Cooperative Society Election: ਵਿਰੋਧੀ ਧਿਰ ਦੇ 16 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ’ਤੇ ਹੰਗਾਮਾ

Cooperative Society Election
ਰਾਏਕੋਟ : ਕਾਗਜ ਰੱਦ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਉਮੀਦਵਾਰ ਤੇ ਪਿੰਡ ਵਾਸੀ।

ਮਾਮਲਾ ਸਹਿਕਾਰੀ ਸਭਾ ਦੀ ਚੋਣ ਦਾ

Cooperative Society Election: (ਆਰ ਜੀ ਰਾਏਕੋਟੀ) ਰਾਏਕੋਟ। ਪਿੰਡ ਤਾਜਪੁਰ ਵਿਖੇ ਹੋਣ ਵਾਲੀ ਪਿੰਡ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਦੇ ਸਬੰਧ ’ਚ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਉਸ ਵਕਤ ਜ਼ਬਰਦਸਤ ਹੰਗਾਮਾ ਹੋ ਗਿਆ, ਜਦ ਚੋਣ ਲਈ ਨਾਮਜ਼ਦਗੀਆਂ ਲੈ ਰਹੇ ਰਿਟਰਨਿੰਗ ਅਫਸਰ ਵੱਲੋਂ 8 ਮੈਂਬਰਾਂ ਨੂੰ ਜੇਤੂ ਕਰਾਰ ਦੇ ਕੇ ਬਾਕੀ 16 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ। ਇਸ ਦੇ ਰੋਸ ਵਜੋਂ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਵੱਲੋਂ ਸਭਾ ਦੇ ਗੇਟ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਅਤੇ ਇਸ ਕਾਰਵਾਈ ਨੂੰ ਸਰਕਾਰੀ ਧੱਕੇਸ਼ਾਹੀ ਕਰਾਰ ਦੇ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਵਿਰੋਧੀ ਧਿਰ ਵੱਲੋਂ ਧਰਨਾ, ਸਥਿਤੀ ਤਣਾਅ ਪੂਰਨ | Cooperative Society Election

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਗਈ ਸੀ। ਰੋਸ ਧਰਨੇ ਦੀ ਖ਼ਬਰ ਮਿਲਦੇ ਹੀ ਮੌਕੇ ’ਤੇ ਪੁੱਜੇ ਐੱਸਡੀਐੱਮ ਸਿਮਰਨਦੀਪ ਸਿੰਘ ਅਤੇ ਡੀਐੱਸਪੀ ਹਰਜਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ-ਬੁਝਾ ਕੇ ਰੋਸ ਪ੍ਰਦਰਸ਼ਨ ਖਤਮ ਕਰਨ ਅਤੇ ਚੋਣ ਅਮਲੇ ਨੂੰ ਘਰ ਨੂੰ ਭੇਜਣ ਦੀ ਅਪੀਲ ਕੀਤੀ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਪ੍ਰਦਰਸ਼ਨਕਾਰੀ ਸਭਾ ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਵਿੱਚ ਡਟੇ ਹੋਏ ਸਨ।

ਮੁਜ਼ਾਹਰਾਕਾਰੀਆਂ ਦੀ ਮੰਗ ਸੀ ਕਿ ਸਭਾ ਵਿੱਚ ਹੋਣ ਵਾਲੀ ਕਰਾਰੀ ਹਾਰ ਨੂੰ ਦੇਖਦੇ ਹੋਏ ਸੱਤਾਧਾਰੀ ਧਿਰ ਨੇ ਧੱਕੇ ਨਾਲ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਹਰਦੇਵ ਕੌਰ ਦੇ ਸਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਦੋ ਪਿੰਡਾਂ (ਬੁਰਜ ਹਕੀਮਾਂ ਅਤੇ ਪਿੰਡ ਤਾਜਪੁਰ) ਦੀ ਸਾਂਝੀ ‘ਦੀ ਤਾਜਪੁਰ ਬਹੁਮੰਤਵੀ ਸਹਿਕਾਰੀ ਸਭਾ ਦੀ ਕੱਲ੍ਹ ਹੋਣ ਵਾਲੀ ਚੋਣ ਦੇ ਸਬੰਧ ਵਿੱਚ ਅੱਜ ਨਾਮਜ਼ਦਗੀਆਂ ਭਰਨ ਦਾ ਦਿਨ ਸੀ। ਇਸ ਸਬੰਧ ’ਚ ਕੁੱਲ 24 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪਰਚੇ ਭਰੇ ਗਏ ਸਨ ਪ੍ਰੰਤੂ ਸ਼ਾਮ ਮੌਕੇ ਸਬੰਧਤ ਰਿਟਰਨਿੰਗ ਅਫਸਰ ਵੱਲੋਂ 16 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰਨ ਦੀ ਸੂਚਨਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Punjab News: ਪੰਜਾਬ ’ਚ ਇੱਕ ਵਾਰ ਫਿਰ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਈ ਅੰਨ੍ਹੇਵਾਹ ਗੋਲੀਬਾਰੀ

ਉਨ੍ਹਾਂ ਦੱਸਿਆ ਕਿ ਜਿੰਨ੍ਹਾਂ 8 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ ਹਨ ਉਹ ਸਾਰੇ ਸੱਤਾਧਾਰੀ ਧਿਰ ਨਾਲ ਸਬੰਧਤ ਹਨ, ਜਦਕਿ ਰਿਟਰਨਿੰਗ ਅਫਸਰ ਵੱਲੋਂ ਵਿਰੋਧੀ ਧਿਰ ਦੇ ਸਾਰੇ 16 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਰਿਟਰਨਿੰਗ ਅਫਸਰ ਸੁਰਿੰਦਰ ਸਿੰਘ ’ਤੇ ਦੋਸ਼ ਲਗਾਇਆ ਕਿ ਉਹ ਇੱਕ ਭ੍ਰਿਸ਼ਟ ਅਧਿਕਾਰੀ ਹੈ ਅਤੇ ਉਹ ਪਿੰਡ ਵਿੱਚ ਵਿਆਹਿਆ ਹੋਇਆ ਹੋਣ ਕਰਕੇ ਜਾਣ-ਬੁੱਝ ਕੇ ਸੱਤਾਧਾਰੀ ਧਿਰ ਦੀ ਮੱਦਦ ਕਰ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਰੱਦ ਕੀਤੇ ਨਾਮਜ਼ਦਗੀ ਪਰਚੇ ਬਹਾਲ ਕਰਕੇ ਕਿਸੇ ਹੋਰ ਇਮਾਨਦਾਰ ਅਧਿਕਾਰੀ ਦੀ ਦੇਖ-ਰੇਖ ਹੇਠ ਸਭਾ ਦੀ ਚੋਣ ਪਾਰਦਰਸ਼ੀ ਢੰਗ ਨਾਲ ਨਹੀ ਕਰਵਾਈ ਜਾਵੇਗੀ, ਤਦ ਤੱਕ ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।

ਇਸ ਸਬੰਧੀ ਰਿਟਰਨਿੰਗ ਅਧਿਆਕਾਰੀ ਇੰਸਪੈਕਟਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਕਿ ਰੱਦ ਕੀਤੇ ਗਏ ਸਾਰੇ ਨਾਮਜ਼ਦਗੀ ਪਰਚੇ ਪੜਤਾਲ ਦੌਰਾਨ ਸਹੀ ਭਰੇ ਨਾ ਹੋਣ ਕਰਕੇ ਗਲਤ ਪਾਏ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ। ਇਸ ਸਬੰਧੀ ਐੱਸਡੀਐੱਮ ਸਿਮਰਦੀਪ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਇਸ ਮਾਮਲੇ ਨੂੰ ਹੱਲ ਕਰਨ ਲਈ ਗੱਲਬਾਤ ਜ਼ਾਰੀ ਹੈ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਰਪੰਚ ਹਰਦੇਵ ਕੌਰ, ਪੰਚ ਬਹਾਦਰ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਬਲਜੀਤ ਕੌਰ, ਕੁਲਦੀਪ ਸਿੰਘ, ਗੁਰਦਿਆਲ ਸਿੰਘ, ਬਲਜੀਤ ਸਿੰਘ, ਗੁਲਵੰਤ ਸਿੰਘ, ਸੁਖਵਿੰਦਰ ਸਿੰਘ, ਅਜੀਤ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਬਾਬਾ ਗੁਰਜੰਟ ਸਿੰਘ, ਸੁਰਿੰਦਰ ਕੌਰ, ਲਖਵੀਰ ਸਿੰਘ, ਜਗਦੇਵ ਸਿੰਘ, ਸੁਖਦੀਪ ਸਿੰਘ, ਗੁਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਸ਼ਾਮਲ ਸਨ।

LEAVE A REPLY

Please enter your comment!
Please enter your name here