ਅਸ਼ਵਿਨ ਦਾ ਮੈਜਿਕ ਖਤਮ
- ਸਟਾਰ ਖਿਡਾਰਆਂ ਦਾ ਫਲਾਪ ਸ਼ੋਅ | IND vs NZ
IND vs NZ: ਸਪੋਰਟਸ ਡੈਸਕ। ਨਿਊਜ਼ੀਲੈਂਡ ਖਿਲਾਫ਼ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਚਾਰ ਜਿੱਤਾਂ ਦੀ ਲੋੜ ਸੀ। ਪ੍ਰਸ਼ੰਸਕਾਂ ਤੋਂ ਲੈ ਕੇ ਮਾਹਿਰਾਂ ਤੱਕ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਤਿੰਨੋਂ ਟੈਸਟ ਮੈਚ ਜਿੱਤੇਗੀ ਤੇ ਅਸਟਰੇਲੀਆ ਦੌਰੇ ’ਤੇ ਘੱਟੋ-ਘੱਟ ਇੱਕ ਮੈਚ ਜਿੱਤ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਪਰ ਹੋਇਆ ਇਸ ਦੇ ਬਿਲਕੂਲ ਉਲਟਾ। ਕੀਵੀ ਟੀਮ ਨੇ ਭਾਰਤ ਨੂੰ ਲਗਾਤਾਰ ਤਿੰਨ ਟੈਸਟ ਮੈਚਾਂ ’ਚ ਹਰਾ ਕੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। 24 ਸਾਲ ਬਾਅਦ ਕਿਸੇ ਟੀਮ ਨੇ ਭਾਰਤੀ ਧਰਤੀ ’ਤੇ ਭਾਰਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਸਾਲ 2000 ’ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 2-0 ਨਾਲ ਹਰਾਇਆ ਸੀ। ਨਿਊਜ਼ੀਲੈਂਡ ਖਿਲਾਫ ਭਾਰਤੀ ਟੀਮ ਨੂੰ ਅਜਿਹਾ ਕਿਉਂ ਝੱਲਣਾ ਪਿਆ, ਆਓ ਜਾਣਦੇ ਹਾਂ 5 ਗੱਲਾਂ ’ਚ…
Read This : New Zealand vs India: ਵੱਡਾ ਉਲਟਫੇਰ, 24 ਸਾਲਾਂ ਬਾਅਦ ਕਿਸੇ ਟੀਮ ਨੇ ਭਾਰਤ ਤੇ ਕੀਤਾ ਕਲੀਨ ਸਵੀਪ, ਜਾਣੋ ਕਿਵੇਂ
ਸਾਡੇ ਸੁਪਰਸਟਾਰ ਬੱਲੇਬਾਜ਼ਾਂ ਦਾ ਫਲਾਪ ਸ਼ੋਅ | IND vs NZ
ਕਾਗਜ਼ ’ਤੇ ਭਾਰਤ ਦੀ ਬੱਲੇਬਾਜ਼ੀ ਨਿਊਜ਼ੀਲੈਂਡ ਦੇ ਮੁਕਾਬਲੇ ਕਾਫੀ ਬਿਹਤਰ ਦਿਖਾਈ ਦਿੱਤੀ ਪਰ ਪਿੱਚ ’ਤੇ ਭਾਰਤੀ ਸਿਤਾਰੇ ਕਾਗਜ਼ੀ ਸ਼ੇਰਾਂ ਵਾਂਗ ਹੀ ਰਹਿ ਗਏ। ਅੰਤਰਰਾਸ਼ਟਰੀ ਕ੍ਰਿਕੇਟ ’ਚ 80 ਸੈਂਕੜੇ ਜੜਨ ਵਾਲੇ ਵਿਰਾਟ ਕੋਹਲੀ ਨੇ ਇਸ ਸੀਰੀਜ਼ ਦੇ ਤਿੰਨ ਟੈਸਟ ਮੈਚਾਂ ਦੀਆਂ 6 ਪਾਰੀਆਂ ’ਚ ਸਿਰਫ 92 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਰਾਟ (93 ਦੌੜਾਂ) ਤੋਂ ਦੋ ਦੌੜਾਂ ਘੱਟ ਬਣਾਈਆਂ। ਉਨ੍ਹਾਂ ਨੇ 6 ਪਾਰੀਆਂ ’ਚ 91 ਦੌੜਾਂ ਬਣਾਈਆਂ।
