Municipal Council Sangrur: ਸੰਗਰੂਰ ਨਗਰ ਕੌਂਸਲ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਕਾਂਗਰਸ

Municipal Council Sangrur
Municipal Council Sangrur: ਸੰਗਰੂਰ ਨਗਰ ਕੌਂਸਲ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਕਾਂਗਰਸ

Municipal Council Sangrur: ਕਾਂਗਰਸ ਨੂੰ 13 ਹਜ਼ਾਰ ਤੋਂ ਵੱਧ, ਆਪ ਨੂੰ 11 ਹਜ਼ਾਰ ਤੇ ਅਕਾਲੀ-ਭਾਜਪਾ ਨੂੰ 9262 ਵੋਟਾਂ ਮਿਲੀਆਂ

Municipal Council Sangrur: ਸੰਗਰੂਰ (ਗੁਰਪ੍ਰੀਤ ਸਿੰਘ)। 21 ਦਸੰਬਰ ਨੂੰ ਨੇਪਰੇ ਚੜ੍ਹੀਆਂ ਨਗਰ ਕੌਂਸਲ ਸੰਗਰੂਰ ਦੀਆਂ ਚੋਣਾਂ ’ਚ ਬਦਲਵੀਂ ਰਾਜਨੀਤੀ ਦੌਰਾਨ ਕਈ ਤੱਥ ਉੱਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਦਿਆਂ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਗੁਆਇਆ ਵੱਕਾਰ ਮੁੜ ਤੋਂ ਹਾਸਲ ਕਰ ਲਿਆ ਹੈ। ਕਾਂਗਰਸ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਦੇ ਨਾਲ ਸਭ ਤੋਂ ਜ਼ਿਆਦਾ ਮੈਂਬਰ ਜਿਤਾਉਣ ਵਾਲੀ ਪਾਰਟੀ ਬਣ ਗਈ ਹੈ। ਦੂਜਾ ਅਕਾਲੀ ਦਲ ਤੇ ਭਾਜਪਾ ਵੱਲੋਂ ਮਿਲ ਕੇ ਲੜੀ ਇਸ ਚੋਣ ਵਿੱਚ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸੰਗਰੂਰ ਦੀਆਂ ਇਸ ਸ਼ਹਿਰੀ ਚੋਣਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਾਫ਼ੀ ਨਮੋਸ਼ੀ ਝੱਲਣੀ ਪਈ।

Read Also : Haryana Punjab Highway Project: ਪੰਜਾਬ-ਹਰਿਆਣਾ ਨੂੰ ਜੋੜਨ ਲਈ ਮਨਜ਼ੂਰ ਹੋਏ ਤਿੰਨ ਹਾਈਵੇਅ

ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਨੇ ਸੰਗਰੂਰ ਦੇ ਸਾਰੇ 29 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿੱਚੋਂ 9 ਨਗਰ ਕੌਂਸਲਰ ਜੇਤੂ ਰਹੇ। ਕਾਂਗਰਸ ਦੇ ਜੇਤੂ ਰਹਿਣ ਵਾਲਿਆਂ ਵਿੱਚ ਵਾਰਡ ਨੰਬਰ 14 ਤੋਂ ਮਨੋਜ ਕੁਮਾਰ ਮਨੀ ਕਥੂਰੀਆ, ਨੱਥੂ ਲਾਲ ਢੀਂਗਰਾ, ਬਲਵੀਰ ਕੌਰ ਸੈਣੀ, ਸੁਰਿੰਦਰ ਸਿੰਘ ਭਿੰਡਰ, ਭੁਪਿੰਦਰ ਸਿੰਘ, ਹਨੀ ਗਾਬਾ, ਜੋਤੀ ਗਾਬਾ, ਦੀਪਕ ਗੋਇਲ ਆਦਿ ਦੇ ਨਾਂਅ ਸ਼ਾਮਲ ਹਨ। ਕਾਂਗਰਸ ਲਈ ਸਭ ਤੋਂ ਦਿਲਚਸਪ ਮੁਕਾਬਲਾ ਵਾਰਡ ਨੰਬਰ 8 ਵਿੱਚ ਰਿਹਾ ਜਿੱਥੇ ਕਾਂਗਰਸ ਦੇ ਹਨੀ ਗਾਬਾ ਤੇ ਭਾਜਪਾ ਦੇ ਮੋਤੀ ਲਾਲ ਮਨਚੰਦਾ ਵਿਚਾਲੇ ਵੋਟਾਂ ਬਰਾਬਰ ਰਹਿ ਗਈਆਂ ਅਤੇ ਇਸ ਤੋਂ ਬਾਅਦ ਟਾਸ ਕਰਵਾ ਕੇ ਕਾਂਗਰਸੀ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਕਾਂਗਰਸ ਨੂੰ ਸਾਰੇ ਵਾਰਡਾਂ ਵਿੱਚੋਂ 13,384 ਵੋਟਾਂ ਹਾਸਲ ਹੋਈਆਂ ਅਤੇ ਉਹ ਸੰਗਰੂਰ ਦੀ ਅੱਵਲ ਪਾਰਟੀ ਬਣੀ।

Municipal Council Sangrur

ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਪ ਵੱਲੋਂ ਵੀ ਸੰਗਰੂਰ ਦੇ ਸਾਰੇ ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਗਏ ਗਏ ਸਨ। ਇਨ੍ਹਾਂ 29 ਵਾਰਡਾਂ ਵਿੱਚੋਂ ਆਪ ਦੇ 7 ਉਮੀਦਵਾਰ ਹੀ ਜਿੱਤਣ ਵਿੱਚ ਕਾਮਯਾਬ ਹੋਏ। ਆਪ ਦੇ ਜਿੱਤਣ ਵਾਲਿਆਂ ਵਿੱਚ ਕੋਮਲ ਰਾਣੀ, ਹਰਮਨਦੀਪ ਸਿੰਘ, ਭੁਪਿੰਦਰ ਸਿੰਘ ਆਦਿ ਦੇ ਨਾਂਅ ਸ਼ਾਮਲ ਹਨ। ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਸਮੁੱਚੇ ਵਾਰਡਾਂ ਵਿੱਚੋਂ 11,552 ਵੋਟਾਂ ਹਾਸਲ ਕੀਤੀਆਂ ਅਤੇ ਉਹ ਕਾਂਗਰਸ ਤੋਂ ਬਾਅਦ ਸ਼ਹਿਰ ਦੀ ਦੂਜੇ ਸਥਾਨ ’ਤੇ ਰਹਿਣ ਵਾਲੀ ਪਾਰਟੀ ਬਣੀ।

ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਾਫ਼ੀ ਅਰਸੇ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਅਕਾਲੀ ਭਾਜਪਾ ਵੱਲੋਂ ਇੱਕ ਗਠਜੋੜ ਦੇ ਰੂਪ ਵਿੱਚ ਚੋਣ ਲੜੀ ਗਈ ਪਰ ਫਰਕ ਸਿਰਫ਼ ਇਹ ਰਿਹਾ ਕਿ ਪਹਿਲਾਂ ਵੱਡੇ ਭਾਈ ਦੀ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਭਾਈ ਜਾਂਦੀ ਸੀ ਪਰ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਵੱਡੇ ਦੀ ਭੂਮਿਕਾ ਨਿਭਾਈ ਅਤੇ ਸ਼ਹਿਰ ਦੇ ਕੁੱਲ 29 ਵਾਰਡਾਂ ਵਿੱਚੋਂ 19 ਵਾਰਡਾਂ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ। ਭਾਜਪਾ ਨੂੰ ਇਨ੍ਹਾਂ ਵਿੱਚੋਂ ਤਿੰਨ ਵਾਰਡਾਂ ’ਚ ਜਿੱਤ ਹਾਸਲ ਹੋਈ। 11 ਨੰਬਰ ਵਾਰਡ ਦੇ ਭਾਜਪਾ ਦੇ ਉਮੀਦਵਾਰ ਆਸ਼ਾ ਰਾਣੀ ਨੇ 338 ਵੋਟਾਂ ਹਾਸਲ ਕਰਕੇ ਧੜੱਲੇਦਾਰ ਜਿੱਤ ਹਾਸਲ ਕੀਤੀ।

