
Punjab News: ਸਾਂਝੀ ਕਮੇਟੀ ਨੇ ਪਲੇਠੀ ਮੀਟਿੰਗ ਪਿੱਛੋਂ ਐਸਟੀਪੀ, ਸੀਈਟੀਪੀ, ਈਟੀਪੀ ਦਾ ਕੀਤਾ ਦੌਰਾ
Punjab News: ਲੁਧਿਆਣਾ (ਜਸਵੀਰ ਸਿੰਘ ਗਹਿਲ)। ‘ਬੁੱਢੇ ਨਾਲੇ’ ਨਾਲ ਸਬੰਧਿਤ ਚੁਣੌਤੀਆਂ ਦੇ ਹੱਲ ਲਈ ਕੇਂਦਰੀ ਅਤੇ ਰਾਜ ਵਿਭਾਗਾਂ ਦੀ ਸਾਂਝੀ ਕਮੇਟੀ ਨੇ ਪਲੇਠੀ ਮੀਟਿੰਗ ਕੀਤੀ ਅਤੇ ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਬੁੱਢੇ ਨਾਲੇ ਦੇ ਨਾਲ- ਨਾਲ ਐਸਟੀਪੀ, ਈਟੀਪੀ, ਆਈਪੀਐਸ ਤੇ ਸੀਈਟੀਪੀ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਬਾਰੇ ਜਾਣਿਆ।
ਲੁਧਿਆਣਾ ਦੀ ਹਦੂਦ ਵਿੱਚ ਦੀ ਲੰਘਦਾ ਬੁੱਢਾ ਦਰਿਆ ਜੋ ਹੁਣ ਬੁੱਢਾ ਨਾਲੇ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ ਹੈ, ਦੀ ਪੁਨਰ- ਸੁਰਜੀਤੀ ਲਈ ਵੱਖ- ਵੱਖ ਸਮੇਂ ’ਤੇ ਸੱਤਾ ’ਚ ਰਹੀਆਂ ਸਰਕਾਰਾਂ ਵੱਲੋਂ ਅਨੇਕਾਂ ਯਤਨ ਕੀਤੇ ਗਏ। ਇਸ ਦੇ ਬਾਵਜੂਦ ਵੀ ਬੁੱਢੇ ਨਾਲੇ ਨੂੰ ਸਾਫ਼ ਨਹੀ ਕੀਤਾ ਜਾ ਸਕਿਆ। ਨਤੀਜੇ ਵਜੋਂ ਸਮੱਸਿਆਵਾਂ ਜਿਉਂ ਦੀ ਤਿਉਂ ਹਨ। ਸ਼ਹਿਰ ਦੇ ਕੁੱਝ ਚਿੰਤਤ ਲੋਕਾਂ ਵੱਲੋਂ ਬੁੱਢੇ ਨਾਲੇ ਦੇ ਉਠਾਏ ਗਏ ਮੁੱਦੇ ’ਤੇ ਭਾਰਤ ਸਰਕਾਰ ਦੇ ਸਕੱਤਰ, ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ, ਜਲ ਸ਼ਕਤੀ ਮੰਤਰਾਲੇ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਚਾਲੂ ਸਾਲ ਦੇ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਬੁੱਢੇ ਨਾਲੇ ਨਾਲ ਸਬੰਧਿਤ ਵੱਖ-ਵੱਖ ਚੁਣੌਤੀਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਸੀ। Punjab News
Read Also : Ludhiana News: ਵੱਖ-ਵੱਖ ਮਾਮਲਿਆਂ ’ਚ ਦੋ ਮਹਿਲਾਵਾਂ ਸਮੇਤ 9 ਜਣੇ ਕਾਬੂ
ਜਿਸ ਦੀ ਮੀਟਿੰਗ ਡਾਇਰੈਕਟਰ, ਵਾਤਾਵਰਣ ਅਤੇ ਜਲਵਾਯੂ ਤਬਦੀਲੀ (ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ) ਮਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜਲ ਸ਼ਕਤੀ ਮੰਤਰਾਲੇ ਤੋਂ ਡਾ. ਸਬਿਤਾ ਮਾਧਵੀ ਸਿੰਘ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਤੋਂ ਵਿਸ਼ਾਲ ਗਾਂਧੀ, ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਪੀ.ਪੀ.ਸੀ.ਬੀ ਦੇ ਮੈਂਬਰ ਸਕੱਤਰ ਜੀ.ਐਸ ਮਜੀਠੀਆ, ਨੈਸ਼ਨਲ ਇੰਸਟੀਚਿਊਟ ਆਫ਼ ਹਾਈਡ੍ਰੋਲੋਜੀ, ਰੁੜਕੀ ਤੋਂ ਐਮ.ਕੇ. ਸ਼ਰਮਾ, ਜੁਆਇੰਟ ਡਾਇਰੈਕਟਰ ਪੇਡਾ ਕੁਲਤਾਰ ਸਿੰਘ ਸੰਧੂ, ਚੀਫ਼ ਇੰਜੀਨੀਅਰ ਪੀ.ਪੀ.ਸੀ.ਬੀ. ਆਰ. ਕੇ. ਰੱਤੜਾ, ਚੀਫ਼ ਇੰਜੀਨੀਅਰ ਰਵਿੰਦਰ ਗਰਗ, ਡੀ.ਆਈ.ਸੀ. ਦੇ ਫ਼ੰਕਸ਼ਨਲ ਮੈਨੇਜਰ ਰਾਹੁਲ ਗਰਗ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ (ਪੀ.ਡਬਲਿਊ.ਐਸ.ਐਸ.ਬੀ.), ਭੂਮੀ ਸੰਭਾਲ ਵਿਭਾਗ ਆਦਿ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
Punjab News
ਮੀਟਿੰਗ ਦੌਰਾਨ ਉਦਯੋਗਾਂ, ਡੇਅਰੀ ਯੂਨਿਟਾਂ ਆਦਿ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਸਮੇਤ ਪ੍ਰਦੂਸ਼ਣ ਦੇ ਸਰੋਤਾਂ ਬਾਰੇ ਵਿਚਾਰ- ਵਟਾਂਦਰਾ ਕੀਤਾ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਹਿਲਾਂ ਚੁੱਕੇ ਗਏ ਕਦਮਾਂ ਅਤੇ ਚੁਣੌਤੀਆਂ ਦੇ ਹੱਲ ਲਈ ਕਿਹੜੇ- ਕਿਹੜੇ ਕਦਮ ਤਜਵੀਜ਼ ਕੀਤੇ ਜਾਣੇ ਹਨ, ਬਾਰੇ ਰਿਪੋਰਟ ਪੇਸ਼ ਕਰਨ। ਮੀਟਿੰਗ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਮਨੀਸ਼ ਕੁਮਾਰ ਦੀ ਅਗਵਾਈ ਵਿੱਚ ਮੈਂਬਰਾਂ ਨੇ ਬੁੱਢੇ ਨਾਲੇ ਦੇ ਨਾਲ-ਨਾਲ ਸੀਵਰ ਟਰੀਟਮੈਂਟ ਪਲਾਂਟ (ਐਸਟੀਪੀ) ਜਮਾਲਪੁਰ, ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚ ਐਫਲੂਐਂਟ ਟਰੀਟਮੈਂਟ ਪਲਾਂਟ (ਈਟੀਪੀ), ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈਪੀਐਸ) ਗਊਸ਼ਾਲਾ ਸਾਈਟ, ਤਾਜਪੁਰ ਰੋਡ ਅਤੇ ਫੋਕਲ ਪੁਆਇੰਟ ਡਾਇੰਗ ਇੰਡਸਟਰੀ ਦੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਦਾ ਵੀ ਦੌਰਾ ਕਰਕੇ ਜ਼ਮੀਨੀ ਹਾਲਾਤਾਂ ਦੀ ਜਾਣਕਾਰੀ ਹਾਸ਼ਲ ਕੀਤੀ।
ਉਪਰੰਤ ਕਮੇਟੀ ਦੇ ਚੇਅਰਮੈਨ ਮਨੀਸ਼ ਕੁਮਾਰ ਨੇ ਦੱਸਿਆ ਕਿ ਸਾਂਝੀ ਕਮੇਟੀ ਦੀ ਪਹਿਲੀ ਮੀਟਿੰਗ ਦੌਰਾਨ ਚੁਣੌਤੀਆਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਭਵਿੱਖੀ ਕਾਰਜ ਯੋਜਨਾਵਾਂ ਹੁਣ ਕਮੇਟੀ ਦੀਆਂ ਅਗਲੀਆਂ ਮੀਟਿੰਗਾਂ ਵਿੱਚ ਪ੍ਰਸਤਾਵਿਤ ਕੀਤੀਆਂ ਜਾਣਗੀਆਂ। ਅੰਤਿਮ ਰਿਪੋਰਟ ਫਿਰ ਜਲ ਸ਼ਕਤੀ ਮੰਤਰਾਲੇ ਨੂੰ ਸੌਂਪੀ ਜਾਵੇਗੀ।