ਫ਼ਰਿਸ਼ਤੇ ਯੋਜਨਾ ਦੁਰਘਟਨਾ ਪੀੜਤਾਂ ਲਈ ਵਰਦਾਨ : ਸਿਵਲ ਸਰਜਨ
Farishte Scheme: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਮੁੱਖ ਮੰਤਰੀ ਪੰਜਾਬ ਅਤੇ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਜਖ਼ਮੀ ਮਰੀਜ਼ਾਂ ਨੂੰ ਫਰਿਸ਼ਤੇ ਸਕੀਮ ਤਹਿਤ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਯੋਜਨਾਂ ਤਹਿਤ ਸਰਕਾਰ ਵੱਲੋਂ ਸੜਕੀ ਹਾਦਸਿਆਂ ਦੌਰਾਨ ‘ਗੋਲਡਨ ਆਵਰ’ ਸਮੇਂ ਹਾਦਸਾ ਪੀੜਤਾਂ ਦਾ ਨੇੜਲੇ ਸਰਕਾਰੀ ਹਸਪਤਾਲਾਂ ਸਮੇਤ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: Punjab Government: SSF ਜਵਾਨਾਂ ਦੇ ਪਰਿਵਾਰ ਨੂੰ ਮਿਲਣਗੇ 2 ਕਰੋੜ ਰੁਪਏ, ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ
‘ਗੋਲਡਨ ਆਵਰ’ ਸੜਕ ਦੁਰਘਟਨਾ ਤੋਂ ਬਾਅਦ ਪਹਿਲਾਂ ਮਹੱਤਵਪੂਰਨ ਘੰਟਾ ਹੁੰਦਾ ਹੈ ਜਿਸ ਦੌਰਾਨ ਜੇਕਰ ਕਿਸੇ ਗੰਭੀਰ ਜ਼ਖਮੀ ਵਿਅਕਤੀ ਨੂੰ ਡਾਕਟਰੀ ਇਲਾਜ ਮਿਲ ਜਾਵੇ ਤਾਂ ਉਸ ਦੀ ਜਾਨ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ 6 ਸਰਕਾਰੀ ਹਸਪਤਾਲਾਂ ਤੋਂ ਇਲਾਵਾ 8 ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ‘ਚ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।
ਡਾ. ਗੁਰਮੇਜ਼ ਰਾਮ, ਡਿਪਟੀ ਮੈਡੀਕਲ ਕਮਿਸ਼ਨਰ ਫਿਰੋਜ਼ਪੁਰ ਨੇ ਦੱਸਿਆ ਕਿ ਸੜਕ ਹਾਦਸੇ ਦੇ ਇਲਾਜ ਲਈ ਹਸਪਤਾਲ ਵਿੱਚ ਲਿਜਾਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ ਫ਼ਰਿਸ਼ਤੇ ਦੇ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਹੱਸਪਤਾਲ ਲਿਜਾਣ ਵਾਲੇ ਵਿਅਕਤੀ ਤੋਂ ਪੁਲਿਸ ਵੱਲੋਂ ਉਦੋਂ ਤੱਕ ਕਿਸੇ ਕਿਸਮ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਆਇਆ ਵਿਅਕਤੀ ਖੁਦ ਚਸ਼ਮਦੀਦ ਗਵਾਹ ਬਣਨ ਦੀ ਇੱਛਾ ਨਾ ਰੱਖਦਾ ਹੋਵੇ। ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਫਰਿਸ਼ਤੇ ਸਰਟੀਫਿਕੇਟ ਅਤੇ ਦੋ ਹਜ਼ਾਰ ਰੁਪਏ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦੋ ਫਰਿਸ਼ਤੇ ਸਨਮਾਨਿਤ | Farishte Scheme
ਸੰਜੀਵ ਸ਼ਰਮਾ ਜ਼ਿਲ੍ਹਾ ਮਾਸ ਮੀਡੀਆ ਅਫਸਰ, ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦੋ ਫਰਿਸਤਿਆਂ ਗੁਰਨੈਬ ਸਿੰਘ ਪੁੱਤਰ ਸ੍ਰੀ ਦਰਸ਼ਨ ਸਿੰਘ ਵਾਸੀ ਖਲਚੀਆਂ ਕਦੀਮ ਅਤੇ ਸੁਖਚੈਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਯਾਰੇ ਸ਼ਾਹ ਵਾਲਾ ਵਲੋਂ ਸੜਕ ਦੁਰਘਟਨਾ ਦੌਰਾਨ ਮਰੀਜਾਂ ਨੂੰ ਚੁੱਕ ਕੇ ਨੇੜੇ ਦੇ ਹਸਪਤਾਲਾਂ ਵਿੱਚ ਭਰਤੀ ਕਰਵਾ ਕੇ ਕੀਮਤੀ ਜਾਨਾ ਬਚਾਈਆਂ ਗਈਆਂ। ਅਜਾਦੀ ਦਿਵਸ ਸਮਾਰੋਹ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਇੰਨ੍ਹਾਂ ਦੋਵਾਂ ਫਰਿਸ਼ਤਿਆਂ ਨੂੰ ਪ੍ਰਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਫ਼ਰਿਸ਼ਤੇ ਸਕੀਮ ਅਧੀਨ ਪੰਜਾਬ ਦੇ ਸਮੂਹ ਇੰਪੈਨਲਡ ਹਸਪਤਾਲਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ sha.punjab.gov.in ‘ਤੇ ਉਪਲੱਬਧ ਹੈ। ਦੁਰਘਟਨਾ ਸਮੇਂ ਰਾਜ ਮਾਰਗਾਂ ‘ਤੇ ਜਲਦੀ ਡਾਕਟਰੀ ਇਲਾਜ ਦੇਣ ਲਈ ਨੇੜੇ ਦੇ ਹਸਪਤਾਲਾਂ ਨੂੰ ਰਜਿਸਟਰ ਕੀਤਾ ਗਿਆ ਹੈ ਤਾਂ ਕਿ ਦੁਰਘਟਨਾ ਦੇ ਸ਼ਿਕਾਰ ਵਿਆਕਤੀ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਫਿਰੋਜਪਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਹੇਠ ਡਿਪਟੀ ਮੈਡੀਕਲ ਕਮਿਸ਼ਨਰ ਗੁਰਮੇਜ਼ ਰਾਮ ਗੁਰਾਇਆ ਅਤੇ ਆਯੂਸ਼ਮਾਨ ਭਾਰਤ ਦੀ ਟੀਮ ਰਵਿੰਦਰ ਕੁਮਾਰ ਜਿਲ੍ਹਾ ਕੋਆਰਡੀਨੇਟਰ, ਗੁਰਪ੍ਰੀਤ ਕੌਰ ਮੈਡੀਕਲ ਅਫਸਰ, ਜਤਿੰਦਰ ਸਿੰਘ ਸਿਕਾਇਤ ਅਫਸਰ ਫਿਰੋਜਪੁਰ ਵੱਲੋਂ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਸੜਕ ਦੁਰਘਟਨਾਵਾਂ ਵਾਲੇ ਮਰੀਜਾਂ ਅਤੇ ਆਮ ਜਨਤਾ ਨੂੰ ਸਕੀਮ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ ।