Bomb Threat Delhi: ਨਵੀਂ ਦਿੱਲੀ (ਏਜੰਸੀ)। ਸੋਮਵਾਰ ਸਵੇਰੇ ਦਿੱਲੀ ਦੇ 40 ਸਕੂਲਾਂ ਨੂੰ ਉਡਾਉਣ ਦੀ ਧਮਕੀ ਮਿਲੀ ਸੀ, ਦਿੱਲੀ ਪੁਲਿਸ ਮੁਤਾਬਕ ਇਹ ਧਮਕੀ ਈ-ਮੇਲ ਰਾਹੀਂ ਮਿਲੀ ਸੀ, ਜਿਸ ’ਚ 30,000 ਡਾਲਰ ਦੀ ਫਿਰੌਤੀ ਵੀ ਮੰਗੀ ਗਈ ਸੀ। ਦਿੱਲੀ ਪੁਲਿਸ ਨੇ ਦੱਸਿਆ ਕਿ ਧਮਕੀਆਂ ਦਾ ਸਿਲਸਿਲਾ ਪੱਛਮੀ ਵਿਹਾਰ ਦੇ ਜੀਡੀ ਗੋਇਨਕਾ ਸਕੂਲ ਤੇ ਡੀਪੀਐਸ ਆਰਕੇ ਪੁਰਮ ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਹੋਰ ਕਈ ਸਕੂਲਾਂ ਜਿਵੇਂ ਮਦਰ ਮੈਰੀ ਸਕੂਲ, ਬ੍ਰਿਟਿਸ਼ ਸਕੂਲ, ਸਲਵਾਨ ਪਬਲਿਕ ਸਕੂਲ, ਕੈਂਬਰਿਜ ਸਕੂਲ ਨੂੰ ਅਜਿਹੀਆਂ ਧਮਕੀਆਂ ਮਿਲੀਆਂ ਹਨ।
ਇਹ ਖਬਰ ਵੀ ਪੜ੍ਹੋ : Gange River: ਆਧੁਨਿਕ ਵਿਕਾਸ ਅਤੇ ਗੰਗਾ ਦੀ ਹੋਂਦ ’ਤੇ ਮੰਡਰਾਉਂਦਾ ਸੰਕਟ
ਪੁਲਿਸ ਅਨੁਸਾਰ 8 ਦਸੰਬਰ ਦੀ ਰਾਤ ਕਰੀਬ 11:38 ਵਜੇ ਭੇਜੀ ਗਈ ਧਮਕੀ ਭਰੀ ਈਮੇਲ ’ਚ ਲਿਖਿਆ ਗਿਆ ਸੀ ਕਿ ਮੈਂ ਇਮਾਰਤ ਦੇ ਅੰਦਰ ਕਈ ਬੰਬ (ਲੀਡ ਅਜ਼ਾਈਡ, ਡੈਟੋਨੇਟਰਾਂ ’ਚ ਵਰਤਿਆ ਜਾਣ ਵਾਲਾ ਵਿਸਫੋਟਕ ਕੰਪਾਊਂਡ) ਲਾਇਆ ਹੋਇਆ ਸੀ। ਬੰਬ ਛੋਟੇ ਤੇ ਬਹੁਤ ਚੰਗੀ ਤਰ੍ਹਾਂ ਲੁਕੇ ਹੋਏ ਹਨ। ਇਸ ਨਾਲ ਇਮਾਰਤ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਪਰ ਬੰਬ ਫਟਣ ’ਤੇ ਕਈ ਲੋਕ ਜ਼ਖਮੀ ਜ਼ਰੂਰ ਹੋਣਗੇ। ਤੁਹਾਨੂੰ ਸਾਰਿਆਂ ਨੂੰ ਦੁੱਖ ਝੱਲਣਾ ਪਵੇਗਾ ਤੇ ਆਪਣੇ ਅੰਗ ਗੁਆਉਣੇ ਪੈਣਗੇ।
ਜੇਕਰ ਮੈਨੂੰ 30,000 ਅਮਰੀਕੀ ਡਾਲਰ ਨਾ ਦਿੱਤੇ ਗਏ ਤਾਂ ਮੈਂ ਇਸ ਬੰਬ ਨੂੰ ਉਡਾ ਦੇਵਾਂਗਾ। ਦਿੱਲੀ ਪੁਲਿਸ ਮੁਤਾਬਕ ਮਦਰ ਮੈਰੀ ਸਕੂਲ, ਬ੍ਰਿਟਿਸ਼ ਸਕੂਲ, ਸਲਵਾਨ ਪਬਲਿਕ ਸਕੂਲ ਤੇ ਕੈਂਬਰਿਜ ਸਕੂਲ ਸਮੇਤ ਕਈ ਸਕੂਲਾਂ ਨੂੰ ਅੱਜ ਸਵੇਰੇ ਈ-ਮੇਲ ਰਾਹੀਂ ਧਮਕੀਆਂ ਮਿਲੀਆਂ। ਇਸ ਨੂੰ ਵੇਖਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਤੇ ਅੱਗ ਬੁਝਾਊ ਦਸਤੇ ਸਮੇਤ ਡੌਗ ਸਕੁਐਡ, ਬੰਬ ਨਿਰੋਧਕ ਟੀਮ ਤੇ ਸਥਾਨਕ ਪੁਲਿਸ ਨੇ ਸਕੂਲਾਂ ’ਚ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।