Mohali Building Collapse: ਹਾਦਸਾ ਜਾਂ ਲਾਪਰਵਾਹੀ

Mohali Building Collapse
Mohali Building Collapse: ਹਾਦਸਾ ਜਾਂ ਲਾਪਰਵਾਹੀ

Mohali Building Collapse: ਹਾਲ ਹੀ ਵਿੱਚ ਮੋਹਾਲੀ ਦੇ ਸੋਹਾਣਾ ਵਿਖੇ ਡਿੱਗੀ ਇਮਾਰਤ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਸਥਾਨਕ ਲੋਕਾਂ, ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਰੈਸਕਿਊ ਅਭਿਆਨ ਚਲਾਇਆ ਗਿਆ। ਖਾਲੀ ਥਾਂ ’ਚ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਇਹ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ। ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਬੰਧਿਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕਿਸ ਤਰ੍ਹਾਂ ਖੁਦਾਈ ਕੀਤੀ ਜਾ ਸਕਦੀ ਹੈ। ਚਾਹੇ ਬਿਲਡਿੰਗ ਮਾਲਕਾਂ ਖਿਲਾਫ ਪਰਚਾ ਦਰਜ ਹੋ ਗਿਆ ਹੈ। ਠੇਕੇਦਾਰ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਠੇਕੇਦਾਰ ਘਟੀਆ ਸਾਮਾਨ ਲਾ ਕੇ ਮਾਲਕਾਂ ਨੂੰ ਵੀ ਰਗੜਾ ਲਾ ਜਾਂਦੇ ਹਨ।

ਇਹ ਖਬਰ ਵੀ ਪੜ੍ਹੋ : Rain : ਪੋਹ ਦੀਆਂ ਕਣੀਆਂ ਕਣਕ ’ਤੇ ਘਿਓ ਬਣ ਵਰ੍ਹੀਆਂ, ਤੇਜ਼ ਹੋਵੇਗਾ ਫਸਲ ਦਾ ਫੁਟਾਰਾ

ਥੋੜ੍ਹੀ-ਥੋੜ੍ਹੀ ਥਾਂ ’ਤੇ ਵੱਡੇ-ਵੱਡੇ ਬਿਲਡਰਾਂ ਰਾਹੀਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਲੋਨੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਪਤਾ ਨਹੀਂ ਉੱਥੇ ਮਟੀਰੀਅਲ ਚੰਗਾ ਲਾਇਆ ਜਾਂਦਾ ਹੈ ਜਾਂ ਨਹੀਂ! ਅਖਬਾਰਾਂ ਵਿੱਚ ਪੜ੍ਹਦੇ ਹੀ ਹਾਂ ਕਿ ਫਲੈਟਾਂ ਵਿੱਚ ਰਹਿਣ ਵਾਲੇ ਲੋਕ ਹਰ ਰੋਜ਼ ਬਿਲਡਰਾਂ ਖਿਲਾਫ ਧਰਨੇ ਪ੍ਰਦਰਸ਼ਨ ਲਾਉਂਦੇ ਰਹਿੰਦੇ ਹਨ। ਸਹੂਲਤਾਂ ਨਾ ਹੋਣ ਕਾਰਨ ਅਜਿਹਾ ਕਦਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ। ਇਨਸਾਨੀ ਜ਼ਿੰਦਗੀ ਦੀ ਅੱਜ-ਕੱਲ੍ਹ ਕੋਈ ਕੀਮਤ ਨਹੀਂ ਰਹਿ ਗਈ ਹੈ। ਪੈਸੇ ਦੀ ਹੋੜ ਜ਼ਿਆਦਾ ਲੱਗੀ ਹੋਈ ਹੈ। ਪੈਸੇ ਦੇ ਕੇ ਤੁਸੀਂ ਜਿੰਨਾ ਮਰਜੀ ਗਲਤ ਕੰਮ ਕਰਵਾ ਲਓ। ਕਈ ਭ੍ਰਿਸ਼ਟ ਅਧਿਕਾਰੀ ਇਸੇ ਤਾਕ ਵਿੱਚ ਰਹਿੰਦੇ ਹਨ ਕਿ ਗਲਤ ਕੰਮ ਕਰੀਏ ਤੇ ਲੋਕਾਂ ਤੋਂ ਪੈਸੇ ਲਈਏ। ਕੀ ਗੱਲ ਅਜਿਹੇ ਲੋਕ ਰੱਬ ਨੂੰ ਭੁੱਲ ਜਾਂਦੇ ਹਨ? ਕੁਦਰਤ ਨੇ ਲੇਖਾ-ਜੋਖਾ ਇੱਥੇ ਹੀ ਕਰਨਾ ਹੈ।

ਜਦੋਂ ਥਾਂ ਬਿਲਡਿੰਗ ਬਣਾਉਣ ਦੇ ਲਾਇਕ ਹੀ ਨਹੀਂ ਹੁੰਦੀ ਤਾਂ ਸਥਾਨਕ ਵਿਭਾਗਾਂ ਦੇ ਅਧਿਕਾਰੀ ਅਜਿਹੀਆਂ ਥਾਵਾਂ ਦੇ ਕਿਉਂ ਨਕਸ਼ੇ ਪਾਸ ਕਰ ਦਿੰਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਨਕਸ਼ਾ ਦੋ ਮੰਜ਼ਿਲਾਂ ਦਾ ਪਾਸ ਹੁੰਦਾ ਹੈ, ਮਾਲਕ ਦੋ ਮੰਜਿਲਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਉੱਪਰ ਹੋਰ ਛੱਤ ਲੈਂਦੇ ਹਨ। ਪ੍ਰਸ਼ਾਸਨ ਨੂੰ ਜਿੰਨੀਆਂ ਵੀ ਬਹੁ ਮੰਜ਼ਿਲੀ ਇਮਾਰਤਾਂ ਹਨ, ਉਹਨਾਂ ਦੀ ਸਮੇਂ-ਸਮੇਂ ’ਤੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਜਿਸ ਇਮਾਰਤ ਵਿੱਚ ਕੋਈ ਕਮੀ ਪਾਈ ਜਾਂਦੀ ਹੈ, ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਨਗਰ ਨਿਗਮ ਨਾਲ ਸਬੰਧਿਤ ਅਧਿਕਾਰੀਆਂ ਨੂੰ ਸਬੰਧਿਤ ਏਰੀਏ ਵਿੱਚ ਵਿਚਰਨਾ ਚਾਹੀਦਾ ਹੈ। ਨਕਸ਼ੇ ਚੈੱਕ ਕਰਨੇ ਚਾਹੀਦੇ ਹਨ ਕਿ ਜਿਹੜੀ ਥਾਂ ਬਣਾਈ ਜਾ ਰਹੀ ਹੈ ਉਸ ਦਾ ਹੀ ਨਕਸ਼ਾ ਪਾਸ ਕਰਵਾਇਆ ਹੈ ਜਾਂ ਨਹੀਂ। ਚੀਜਾਂ ਤਾਂ ਦੁਬਾਰਾ ਬਣ ਜਾਂਦੀਆਂ ਹਨ, ਪਰ ਇਨਸਾਨੀ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। Mohali Building Collapse

ਮੋਹਾਲੀ
ਸੰਜੀਵ ਸਿੰਘ ਸੈਣੀ

LEAVE A REPLY

Please enter your comment!
Please enter your name here