ਕਿਹਾ, ਮਰਨ ਵਰਤ ’ਤੇ, ਪੂਰੀ ਤਰ੍ਹਾਂ ਤੰਦਰੁਸਤ
- ਡੱਲੇਵਾਲ ਨੂੰ ਡੀਐੱਮਸੀ ਮਿਲਣ ਪਹੁੰਚੇ ਤਿੰਨ ਕਿਸਾਨ ਆਗੂ ਪੁਲਿਸ ਨੇ ਲਏ ਹਿਰਾਸਤ ’ਚ
Farmer Protest News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵੀਰਵਾਰ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੀ ਜਿੱਦ ਕਰਦੇ ਤਿੰਨ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਕਿਸਾਨ ਆਗੂਆਂ ਵੱਲੋਂ ਡੱਲੇਵਾਲ ਨੂੰ ਨਾ ਮਿਲਣ ਦਿੱਤੇ ਜਾਣ ’ਤੇ ਹਸਪਤਾਲ ’ਚ ਐਮਰਜੈਂਸੀ ਅੱਗੇ ਬੈਠ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਜਿੰਨ੍ਹਾਂ ਨੂੰ ਪੁਲਿਸ ਨੇ ਜ਼ਬਰੀ ਚੁੱਕ ਕੇ ਅਗਲੇ ਤਿੰਨ ਘੰਟੇ ਲਈ ਆਪਣੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ।
ਇਹ ਵੀ ਪੜ੍ਹੋ: Punjab Railway News: ਰੇਲਵੇ ਨੇ ਚੁੱਕੇ ਅਹਿਮ ਕਦਮ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 25 ਨਵੰਬਰ ਦੇਰ ਰਾਤ ਤੋਂ ਡੀਐੱਮਸੀ ਤੇ ਹਸਪਤਾਲ ਲੁਧਿਆਣਾ ਵਿਖੇ ਪੁਲਿਸ ਦੀ ਹਿਰਾਸਤ ਵਿੱਚ ਹਨ ਉਹਨਾਂ ਨੂੰ ਮਿਲਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਕੁੱਝ ਆਗੂ ਪਹੁੰਚੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਡੱਲੇਵਾਲ ਨੂੰ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਜਿਸ ’ਤੇ ਉਕਤਾਨ ਕਿਸਾਨ ਆਗੂਆਂ ਤੇ ਪੁਲਿਸ ਵਿਚਕਾਰ ਬਹਿਸਬਾਜ਼ੀ ਵੀ ਹੋਈ ਇਸ ਦੌਰਾਨ ਕਿਸਾਨ ਆਗੂਆਂ ਨੇ ਜ਼ਬਰਦਸਤੀ ਐਮਰਜੈਂਸੀ ’ਚ ਜਾਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਪੁਲਿਸ ਨੂੰ ਕਿਸਾਨ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਸਖ਼ਤਾਈ ਕਰਨੀ ਪਈ। ਇਸ ਤੋਂ ਬਾਅਦ ਉਕਤ ਕਿਸਾਨ ਆਗੂ ਐਮਰਜੈਂਸੀ ਦੇ ਗੇਟ ’ਤੇ ਹੀ ਬੈਠ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਉਣ ਲੱਗੇ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਜ਼ਬਰੀ ਚੁੱਕ ਕੇ ਹਿਰਾਸਤ ਵਿੱਚ ਲੈ ਲਿਆ ਗਿਆ। Farmer Protest News
ਪੰਜਾਬ ਸਰਕਾਰ ਦੇ ਕਹਿਣ ’ਤੇ ਅਤੇ ਕੇਂਦਰ ਦੀ ਘੁਰਕੀ ’ਤੇ ਡੱਲੇਵਾਲ ਨੂੰ ਅਗਵਾ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ : ਭੋਜਰਾਜ
ਸੂਬਾ ਆਗੂ ਸੁਖਦੇਵ ਸਿੰਘ ਭੋਜਰਾਜ ਸਮੇਤ ਗੁਰਜੀਤ ਸਿੰਘ ਕਾਹਲੋਂ ਗੁਰਦਾਸਪੁਰ ਤੇ ਤਰਲੋਕ ਸਿੰਘ ਬਡਾਲਾ ਬਾਂਗਰ ਨੂੰ 12 ਵਜੇ ਤੋਂ 3 ਵਜੇ ਤੱਕ ਪੁਲਿਸ ਵੱਲੋਂ ਥਾਣਾ ਡਵੀਜਨ ਨੰਬਰ 8 ਵਿੱਚ ਰੱਖਿਆ ਗਿਆ। ਮੀਡੀਆ ਨਾਲ ਗੱਲ ਕਰਦਿਆਂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੁਲਿਸ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਗੈਰ- ਸੰਵਿਧਾਨਿਕ ਤਰੀਕੇ ਖਨੌਰੀ ਬਾਰਡਰ ਤੋਂ ਅਗਵਾ ਕਰਕੇ ਇੱਥੇ (ਡੀਐੱਮਸੀ) ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਅਗਵਾ’ ਸ਼ਬਦ ਇਸ ਲਈ ਵਰਤਿਆ ਹੈ ਕਿ ਡੱਲੇਵਾਲ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਜੇਕਰ ਪੁਲਿਸ ਡੱਲੇਵਾਲ ਨੂੰ ਇਲਾਜ਼ ਲਈ ਡੀਐੱਮਸੀ ਲੈ ਕੇ ਆਈ ਹੈ ਤਾਂ ਆਖਰ ਉਨ੍ਹਾਂ ਨਾਲ ਕਿਸੇ ਨੂੰ ਮੁਲਾਕਾਤ ਕਿਉਂ ਨਹੀਂ ਕਰਨ ਦਿੱਤੀ ਜਾ ਰਹੀ। Farmer Protest News
ਉਨ੍ਹਾਂ ਕਿਹਾ ਕਿ ਪੁਲਿਸ ਨੇ ਹਸਪਤਾਲ ਨੂੰ ਜ਼ੇਲ੍ਹ ਬਣਾ ਰੱਖਿਆ ਹੈ। ਜੇਲ੍ਹ ’ਚ ਵੀ ਕਿਸੇ ਨੂੰ ਮਿਲਣ ਦੀ ਮਨਾਹੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਚਾਰ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਕਹਿਣ ’ਤੇ ਅਤੇ ਕੇਂਦਰ ਸਰਕਾਰ ਦੀ ਘੁਰਕੀ ’ਤੇ ਡੱਲੇਵਾਲ ਨੂੰ ਅਗਵਾ ਕੀਤਾ ਹੈ ਜਿਸ ਦੇ ਪੰਜਾਬ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਨੂੰ ਅਗਵਾ ਕਰਨ ਵਾਲੇ ਪੁਲਿਸ ਅਧਿਕਾਰੀਆਂ ’ਤੇ ਪਰਚੇ ਦੀ ਮੰਗ ਕਰ ਰਹੇ ਹਨ ਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਸਨਮਾਨਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਨੂੰ ਅਗਵਾ ਕਰਨਾ ਸਰਕਾਰਾਂ ਦਾ ਸ਼ਰੇਆਮ ਧੱਕਾ ਹੈ ਜਿਸ ਦੀ ਉਹ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਨ ਦੇ ਨਾਲ ਹੀ ਮੰਗ ਕਰਦੇ ਹਨ ਕਿ ਡੱਲੇਵਾਲ ਨੂੰ ਜਲਦ ਤੋਂ ਜਲਦ ਮੋਰਚੇ ’ਤੇ ਭੇਜਿਆ ਜਾਵੇ।
ਜਗਜੀਤ ਸਿੰਘ ਡੱਲੇਵਾਲ ਨੂੰ ਰੱਖੇ ਜਾਣ ਕਰਕੇ ਪੁਲਿਸ ਵੱਲੋਂ ਡੀਐਮਸੀ ਹਸਪਤਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਰੱਖਿਆ ਹੈ। ਹਸਪਤਾਲ ਦੇ ਅੰਦਰ ਤੇ ਆਲੇ- ਦੁਆਲੇ ਤੋਂ ਇਲਾਵਾ ਹਸਪਤਾਲ ਨੂੰ ਆਉਂਦੇ ਮੁੱਖ ਰਸਤਿਆਂ ’ਤੇ ਪੁਲਿਸ ਵੱਲੋਂ ਲਗਾਤਾਰ ਪਹਿਰਾ ਦਿੱਤਾ ਜਾਣ ਦੇ ਨਾਲ ਹੀ ਬੈਰੀਕੇਡਿੰਗ ਦੇ ਵੀ ਪੁਖ਼ਤਾ ਪ੍ਰਬੰਧ ਕਰ ਰੱਖੇ ਹਨ। ਜਿਸ ਕਰਕੇ ਹਸਪਤਾਲ ਆਉਣ ਵਾਲੇ ਲੋਕ ਸਹਿਮ ਦੇ ਮਾਹੌਲ ’ਚ ਦਿਖਾਈ ਦਿੰਦੇ ਹਨ। Farmer Protest News
ਡੱਲੇਵਾਲ ਮਰਨ ਵਰਤ ’ਤੇ, ਪੂਰੀ ਤਰ੍ਹਾਂ ਤੰਦਰੁਸਤ
ਸੁਖਦੇਖ ਸਿੰਘ ਭੋਜਰਾਜ ਨੇ ਸੰਪਰਕ ਕੀਤੇ ਜਾਣ ’ਤੇ ਦੱਸਿਆ ਕਿ ਡੱਲੇਵਾਲ ਨੂੰ ਨਾ ਮਿਲਣ ਦਿੱਤੇ ਜਾਣ ਦਾ ਮਾਮਲਾ ਮੀਡੀਆ ’ਚ ਆਉਣ ਤੋਂ ਬਾਅਦ ਉਨ੍ਹਾਂ ਸਮੇਤ ਚਾਰ ਆਗੂਆਂ ਦੀ ਡੱਲੇਵਾਲ ਨਾਲ ਮੁਲਾਕਾਤ ਕਰਵਾਈ ਗਈ। ਭੋਜਰਾਜ ਨੇ ਦੱਸਿਆ ਕਿ ਪੂਰੀ ਤਰ੍ਹਾਂ ਤੰਦਰੁਸਤ ਡੱਲੇਵਾਲ ਮਰਨ ਵਰਤ ’ਤੇ ਹੀ ਹਨ ਤੇ ਉਹ ਪਹਿਲਾਂ ਰੂਟੀਨ ’ਚ ਲਈਆਂ ਜਾ ਰਹੀਆਂ ਦਵਾਈਆਂ ਵੀ ਨਹੀਂ ਲੈ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰ ਡੱਲੇਵਾਲ ਦੀ ਸਿਹਤ ਦਾ ਚੈੱਕਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਡੱਲੇਵਾਲ ਵੱਲੋਂ ਆਪਣੀ ਸਿਹਤ ਦੀ ਜਾਂਚ ਨਹੀਂ ਕਰਨ ਦਿੱਤੀ ਜਾ ਰਹੀ।