫਿਕੇਸ਼ਨ ਨੂੰ ਕੈਬਨਿਟ ਦੀ ਪ੍ਰਵਾਨਗੀ ਲਈ ਦੁਬਾਰਾ ਭੇਜਿਆ ਗਿਆ ਹੈ। ਇਹ ਦੋਸ਼ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਵਾਂ ਘਰ ਬਚਾਓ ਮੰਚ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਅੱਜ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਲਾਏ।
ਇਹ ਵੀ ਪੜ੍ਹੋ: RBI new bank call numbers: ਹੁਣ ਬੈਂਕ ਦੇ ਨਾਂਅ ’ਤੇ ਠੱਗੀ ਵੱਜਣੀ ਹੋਵੇਗੀ ਬੰਦ, ਹੁਣ ਸਿਰਫ਼ ਇਸ ਨੰਬਰ ਤੋਂ ਹੀ ਆਵੇਗਾ…
ਜੋਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਮੀਟਿੰਗ ਵਿੱਚ ਇਸ ਪ੍ਰਸਤਾਵਿਤ ਨੋਟੀਫਿਕੇਸ਼ਨ ਨੂੰ ਪ੍ਰਵਾਨਗੀ ਮਿਲਦੇ ਹੀ, ਮੋਹਾਲੀ ਜ਼ਿਲ੍ਹੇ ਦੇ ਨਯਾਗਾਓਂ ਨਗਰ ਕੌਂਸਲ ਅਧੀਨ ਪੈਂਦੇ ਨਯਾਗਾਓਂ, ਕਾਂਸਲ, ਕਰੋਰਾਂ ਅਤੇ ਨਾਡਾ ਵਿੱਚ ਰਹਿਣ ਵਾਲੇ ਗਰੀਬ ਅਤੇ ਹੇਠਲੇ ਮੱਧ ਵਰਗ ਦੀ 2 ਲੱਖ ਆਬਾਦੀ ਉੱਤੇ ਮੁਸੀਬਤਾਂ ਦਾ ਪਹਾੜ ਡਿੱਗ ਪਵੇਗਾ। ਉੱਥੇ ਕਾਨੂੰਨ ਅਨੁਸਾਰ ਬਣਾਏ ਗਏ ਘਰਾਂ, ਦੁਕਾਨਾਂ, ਹਸਪਤਾਲਾਂ, ਧਾਰਮਿਕ ਸਥਾਨਾਂ, ਹੋਟਲਾਂ ਆਦਿ ਨੂੰ ਢਾਹੁਣ ਦੀ ਸਥਿਤੀ ਹੋ ਸਕਦੀ ਹੈ।
ਪੰਜਾਬ ਜੰਗਲਾਤ ਵਿਭਾਗ ਨੇ ਈਐਸਜ਼ੈਡ ’ਤੇ ਤਿੰਨ ਮੰਤਰੀਆਂ ਦੀ ਕਮੇਟੀ ਦੀ ਹੋਂਦ ਤੋਂ ਇਨਕਾਰ ਕੀਤਾ ਅਤੇ ਪੁਰਾਣਾ ਪ੍ਰਸਤਾਵ ਦੁਬਾਰਾ ਭੇਜਿਆ
ਇਸ ਅਣਦੇਖੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਜੋਸ਼ੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਪੰਜਾਬ ਸਰਕਾਰ ਨੂੰ ਨਯਾਗਾਓਂ ਵਾਸੀਆਂ ਦੇ ਇਤਰਾਜ਼ਾਂ ਨੂੰ ਸੁਣਨ ਅਤੇ ਉਨਾਂ ’ਤੇ ਕਾਰਵਾਈ ਕਰਕੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ, ਪੰਜਾਬ ਸਰਕਾਰ ਦੁਆਰਾ ਗਠਿਤ ਤਿੰਨ ਕੈਬਨਿਟ ਮੰਤਰੀਆਂ ਦੀ ਇੱਕ ਉੱਚ-ਪੱਧਰੀ ਕਮੇਟੀ ਨੇ 4 ਦਸੰਬਰ 2024 ਨੂੰ ਨਯਾਗਾਓਂ ਖੇਤਰ ਦੇ ਵਸਨੀਕਾਂ, ਕੌਂਸਲਰਾਂ, ਸੰਸਥਾਵਾਂ ਆਦਿ ਨੂੰ ਸੁਣਿਆ ਅਤੇ ਲਿਖਤੀ ਰੂਪ ਵਿੱਚ 100 ਤੋਂ ਵੱਧ ਇਤਰਾਜ਼ ਲਏ, ਪਰ ਉਸ ਤੋਂ ਬਾਅਦ ਕਾਨੂੰਨ ਅਨੁਸਾਰ ਉਨਾਂ ’ਤੇ ਫੈਸਲਾ ਲੈਣ ਲਈ ਉੱਚ-ਪੱਧਰੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਕੀਤੀ ਗਈ, ਜੋ ਕਿ ਸਪੱਸ਼ਟ ਤੌਰ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ।
ਜੋਸ਼ੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੁਆਰਾ ਗਠਿਤ ਤਿੰਨ ਕੈਬਨਿਟ ਮੰਤਰੀਆਂ ਦੀ ਉੱਚ-ਪੱਧਰੀ ਕਮੇਟੀ ਵੱਲੋਂ ਜਨਤਕ ਸੁਣਵਾਈ ਦੌਰਾਨ ਲਿਖਤੀ ਰੂਪ ਵਿੱਚ ਪ੍ਰਾਪਤ ਹੋਏ 100 ਤੋਂ ਵੱਧ ਇਤਰਾਜ਼ਾਂ ’ਤੇ ਕਾਨੂੰਨ ਅਨੁਸਾਰ ਫੈਸਲਾ ਲੈਣ ਲਈ ਤਿੰਨਾਂ ਵਿਭਾਗਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀ ਇੱਕ ਸਾਂਝੀ ਮੀਟਿੰਗ ਤੁਰੰਤ ਬੁਲਾਈ ਜਾਵੇ। ਜੋਸ਼ੀ ਦੇ ਨਾਲ ਸਮਾਜ ਸੇਵੀ ਤੇ ਸਾਬਕਾ ਕੌਂਸਲਰ ਦੀਪ ਢਿੱਲੋਂ, ਭਾਜਪਾ ਮੁਹਾਲੀ ਦੇ ਜ਼ਿਲਾ ਸਕੱਤਰ ਭੁਪਿੰਦਰ ਭੂਪੀ, ਬ੍ਰਹਮਕੁਮਾਰੀ ਸੰਸਥਾ ਦੇ ਪ੍ਰਧਾਨ ਪ੍ਰਧਾਨ ਗਿਆਨ ਚੰਦ ਭੰਡਾਰੀ, ਮਿਥਲਾਂਚਲ ਗਊ ਸੇਵਾ ਪ੍ਰਧਾਨ ਨਵਾਂਗਾਓਂ ਸੁਸ਼ੀਲ ਰੋਹੀਲਾ ਸਮੇਤ ਕਈ ਆਗੂ ਸ਼ਾਮਿਲ ਸਨ । Chandigarh News