Municipal Council Sangrur

ਇਸ ਵਾਰਡ ਵਿੱਚ ਕਾਫ਼ੀ ਗਹਿਗੱਚ ਮੁਕਾਬਲਾ ਵੇਖਣ ਨੂੰ ਮਿਲਿਆ। ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਇਸ ਵਾਰਡ ਵਿੱਚ ਪੂਰੇ ਲਾਮ ਲਸ਼ਕਰ ਨਾਲ ਉੱਤਰੇ ਪਰ ਜਿੱਤ ਭਾਜਪਾ ਉਮੀਦਵਾਰ ਆਸ਼ਾ ਰਾਣੀ ਨੂੰ ਹਾਸਲ ਹੋਈ। ਇਸ ਤੋਂ ਇਲਾਵਾ ਵਾਰਡ ਨੰਬਰ 13 ਵਿੱਚ ਭਾਜਪਾ ਦੀ ਬਬੀਤਾ ਅਗਰਵਾਲ ਜੇਤੂ ਰਹੀ। ਇਸ ਤੋਂ ਇਲਾਵਾ ਵਾਰਡ ਨੰਬਰ 17 ਤੋਂ ਭਾਜਪਾ ਦੀ ਉਮੀਦਵਾਰ ਰਿਤੂ ਕੰਡਾ 842 ਵੋਟਾਂ ਹਾਸਲ ਕਰਕੇ ਧੜੱਲੇਦਾਰ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੇ। ਭਾਜਪਾ ਵੱਲੋਂ ਸਮੁੱਚੇ 19 ਵਾਰਡਾਂ ਵਿੱਚ 5673 ਵੋਟਾਂ ਹਾਸਲ ਕੀਤੀਆਂ।

ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੱਲੋਂ ਮਹਿਜ 10 ਵਾਰਡਾਂ ਵਿੱਚ ਹੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਵਾਰਡ ਨੰਬਰ 29 ਵਿੱਚ ਸਿਮਰਤ ਰਾਣਾ ਪੂਨੀਆ, ਵਾਰਡ ਨੰਬਰ 27 ਵਿਚ ਜਸਵੀਰ ਕੌਰ ਅਤੇ ਵਾਰਡ ਨੰਬਰ 16 ਵਿੱਚ ਵਿਜੈ ਲੰਕੇਸ਼ ਜੇਤੂ ਰਹੇ। ਬਾਕੀ ਵਾਰਡਾਂ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਦੇ ਉਮੀਦਵਾਰਾਂ ਨੇ ਭਾਵੇਂ ਆਜ਼ਾਦ ਤੌਰ ’ਤੇ ਚੋਣ ਲੜੀ ਸੀ ਪਰ ਅਕਾਲੀ ਦਲ ਵੱਲੋਂ ਦਾਅਵਾ ਕੀਤਾ ਹੈ ਕਿ ਇਹ ਉਮੀਦਵਾਰ ਉਨ੍ਹਾਂ ਦੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹਿਰ ਵਿੱਚੋਂ 3589 ਵੋਟਾਂ ਹੀ ਹਾਸਲ ਹੋਈਆਂ। ਇਸ ਕਾਰਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਮਿਲਾ ਕੇ ਹਾਸਲ ਹੋਈਆਂ ਵੋਟਾਂ ਦਾ ਅੰਕੜਾ 9262 ਹੈ।

LEAVE A REPLY

Please enter your comment!
Please enter your name here