Punjabi Poetry: ਸਾਂਝੇ ਪੰਜਾਬ ਅਤੇ ਪੰਜਾਬੀਅਤ ਦਾ ਅਲੰਬਦਾਰ ਕਵੀ ਚਿਰਾਗਦੀਨ

Punjabi Poetry
Punjabi Poetry: ਸਾਂਝੇ ਪੰਜਾਬ ਅਤੇ ਪੰਜਾਬੀਅਤ ਦਾ ਅਲੰਬਦਾਰ ਕਵੀ ਚਿਰਾਗਦੀਨ

ਬਰਸੀ ’ਤੇ ਵਿਸ਼ੇਸ਼ : Punjabi Poetry 

Punjabi Poetry : ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ,
ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਜੋ ਕੁੱਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,
ਰਹਿਮ ਨੂੰ ਰਹਿਮ ਜੋ ਕਹਿਰ ਨੂੰ ਕਹਿਰ ਆਖੇ।
ਉਪਰੋਕਤ ਸਤਰਾਂ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਉਣ ਵਾਲਾ ਸਾਂਝੇ ਪੰਜਾਬ ਦੀ ਪੰਜਾਬੀਅਤ ਦਾ ਅਲੰਬਦਾਰ ਚਿਰਾਗ ਦੀਨ ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਤੇ ਰਹੱਸਵਾਦੀ ਕਵੀ ਸੀ। ਚਿਰਾਗ ਦੀਨ ਨਾਂਅ ਦਾ ਇਹ ਸ਼ਖਸ ਪੂਰੀ ਦੁਨੀਆ ਵਿੱਚ ਪੰਜਾਬੀ ਬੋਲੀ ਦੇ ਇੱਕ ਦਲੇਰ ਪੁੱਤ ਉਸਤਾਦ ਦਾਮਨ ਦੇ ਤੌਰ ’ਤੇ ਆਪਣੀ ਕਲਮ ਰਾਹੀਂ ਚਰਚਾ ਵਿੱਚ ਆਇਆ ਤੇ ਇਹੀ ਕਲਮ ਦੀ ਪਹਿਚਾਣ ਸਦਕਾ ਉਸਤਾਦ ਦਾਮਨ ਦਾ ਨਾਂਅ ਸਾਂਝੇ ਪੰਜਾਬ ਦੇ ਲੋਕ ਕਵੀ ਵਜੋਂ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ।

ਚਿਰਾਗ਼ ਦੀਨ ਦਾ ਜਨਮ 4 ਸਤੰਬਰ 1911 ਨੂੰ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖ਼ਸ਼ ਦੇ ਘਰ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ। ਅੰਮੀ ਨੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਘਰ ਦਾ ਗੁਜ਼ਾਰਾ ਕੀਤਾ। ਘਰ ਦੇ ਹਲਾਤਾਂ ਨੂੰ ਸਮਝਦਿਆਂ ਪਿਤਾ ਨਾਲ ਦਰਜੀ ਦੇ ਕੰਮ ਵਿੱਚ ਆਪਣਾ ਸਾਥ ਦਿੱਤਾ। ਕੰਮ ਕਰਦਿਆਂ ਲੋਕਾਂ ਦੀ ਮੰਗ ’ਤੇ ਨਵੇਂ ਫ਼ੈਸ਼ਨ ਦੇ ਪੈਂਟ-ਕੋਟ ਆਦਿ ਸਿਉਂ ਕੇ ਦੇਣੇ ਪਰ ਖ਼ੁਦ ਹਮੇਸ਼ਾ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ-ਚਾਦਰਾ, ਸਿਰ ’ਤੇ ਪਰਨਾ ਤੇ ਮੋਢੇ ਚਾਦਰਾ ਰੱਖਿਆ।

ਇਹ ਵੀ ਪੜ੍ਹੋ: New Indian Education System: ਭਾਰਤੀ ਸਿੱਖਿਆ ਪ੍ਰਣਾਲੀ ’ਚ ਨਵੀਨਤਾ ਦਾ ਨਵਾਂ ਯੁੱਗ

