Punjab Roadways News: ਨਹੀਂ ਕੀਤਾ ਕੋਈ ਨੋਟੀਫਿਕੇਸ਼ਨ ਜਾਰੀ, ਕੰਡਕਟਰਾਂ ਤੇ ਸਵਾਰੀਆਂ ’ਚ ਹੋ ਰਹੀ ਹੈ ਬਹਿਸਬਾਜ਼ੀ
Punjab Roadways News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਨੇ ਬੱਸਾਂ ਦੇ ਕਿਰਾਏ ’ਚ ਚੁੱਪ-ਚੁਪੀਤੇ ਮੋਟਾ ਵਾਧਾ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਅਜੇ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ’ਚ 23 ਪੈਸੇ ਦਾ ਵਾਧਾ ਕੀਤਾ ਗਿਆ ਸੀ। ਵੱਡੀ ਗੱਲ ਹੈ ਕਿ ਪੀਆਰਟੀਸੀ ਵੱਲੋਂ ਇਸ ਕਿਰਾਏ ਦੇ ਵਾਧੇ ਦਾ ਕੋਈ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਗਿਆ। ਬੱਸ ਕਿਰਾਏ ਵਿੱਚ ਭਾਰੀ ਵਾਧੇ ਕਾਰਨ ਕੰਡਕਟਰਾਂ ਅਤੇ ਸਵਾਰੀਆਂ ’ਚ ਆਪਸੀ ਬਹਿਸਬਾਜ਼ੀ ਹੋ ਰਹੀ ਹੈ।
ਅਜੇ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਕੀਤਾ ਸੀ ਕਿਰਾਏ ਵਿੱਚ ਵਾਧਾ, ਲੋਕਾਂ ’ਚ ਰੋਸ | Punjab Roadways News
ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦਾ ਨਵਾਂ ਬੱਸ ਸਟੈਂਡ ਦੂਰ ਜਾਣ ਕਰਕੇ ਕਿਲੋਮੀਟਰ ਵਧ ਗਏ ਹਨ, ਜਿਸ ਕਰਕੇ ਪੀਆਰਟੀਸੀ ਵੱਲੋਂ ਕਿਰਾਏ ’ਚ ਵਾਧਾ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪੀਆਰਟੀਸੀ ਵੱਲੋਂ ਬੱਸ ਕਿਰਾਏ ’ਚ 15 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਪਟਿਆਲਾ ਤੋਂ ਸੰਗਰੂਰ, ਬਠਿੰਡਾ, ਪਟਿਆਲਾ ਤੋਂ ਸੁਨਾਮ, ਮਾਨਸਾ, ਪਟਿਆਲਾ ਤੋਂ ਨਾਭਾ ,ਮਲੇਰਕੋਟਲਾ , ਪਟਿਆਲਾ ਤੋਂ ਸਮਾਣਾ ਪਾਤੜਾਂ ,ਪਟਿਆਲਾ ਤੋਂ ਅਮਲੋਹ, ਭਾਦਸੋਂ, ਖੰਨਾ, ਪਟਿਆਲਾ ਤੋਂ ਲੁਧਿਆਣਾ ,ਜਲੰਧਰ ਆਦਿ ਥਾਵਾਂ ’ਤੇ ਕਿਰਾਏ ਵਿੱਚ ਵੱਡਾ ਵਾਧਾ ਹੋਇਆ ਹੈ।
Read Also : Fake Police Encounter: ਐੱਸਐੱਚਓ ਸਣੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ
ਕੁਝ ਮਹੀਨੇ ਪਹਿਲਾਂ ਵਧੇ ਕਿਰਾਏ ਕਾਰਨ ਪਟਿਆਲਾ ਤੋਂ ਭਵਾਨੀਗੜ੍ਹ ਦੇ ਕਿਰਾਏ ’ਚ ਪੰਜ ਰੁਪਏ ਦਾ ਵਾਧਾ ਹੋਇਆ ਸੀ ਅਤੇ 55 ਰੁਪਏ ਕਿਰਾਇਆ ਲੱਗ ਰਿਹਾ ਸੀ, ਪਰ ਹੁਣ ਵਧੇ ਕਿਰਾਏ ਕਾਰਨ ਪਟਿਆਲਾ ਤੋਂ ਭਵਾਨੀਗੜ੍ਹ ਤੱਕ 15 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਪਟਿਆਲਾ ਤੋਂ ਭਵਾਨੀਗੜ੍ਹ ਦੇ ਹੁਣ 70 ਰੁਪਏ ਹੋ ਚੁੱਕੇ ਹਨ। ਪਟਿਆਲਾ ਦੇ ਸਮਾਣਾ ਤੋਂ 50 ਰੁਪਏ ਦੀ ਥਾਂ ਹੁਣ 10 ਰੁਪਏ ਵੱਧ ਕੇ 60 ਰੁਪਏ ਹੋ ਗਏ ਹਨ। ਇਸੇ ਤਰ੍ਹਾਂ ਹੀ ਪਟਿਆਲਾ ਤੋਂ ਨਾਭਾ ਦੇ 40 ਰੁਪਏ ਦੀ ਥਾਂ 55 ਰੁਪਏ ਕਿਰਾਇਆ ਹੋ ਗਿਆ ਹੈ ਅਤੇ ਇੱਥੇ 15 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।
