Road Accident: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਇੱਕ ਨਿੱਜੀ ਸਕੂਲ ’ਚ ਇੱਕ ਦੂਜੀ ਜਮਾਤ ਦੀ ਬੱਚੀ ਦੀ ਸਕੂਲ ਬੱਸ ਹੇਠਾਂ ਹੀ ਆਉਣ ਕਾਰਨ ਮੌਤ ਹੋ ਗਈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਸਕੂਲ ਅੰਦਰ ਹੀ ਹੋਏ ਹਾਦਸੇ ਵਿੱਚ ਬੱਚੀ ਦੀ ਮੌਤ ਹੋ ਗਈ ਹੈ ਤੇ ਮਾਮਲੇ ’ਚ ਪੁਲਿਸ ਜਾਂਚ ਕਰ ਰਹੀ ਹੈ।
ਘਟਨਾ ਸੌਮਵਾਰ ਦੀ ਹੈ। ਜਦੋਂ ਬੀਸੀਐੱਮ ਸਕੂਲ ਲੁਧਿਆਣਾ ਵਿਖੇ ਸਕੂਲ ਦੀ ਇੱਕ ਬੱਸ ਨੇ ਦੂਜੀ ਜਮਾਤ ਦੀ ਬੱਚੀ ਨੂੰ ਦਰੜ ਦਿੱਤਾ। ਬੱਸ ਦਾ ਟਾਇਰ ਬੱਚੀ ਦੇ ਸਿਰ ਉੱਪਰ ਦੀ ਲੰਘ ਗਿਆ ਜਿਸ ਕਾਰਨ ਬੱਚੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਬੱਚੀ ਦੀ ਪਹਿਚਾਣ ਅਮਾਇਰਾ ਸ਼ੂਦ (7) ਵਾਸੀ ਭਾਮੀਆਂ ਰੋਡ ਵਜੋਂ ਹੋਈ ਹੈ। ਮਾਮਲੇ ’ਚ ਸਕੂਲ ਪ੍ਰਬੰਧਕਾਂ ਵੱਲੋਂ ਬੱਸ ਸਕੂਲ ਦੀ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮ੍ਰਿਤਕਾ ਦੀ ਮਾਂ ਰੁਪਿੰਦਰ ਕੌਰ ਨੇ ਦੱਸਿਆ ਕਿ ਉਨਾਂ ਨੂੂੰ ਸੂਚਨਾ ਮਿਲੀ ਕਿ ਉਨਾਂ ਦੀ ਬੱਚੀ ਨੂੰ ਬੱਸ ਨਾਲ ਸੱਟ ਲੱਗੀ ਹੈ ਪਰ ਉਹ ਠੀਕ ਹੈ।
ਇਹ ਵੀ ਪੜ੍ਹੋ: Sarpanch Murder: ਪੰਜਾਬ ’ਚ ਇਸ ਪਿੰਡ ਦੇ ਮੌਜ਼ੂਦਾ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਉਨਾਂ ਅੱਗੇ ਕਿਹਾ ਕਿ ਸਕੂਲ ਦੀ ਲਾਹਪ੍ਰਵਾਹੀ ਹੈ। ਜਿਸ ਵਿੱਚ ਉਨਾਂ ਦੀ ਨੰਨੀ ਬੱਚੀ ਅਮਾਇਰਾ ਦੀ ਦਰਦਨਾਕ ਮੌਤ ਹੋਈ ਹੈ। ਸਕੂਲ ਪ੍ਰਿੰਸੀਪਲ ਡੀਪੀ ਗੁਲੇਰੀਆ ਨੇ ਦੱਸਿਆ ਕਿ ਘਟਨਾ ਸਵੇਰੇ 8: 25 ਵਜੇ ਬੱਚੇ ਸਕੂਲ ਆ ਰਹੇ ਸਨ। ਬੱਚੀ ਬੱਸ ਦੀ ਅਗਲੀ ਟਾਕੀ ਵਿੱਚੋਂ ਉੱਤਰ ਕੇ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਈ। ਜਿਸ ਬੱਸ ’ਚ ਬੱਚੀ ਦੀ ਟੱਕਰ ਹੋਈ ਹੈ। ਉਹ ਸਕੂਲ ਦੀ ਬੱਸ ਨਹੀਂ, ਪ੍ਰਾਈਵੇਟ ਹੈ। ਉਨਾਂ ਦੱਸਿਆ ਕਿ ਪੁਲਿਸ ਨੂੰ ਬੱਸ ਦੇ ਕਾਗਜ਼ ਸੌਂਪ ਦਿੱਤੇ ਗਏ ਹਨ।
ਘਟਨਾ ਦਾ ਪਤਾ ਲੱਗਦਿਆਂ ਹੀ ਪੀੜਤ ਮਾਪਿਆਂ ਸਣੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਥਾਣਾ ਡਵੀਜਨ ਨੰਬਰ 7 ਦੇ ਮੁਖੀ ਭੁਪਿੰਦਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ। ਏਸੀਪੀ ਸੁਮਿਤ ਸ਼ੂਦ ਨੇ ਦੱਸਿਆ ਕਿ ਹਾਦਸਾ ਸਕੂਲ ਦੇ ਅੰਦਰ ਵਾਪਰਿਆ ਹੈ, ਜਿਸ ’ਚ ਸੱਤ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਉਨਾਂ ਦੱਸਿਆ ਕਿ ਘਟਨਾ ਦੀ ਜਾਂਚ ਲਈ ਪੁਲਿਸ ਨੇ ਮ੍ਰਿਤਕ ਬੱਚੀ ਦੀ ਲਾਸ਼ ਤੋਂ ਇਲਾਵਾ ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ। Road Accident