ਦਾਮਨ ਨਾਂਅ ਕਵਿਤਾ ਵਿੱਚ ਉਸ ਦੇ ਨਾਲ ਜੁੜਿਆ ਤੇ ਉਸਤਾਦ ਉਸਦੀ ਲੇਖਣੀ ਨੂੰ ਸਤਿਕਾਰ ਵਜੋਂ ਲੋਕਾਈ ਵੱਲੋਂ ਦਿੱਤਾ ਗਿਆ।
ਚਿਰਾਗ਼ ਦੀਨ ਨੇ ਦਸਵੀਂ ਤੱਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਕੀਤੀ। ਉਸਤਾਦ ਦਾਮਨ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕਿ੍ਰਤ, ਫ਼ਾਰਸੀ ਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ-ਬਹੁਤੀ ਪਸ਼ਤੋ ਵੀ ਜਾਣਦੇ ਸਨ। ਬਹੁ ਭਾਸ਼ਾਈ ਜਾਣਕਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਲਈ ਹੱਦ ਤੋਂ ਵੱਧ ਸ਼ੁਦਾਈ ਸਨ। ਪੰਜਾਬੀ ਬੋਲੀ ਲਈ ਉਸਤਾਦ ਦਾਮਨ ਦਾ ਮੋਹ ਇਸ ਕਵਿਤਾ ਤੋਂ ਹੀ ਸਮਝਿਆ ਜਾ ਸਕਦਾ ਹੈ:-
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂਅ ਛੱਡ ਦੇ।
ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਉਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,
ਜਿੱਥੇ ਖਲਾ-ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲੱਗਦੈ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਅਪਣੀ ਮਾਂ ਛੱਡ ਦੇ।

ਉਸਤਾਦ ਦਾਮਨ ਦੀ ਜ਼ਿੰਦਗੀ ਭਰ ਦੀ ਸਾਹਿਤਕ ਕਿਰਤ ਨੂੰ ਵਾਚਦਿਆਂ ਤੁਸੀਂ ਸੱਚਮੁੱਚ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਵਾਰਸ ਸ਼ਾਹ ਤੋਂ ਬਾਅਦ 20ਵੀਂ ਸਦੀ ਵਿੱਚ ਪੰਜਾਬੀ ਬੋਲੀ ਦੀਆਂ ਬਗਾਬਤੀ ਕਲਮਾਂ ਵਿੱਚ ਉਸਤਾਦ ਦਾਮਨ ਨੂੰ ਸਿਖਰ ’ਤੇ ਦੇਖੋਂਗੇ।
ਜਦੋਂ-ਜਦੋਂ ਵੀ ਦਾਮਨ ਨੂੰ ਪੰਜਾਬੀ ਵਿੱਚ ਲਿਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਹੀ ਨਾਲ ਦੀ ਨਾਲ ਉਨ੍ਹਾਂ ਨੇ ਆਪਣੀ ਕਲਮ ਰਾਹੀਂ ਇਸਦਾ ਜਵਾਬ ਦਿੱਤਾ:-
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਲੋਕ ਮਸਲਿਆਂ ’ਤੇ ਸਮੇਂ-ਸਮੇਂ ’ਤੇ ਲਿਖਦਿਆਂ ਉਸਤਾਦ ਦਾਮਨ ਨੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਰੁਤਬਾ ਹਮੇਸ਼ ਬਣਾਈ ਰੱਖਿਆ। ਗੱਲ ਪੰਜਾਬੀ ਭਾਸ਼ਾ ਦੀ ਹੋਵੇ ਜਾਂ ਆਮ ਲੋਕਾਈ ਮਸਲਿਆਂ ਨਾਲ ਇਨਸਾਨੀਅਤ ਦੀ ਉਸਤਾਦ ਦਾਮਨ ਨੇ ਆਪਣੀ ਸ਼ਾਇਰੀ ਅਣਖ ਦੇ ਨਾਲ ਹੀ ਕੀਤੀ।
ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫ਼ਤਿਖ਼ਾਰਉੱਦੀਨ ਨੇ ਲਾਈ ਸੀ।
1930 ਵਿੱਚ ਉਸਤਾਦ ਦਾਮਨ ਦੀ ਸ਼ਾਇਰੀ ਸੁਣਨ ਦਾ ਸਬੱਬ ਮੀਆਂ ਇਫ਼ਤਿਖ਼ਾਰਉੱਦੀਨ ਲਈ ਉਦੋਂ ਬਣਿਆ ਜਦੋਂ ਉਹ ਆਪਣੇ ਇੱਕ ਸੂਟ ਦੀ ਸਿਲਾਈ ਲਈ ਉਹਨਾਂ ਦੀ ਦੁਕਾਨ ’ਤੇ ਆਇਆ ਸੀ। ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਮੀਆਂ ਵੱਲੋਂ ਇੱਕ ਜਲਸੇ ਲਈ ਕਵਿਤਾ ਸੁਣਾਉਣ ਲਈ ਦਾਮਨ ਨੂੰ ਸੱਦਾ ਦਿੱਤਾ ਗਿਆ। ਇਸ ਜਲਸੇ ਮੌਕੇ ਦਾਮਨ ਨੇ ਆਪਣੀ ਕਵਿਤਾ ਰਾਹੀਂ ਹਰ ਇਨਸਾਨੀਅਤ ਪਸੰਦ ਰੂਹ ਨੂੰ ਮੋਹ ਲਿਆ।

ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ-ਵਿੱਚੀ,
ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ
ਉਸ ਮੌਕੇ ਉੱਥੇ ਹਾਜਰ ਪੰਡਿਤ ਨਹਿਰੂ ਨੇ ਭਾਵੁਕ ਹੋਕੇ ਉਸਤਾਦ ਦਾਮਨ ਨੂੰ ਗਲਵੱਕੜੀ ਵਿੱਚ ਲੈ ਲਿਆ ਤੇੇ ‘ਆਜ਼ਾਦੀ ਦਾ ਸ਼ਾਇਰ’ ਕਹਿ ਕੇ ਉਨ੍ਹਾਂ ਦੀ ਕਲਮ ਨੂੰ ਮਾਣ ਵੀ ਬਖਸ਼ਿਆ। ਦਾਮਨ ਦਾ ਪੰਜਾਬੀ ਭਾਸ਼ਾ ਲਈ ਮੋਹ ਤਾਂ ਜੱਗ-ਜਾਹਿਰ ਹੈ। ਉਸ ਦੀ ਬਾਗੀਆਨਾ ਕਲਮ ਜਿੱਥੇ ਸਿੱਧੇ ਰੂਪ ਵਿੱਚ ਸਮੇਂ ਦੀਆਂ ਹਕੂਮਤਾਂ ਨੂੰ ਜਵਾਬਦੇਹੀ ਕਰਦੀ ਰਹੀ ਹੈ, ਉੱਥੇ ਉਹਨਾਂ ਦੀ ਕਲਮ ਵਿਅੰਗਮਈ ਰੂਪ ਵਿੱਚ ਵੀ ਚੋਟ ਕਰਦੀ ਰਹੀ ਹੈ। ਉਨ੍ਹਾਂ ਦੇ ਆਪਣੇ ਸਮੇਂ ਵਿੱਚ ਲਿਖੀਆਂ ਰਚਨਾਵਾਂ ਅੱਜ ਦੇ ਸਮੇਂ ’ਤੇ ਵੀ ਢੁੱਕਦੀਆਂ ਦਿਖਾਈ ਦਿੰਦੀਆਂ ਹਨ। Punjabi Poetry

ਸਾਡੇ ਸੱਭਿਆਚਾਰ ਪੱਖ ਤੋਂ ਦਾਮਨ ਸਾਹਿਬ ਦੇ ਲਿਖੇ ਇੱਕ ਗੀਤ ਦੇ ਬੋਲ ‘ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ’ ਹਮੇਸ਼ਾ ਸਾਡੀਆਂ ਖੁਸ਼ੀਆਂ ਵਿੱਚ ਭਾਈਵਾਲ ਬਣਕੇ ਰਹੇ ਹਨ ਤੇ ਅੱਗੇ ਵੀ ਹਮੇਸ਼ਾ ਰਹਿਣਗੇ ਹੀ ਰਹਿਣਗੇ। ਅੱਜ ਦੇ ਦੌਰ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੀ ਪੀੜ੍ਹੀ ਤੇ ਸਾਡੇ ਪੰਜਾਬ ਦੀ ਧਰਤੀ ਨਾਲ ਜੁੜੇ ਵੱਡੇ ਸਾਹਿਤਕਾਰਾਂ ਨੂੰ ਵੀ ਦਾਮਨ ਸਾਹਿਬ ਦੀ ਕਲਮ ਤੇ ਪੰਜਾਬੀ ਭਾਸ਼ਾ ਲਈ ਮੋਹ ਤੋਂ ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ ਕਿ ਕਿਵੇਂ ਦਾਮਨ ਸਾਹਿਬ ਨੇ ਆਪਣੇ ਲੋਕਾਂ ਦੀ ਬੋਲੀ ਪੰਜਾਬੀ ਵਿੱਚ ਉਨ੍ਹਾਂ ਦੇ ਸ਼ਬਦਾਂ ਦਾ ਹਾਣੀ ਹੋ ਕੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਮਾਣ ਖੱਟਿਆ।