Punjab Roadways News
ਇਸੇ ਤਰ੍ਹਾਂ ਹੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਆਦਿ ਥਾਵਾਂ ’ਤੇ ਵੀ ਕਰਾਏ ਵਿੱਚ ਵਾਧਾ ਕੀਤਾ ਗਿਆ ਹੈ। ਇੱਧਰ ਆਮ ਲੋਕਾਂ ਵੱਲੋਂ ਵਧੇ ਕਿਰਾਏ ’ਤੇ ਰੋਸ ਪ੍ਰਗਟਾਇਆ ਗਿਆ ਹੈ। ਰੋਜ਼ਾਨਾ ਸੰਗਰੂਰ ਤੋਂ ਪਟਿਆਲਾ ਜਾ ਰਹੇ ਪ੍ਰਦੀਪ ਕੁਮਾਰ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ’ਤੇ ਹਰ ਮਹੀਨੇ ਹੁਣ 900 ਰੁਪਏ ਦਾ ਬੋਝ ਹੋਰ ਵਧ ਗਿਆ ਹੈ। ਉਸ ਨੇ ਕਿਹਾ ਕਿ ਪਹਿਲਾਂ ਪੰਜ ਚਾਰ ਰੁਪਏ ਹੀ ਕਿਰਾਏ ਵਿੱਚ ਵਾਧਾ ਹੁੰਦਾ ਸੀ ਪਰ ਪੀਆਰਟੀਸੀ ਵੱਲੋਂ ਸਿੱਧਾ 15 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ, ਜੋ ਕਿ ਕਿਧਰੇ ਵੀ ਵਾਜਿਬ ਨਹੀਂ ਹੈ।
ਇੱਧਰ ਅੱਜ ਕਈ ਕੰਡਕਟਰਾਂ ਨੇ ਦੱਸਿਆ ਕਿ ਪੀਆਰਟੀਸੀ ਵੱਲੋਂ ਨਾ ਤਾਂ ਕਿਰਾਏ ਵਾਧੇ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਮੀਡੀਆ ਵਿੱਚ ਇਹ ਖਬਰ ਆਈ ਹੈ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਸਵਾਰੀਆਂ ਤੋਂ ਵੱਧ ਕਿਰਾਏ ਦੀ ਟਿਕਟ ਕੱਟੀ ਜਾ ਰਹੀ ਹੈ ਤਾਂ ਉਹ ਉਹਨਾਂ ਨਾਲ ਲੜ ਝਗੜ ਰਹੇ ਹਨ।
ਇੱਧਰ ਪੀਆਰਟੀਸੀ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਡਕਟਰਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਕਿਉਂਕਿ ਪੀਆਰਟੀਸੀ ਵੱਲੋਂ ਚੁੱਪ-ਚੁਪੀਤੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਨਾ ਹੀ ਪੀਆਰਟੀਸੀ ਜਾਂ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੀਆਰਟੀਸੀ ਦੇ ਇੱਕ ਅਧਿਕਾਰੀ ਨੇ ਵਧੇ ਕਿਰਾਏ ਦੀ ਪੁਸ਼ਟੀ ਕੀਤੀ ਹੈ।
ਬੱਸ ਸਟੈਂਡ ਦੇ ਦੂਰ ਜਾਣ ਕਾਰਨ ਕਿਰਾਇਆ ਵਧਿਆ: ਰਣਜੋਧ ਹਡਾਣਾ | Punjab Roadways News
ਇੱਧਰ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਪਟਿਆਲਾ ਦਾ ਨਵਾਂ ਬੱਸ ਸਟੈਂਡ ਦੂਰ ਜਾਣ ਕਾਰਨ ਕਿਲੋਮੀਟਰ ਵਧ ਗਏ ਸੀ। ਉਨ੍ਹਾਂ ਕਿਹਾ ਕਿ ਜਿਹੜੇ ਸ਼ਹਿਰਾਂ ਵੱਲ ਕਿਲੋਮੀਟਰ ਵਧੇ ਹਨ, ਉੱਧਰ 10-15 ਰੁਪਏ ਕਿਰਾਇਆ ਵਧ ਗਿਆ ਹੈ ਅਤੇ ਜਿਹੜੇ ਸ਼ਹਿਰਾਂ ਵੱਲ ਨਵਾਂ ਬੱਸ ਅੱਡਾ ਨੇੜੇ ਗਿਆ ਹੈ, ਉਥੇ 15 ਰੁਪਏ ਕਿਰਾਇਆ ਘਟ ਗਿਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਚੰਡੀਗੜ੍ਹ ਦਾ ਕਿਰਾਇਆ ਘਟਿਆ ਹੈ।