ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੌਰਾਨ ਮਹਿਲਾ ਪ੍ਰੋਫੈਸਰਾਂ ਦੀਆਂ ਚੁੰਨੀਆਂ ਰੋਲ਼ੀਆਂ ਗਈਆਂ ਤੇ ਵਾਲ ਖਿੱਚੇ ਗਏ : ਜਸਪ੍ਰੀਤ ਕੌਰ | Punjab News
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। Punjab News: ਭਰਤੀ ਪੂਰੀ ਕਰਨ ਦੀ ਮੰਗ ਸਬੰਧੀ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਕਰਨ ਆਏ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਪੁਲਿਸ ਨਾਲ ਝੜੱਪ ਹੋ ਗਈ। ਪ੍ਰੋਫੈਸਰ ਸੰਗਰੂਰ ਵਿੱਚ ਮਾਰਚ ਕਰਨ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ ਦਾ ਘਿਰਾਓ ਕਰਨ ਵੱਲ ਵਧੇ ਸਨ। ਇਸ ਮੌਕੇ ਬਲਵਿੰਦਰ ਚਹਿਲ ਨੇ ਕਿਹਾ ਕਿ ਆਗੂਆਂ ਨੂੰ ਬੀਤੀ ਰਾਤ ਤੋਂ ਹੀ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਅੱਜ ‘ਆਮ ਆਦਮੀ ਦੀ ਸਰਕਾਰ’ ਨੇ ਆਮ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਜਬਰਨ ਪੁਲਿਸ ਤੋਂ ਚੁਕਵਾ ਕੇ ਆਪਣੇ ਸਿੱਖਿਆ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। Punjab News
ਇਹ ਖਬਰ ਵੀ ਪੜ੍ਹੋ : IPL 2025 Auction: ਭਾਰਤੀ ਵਿਕਟਕੀਪਰ ਰਿਸ਼ਭ ਪੰਤ ਚਮਕੇ, ਬਣੇ IPL ਇਤਿਹਾਸ ’ਚ ਸਭ ਤੋਂ ਮਹਿੰਗੇ ਕ੍ਰਿਕੇਟਰ, ਇਹ ਟੀਮ ਨੇ …
ਜਸਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੌਰਾਨ ਮਹਿਲਾ ਪ੍ਰੋਫੈਸਰਾਂ ਦੀਆਂ ਚੁੰਨੀਆਂ ਰੋਲ਼ੀਆਂ ਗਈਆਂ ਤੇ ਵਾਲ ਖਿੱਚੇ ਗਏ। ਮਨੀਸ਼ ਕੁਮਾਰ ਨੇ ਕਿਹਾ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ 23 ਸਤੰਬਰ, 2024 ਨੂੰ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਪਰ ਪੰਜਾਬ ਸਰਕਾਰ ਨੇ ਭਰਤੀ ਨੂੰ ਅੱਧ ਵਿਚਾਲੇ ਲਟਕਾ ਦਿੱਤਾ ਹੈ। ਮਸਲਨ 600 ਤੋਂ ਵੱਧ ਸਹਾਇਕ ਪ੍ਰੋਫ਼ੈਸਰ ਕਾਲਜਾਂ ਵਿੱਚ ਨਿਯੁਕਤ ਹੋ ਚੁੱਕੇ ਹਨ ਪਰ ਪਿੱਛੇ ਬਚਦੇ 411 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਉਮੀਦਵਾਰ ਪਿਛਲੇ ਦੋ ਮਹੀਨਿਆਂ ਤੋਂ ਨਿਯੁਕਤੀ ਦੀ ਉਡੀਕ ’ਚ ਹਨ।
ਪੰਜਾਬੀ ਦੇ 142, ਅੰਗਰੇਜੀ ਦੇ 154, ਹਿੰਦੀ ਦੇ 30, ਭੂਗੋਲ ਦੇ 15, ਐਜੂਕੇਸਨ ਦੇ 03 ਸਹਾਇਕ ਪ੍ਰੋਫੈਸਰ ਤੇ 67 ਲਾਇਬ੍ਰੇਰੀਅਨ ਕਾਲਜਾਂ ਵਿੱਚ ਨਿਯੁਕਤ ਹੋਣੋਂ ਰਹਿੰਦੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਕਿਯੂ ਡਕੌਂਦਾ, ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ, ਆਲ ਇੰਡੀਆ ਸਟੂਡੈਂਟਸ ਫੈਡਰੇਸਨ, ਸਟੂਡੈਂਟਸ ਫੈਡਰੇਸਨ ਆਫ ਇੰਡੀਆ, ਪੀਐੱਸਯੂ-ਸ਼ਹੀਦ ਰੰਧਾਵਾ ਆਦਿ ਜਥੇਬੰਦੀਆਂ ਵੱਲੋਂ 1158 ਫਰੰਟ ਦੀ ਡਟਵੀਂ ਹਮਾਇਤ ਦਾ ਮੁਜਾਹਰਾ ਕਰਦਿਆਂ ਬੁਲਾਰਿਆਂ ਨੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪਰਮਜੀਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਰਹਿੰਦੇ 411 ਉਮੀਦਵਾਰਾਂ ਨੂੰ ਤੁਰੰਤ ਕਾਲਜਾਂ ਵਿੱਚ ਨਿਯੁਕਤ ਕਰਕੇ 1158 ਭਰਤੀ ਮੁਕੰਮਲ ਕਰਨ ਦੀ ਮੰਗ ਜਿਉਣ ਮਰਨ ਦਾ ਸਵਾਲ ਬਣ ਚੁੱਕੀ ਹੈ, ਜੇਕਰ ਸਰਕਾਰ ਭਰਤੀ ਨੂੰ ਮੁਕੰਮਲ ਕਰਨ ਵੱਲ ਠੋਸ ਕਦਮ ਨਹੀ ਪੁੱਟਦੀ ਤਾਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। Punjab News