ਗੁਰਭਜਨ ਗਿੱਲ ਉਸਤਾਦ ਦਾਮਨ ਬਾਰੇ ਲਿਖਦੇ ਹਨ ਕਿ ਉਸਤਾਦ ਦਾਮਨ ਦਰਵੇਸ ਸ਼ਾਇਰ ਸੀ। ਉਸ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ’ਚੋਂ ਪੀੜ ਨੁੱਚੜਦੀ ਹੈ, ਜਿਵੇਂ ਵੇਲਣੇ ’ਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ। 3 ਦਸੰਬਰ 1984 ਨੂੰ ਉਸਤਾਦ ਦਾਮਨ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਜਿਉਂਦੇ ਜੀਅ ਉਨ੍ਹਾਂ ਦੀ ਕੋਈ ਪੁਸਤਕ ਪ੍ਰਕਾਸ਼ਿਤ ਨਾ ਹੋਣ ਬਾਰੇ ਪਤਾ ਲੱਗਦਾ ਹੈ। ਉਹ ਹਮੇਸ਼ਾ ਜੁਬਾਨੀ ਹੀ ਯਾਦ ਰੱਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਲਈ ਕੁਝ ਉਪਰਾਲੇ ਜਰੂਰ ਹੋਏ ਹਨ। ਉਸਤਾਦ ਦਾਮਨ ਬਾਰੇ ਜਿੰਨ੍ਹਾਂ ਵੀ ਲਿਖਿਆ ਜਾਵੇ ਉਨਾ ਹੀ ਥੋੜ੍ਹਾ ਹੈ ਉਨ੍ਹਾਂ ਦੀ ਸਾਹਿਤਕ ਦੇਣ ਹਮੇਸ਼ਾ ਹੀ ਪੰਜਾਬੀ ਭਾਸ਼ਾ ਵਿੱਚ ਧਰੂ ਤਾਰੇ ਵਾਂਗ ਚਮਕਦੀ ਰਹੇਗੀ।

ਪੂਰੀ ਦੁਨੀਆਂ ਵਿੱਚ ਉੱਜੜ ਕੇ ਗਏ ਕਿਰਤੀ ਪੰਜਾਬੀਆਂ ਲਈ ਉਨ੍ਹਾਂ ਦੇ ਆਪਣੇ ਸਮੇਂ ਲਿਖੇ ਇਹ ਢੁੱਕਵੇਂ ਬੋਲਾਂ ਨਾਲ ਅਸੀਂ ਉਨ੍ਹਾਂ ਦੇ ਸਤਿਕਾਰ ਵਿੱਚ ਸਜਦਾ ਕਰਦੇ ਹਾਂ।
ਬਿੱਖਰੇ ਵਰਕਿਆਂ ਦੀ ਹੋ ਗਈ ਜਿਲਦਬੰਦੀ,
ਮੈਂ ਇੱਕ ਖੁੱਲ੍ਹੀ ਕਿਤਾਬ ਨੂੰ ਵੇਖਦਾ ਆਂ।
ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ,
ਬੰਬੇ ਵਿੱਚ ਵੀ ਪੰਜਾਬ ਨੂੰ ਵੇਖਦਾ ਆਂ।
ਸ. ਸੁਖਚੈਨ ਸਿੰਘ ਕੁਰੜ,
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)

LEAVE A REPLY

Please enter your comment!
Please enter your name here