Government: ਦੁਨੀਆ ਭਰ ਦੇ ਰਾਸ਼ਟਰਮੁਖੀਆਂ, ਅਰਥ ਸ਼ਾਸਤਰੀਆਂ, ਸਫੀਰਾਂ ਤੇ ਬੁੱਧੀਜੀਵੀਆਂ ਵੱਲੋਂ ਡਾ. ਮਨਮੋਹਨ ਸਿੰਘ ਦੀ ਮੌਤ ’ਤੇ ਦੁੱਖ ਭਰੇ ਸੰਦੇਸ਼ ਅਜੇ ਆਉਣੇ ਲਗਾਤਾਰ ਜਾਰੀ ਹਨ ਪਰ ਦੇਸ਼ ਅੰਦਰ ਜੋ ਸਿਆਸੀ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਹੋ ਰਹੀ ਹੈ ਉਹ ਕਾਫ਼ੀ ਨਮੋਸ਼ੀ ਭਰੀ ਹੈ। ਸਿਆਸਤ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਦੇਸ਼ ਦੇ ਏਨੇ ਵੱਡੇ ਤੇ ਕਾਬਲ ਆਗੂ ਦੀ ਮੌਤ ’ਤੇ ਸਿਆਸਤ ਹੋਣੀ ਬੇਹਦ ਮੰਦਭਾਗੀ ਹੈ। ਇਹ ਰੁਝਾਨ ਮਾੜੀ ਮਿਸਾਲ ਹੀ ਬਣ ਗਿਆ ਹੈ। ਮਨਮੋਹਨ ਸਿੰਘ 140 ਕਰੋੜ ਭਾਰਤੀਆਂ ਦੇ ਆਗੂ ਸਨ ਜਿਨ੍ਹਾਂ ਦੇਸ਼ ਅੰਦਰ ਆਪਣੀ ਅਜਿਹੀ ਸਾਖ ਬਣਾਈ ਹੈ ਕਿ ਉਹ ਗੈਰ-ਵਿਵਾਦਿਤ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਗਏ।
Read Also : Punjab Pollution: 55 ਕਿਲੋ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ, ਦੁਕਾਨਦਾਰਾਂ ਦੇ ਕੱਟੇ ਚਾਲਾਨ
ਸਿਆਸੀ ਵਿਵਾਦ ਯਾਦਗਾਰ ਸਬੰਧੀ ਜ਼ਮੀਨ ਤੋਂ ਹੋਇਆ ਹੈ। ਕਾਂਗਰਸ ਕਹਿ ਰਹੀ ਹੈ ਕਿ ਯਾਦਗਾਰ ਲਈ ਥਾਂ ਨਹੀਂ ਦਿੱਤੀ ਗਈ, ਭਾਜਪਾ ਕਾਂਗਰਸ ’ਤੇ ਪਹਿਲੇ ਪ੍ਰਧਾਨ ਮੰਤਰੀਆਂ ਦੇ ਨਿਰਾਦਰ ਦੇ ਦੋਸ਼ ਲਾ ਰਹੀ ਹੈ। ਅਸਲ ’ਚ ਇਹਨਾਂ ਗੱਲਾ ਦਾ ਸਹੀ ਸਮਾਂ ਨਹੀਂ ਸੀ। ਉਂਜ ਇਹ ਤਾਂ ਸੱਚ ਹੀ ਹੈ ਕਿ ਜਨਤਾ ਦੇ ਮਹਿਬੂਬ ਆਗੂ ਸਿਰਫ਼ ਇਮਾਰਤਾਂ ਨਾਲ ਹੀ ਯਾਦ ਹੀ ਨਹੀਂ ਰਹਿੰਦੇ ਸਗੋਂ ਉਹ ਲੋਕਾਂ ਦੇ ਦਿਲਾਂ ’ਚ ਵਸੇ ਹੁੰਦੇ ਹਨ। ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਸਮੇਤ ਅਣਗਿਣਤ ਦੇਸ਼ ਭਗਤ ਹਨ ਜਿਨ੍ਹਾਂ ਦੀ ਦਿੱਲੀ ’ਚ ਯਾਦਗਾਰ ਨਹੀਂ ਪਰ ਉਨ੍ਹਾਂ ਦੀ ਯਾਦਗਾਰ ਹਰ ਭਾਰਤੀ ਦੇ ਦਿਲੋ-ਦਿਮਾਗ ’ਚ ਹੈ।
Government
ਗਮਗੀਨ ਮਾਹੌਲ ’ਚ ਸਮਾਂ ਵਿਚਾਰਨ ਦੀ ਲੋੜ ਭਾਰਤੀ ਸਮਾਜ ਦੀ ਖਾਸੀਅਤ ਰਹੀ ਹੈ। ਇਨਸਾਨੀਅਤ ਦੀ ਭਾਵਨਾ ਰਾਜਨੀਤੀ ਉੱਚੀ ਹੀ ਰੱਖੀ ਜਾਣੀ ਚਾਹੀਦੀ ਸੀ। ਸ਼ਹੀਦ ਭਗਤ ਸਿੰਘ ਭਾਰਤੀਆਂ ਤਾਂ ਕੀ ਪਾਕਿਸਾਤਨੀਆਂ ਦੇ ਦਿਲ ’ਚ ਵੀ ਜਿਉਂਦਾ ਹੈ। ਉਸ ਦੇ ਬੰਗੇ (ਪਿੰਡ) ਦੀ ਸੰਭਾਲ ਤਾਂ ਉਥੇ ਵੀ ਹੋ ਰਹੀ ਹੈ ਅਤੇ ਲਾਹੌਰ ’ਚ ਸਾਦਮਾਨ ਚੌਂਕ ਦਾ ਨਾਂਅ, ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਣ ਦੀ ਮੰਗ ਅੱਜ ਵੀ ਕਾਇਮ ਹੈ। ਸਿਆਸੀ ਆਗੂਆਂ ਨੂੰ ਸੰਜਮ, ਲੰਮੀ ਸੋਚ ਤੇ ਨਿਹਸਵਾਰਥ ਭਾਵਨਾ ਦਾ ਪੱਲਾ ਫੜਨਾ ਚਾਹੀਦਾ ਹੈ। ਅਸਲੀ ਗੱਲ ਤਾਂ ਇਹ ਹੈ ਕਿ ਹੁਣ ਜ਼ਰੂਰਤ ਹੈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਡਾ. ਮਨਮੋਹਨ ਸਿੰਘ ਦੇ ਸਿਧਾਤਾਂ, ਨੀਤੀਆਂ ਤੇ ਉਹਨਾਂ ਦੇ ਯੋਗਦਾਨ ਤੋਂ ਪ੍ਰੇਰਨਾ ਲੈ ਕੇ ਦੇਸ਼ ਲਈ ਇਕਜੁਟ ਹੋ ਕੇ ਸਭ ਨੂੰ ਕੰਮ ਕਰਨਾ ਚਾਹੀਦਾ ਹੈ।