ਨੌਜਵਾਨ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਜਿਸ ਨੇ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ’ਚ ਲਗਾਤਾਰ 2 ਦੋਹਰੇ ਸੈਂਕੜੇ ਜੜੇ ਸਨ ਉਨ੍ਹਾਂ ਦਾ ਬੱਲਾ ਵੀ ਕੁੱਝ ਜ਼ਿਆਦਾ ਨਹੀਂ ਕਰ ਸਕਿਆ। ਸਰਫਰਾਜ਼ ਖਾਨ ਵੀ ਆਪਣੀਆਂ ਪਾਰੀਆਂ ’ਚ ਇੱਕ ਵਾਰ ਹੀ 50 ਦਾ ਸਕੋਰ ਪਾਰ ਕਰ ਸਕੇ। ਭਾਰਤੀ ਬੱਲੇਬਾਜ਼ੀ ਕਿਵੇਂ ਹੋਈ ਫਲਾਪ, ਇੱਕ ਤੱਥ ਨਾਲ ਸਮਝੋ। ਨਿਊਜ਼ੀਲੈਂਡ ਦੇ ਤਿੰਨ ਬੱਲੇਬਾਜ਼ਾਂ ਨੇ ਸੀਰੀਜ਼ ’ਚ 200-200 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਵੱਲੋਂ ਸਿਰਫ਼ ਰਿਸ਼ਭ ਪੰਤ ਹੀ 200 ਦੌੜਾਂ ਦਾ ਅੰਕੜਾ ਪਾਰ ਕਰ ਸਕੇ।
ਨਿਊਜੀਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਭਾਰਤ | IND vs NZ
- ਬੈਂਗਲੁਰੂ ਟੈਸਟ : 8 ਵਿਕਟਾਂ ਨਾਲ ਗੁਆਇਆ
- ਪੁਣੇ ਟੈਸਟ : 113 ਦੌੜਾਂ ਨਾਲ ਹਰਾਇਆ
- ਮੁੰਬਈ ਟੈਸਟ : 25 ਦੌੜਾਂ ਨਾਲ ਗੁਆਇਆ
ਨਿਊਜ਼ੀਲੈਂਡ ਦੇ ਲੈਫਟ ਆਰਮ ਸਪਿਨਰ ਪਏ ਭਾਰਤੀ ਬੱਲੇਬਾਜ਼ਾਂ ’ਤੇ ਭਾਰੀ
ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿਨਰ ਸੀਰੀਜ਼ ’ਚ ਭਾਰਤੀ ਬੱਲੇਬਾਜ਼ਾਂ ’ਤੇ ਭਾਰੀ ਪਏ। ਬੈਂਗਲੁਰੂ ’ਚ ਪਹਿਲਾ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਪ੍ਰਬੰਧਨ ਨੇ ਸਪਿਨ ਫਰੈਂਡਲੀ ਪਿੱਚ ਬਣਾਉਣ ਦਾ ਫੈਸਲਾ ਕੀਤਾ, ਪਰ ਸੀਰੀਜ਼ ਦੀ ਹਾਰ ਨੂੰ ਟਾਲ ਨਹੀਂ ਸਕਿਆ। ਓਵਰਆਲ ਸੀਰੀਜ਼ ’ਚ ਏਜਾਜ਼ ਪਟੇਲ ਨੇ 15 ਤੇ ਮਿਸ਼ੇਲ ਸੈਂਟਨਰ ਨੇ 13 ਵਿਕਟਾਂ ਲਈਆਂ। ਪੁਣੇ ਟੈਸਟ ’ਚ ਮਿਸ਼ੇਲ ਸੈਂਟਨਰ ਤੇ ਮੁੰਬਈ ਟੈਸਟ ’ਚ ਏਜਾਜ਼ ਪਟੇਲ ਨੇ ਭਾਰਤੀ ਬੱਲੇਬਾਜ਼ਾਂ ਨੂੰ ਬੇਅਸਰ ਸਾਬਤ ਕੀਤਾ। ਸੈਂਟਨਰ ਨੇ ਪੁਣੇ ’ਚ ਕੁੱਲ 13 ਵਿਕਟਾਂ ਲਈਆਂ, ਜਦਕਿ ਏਜਾਜ਼ ਪਟੇਲ ਨੇ ਮੁੰਬਈ ਟੈਸਟ ’ਚ 11 ਵਿਕਟਾਂ ਲਈਆਂ। ਉਸ ਨੇ ਪੁਣੇ ਤੇ ਬੈਂਗਲੁਰੂ ’ਚ ਵੀ 2-2 ਵਿਕਟਾਂ ਹਾਸਲ ਕੀਤੀਆਂ।
ਰਵੀਚੰਦਰਨ ਅਸ਼ਵਿਨ ਦਾ ਫੇਲ ਹੋਣਾ | IND vs NZ
ਭਾਰਤ ਦੇ ਤਜਰਬੇਕਾਰ ਸਪਿਨਰ ਤੇ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਇਸ ਸੀਰੀਜ਼ ’ਚ ਪੂਰੀ ਤਰ੍ਹਾਂ ਅਸਫਲ ਰਹੇ। ਉਹ ਤਿੰਨ ਟੈਸਟਾਂ ’ਚ ਸਿਰਫ਼ 9 ਵਿਕਟਾਂ ਹੀ ਲੈ ਸਕੇ। ਜਦਕਿ ਮਿਸ਼ੇਲ ਸੈਂਟਨਰ ਨੇ ਸਿਰਫ਼ ਇੱਕ ਮੈਚ ਖੇਡ ਕੇ 13 ਵਿਕਟਾਂ ਹਾਸਲ ਕੀਤੀਆਂ ਸਨ। ਇਹ ਕਾਰਨਾਮਾ ਸੈਂਟਨਰ ਨੇ ਪੁਣੇ ਟੈਸਟ ’ਚ ਕੀਤਾ ਸੀ।
ਪਹਿਲੇ ਟੈਸਟ ’ਚ ਸੀਮ ਤੇ ਸਵਿੰਗ ਨਹੀਂ ਖੇਡ ਸਕੇ ਸਨ
ਬੈਂਗਲੁਰੂ ’ਚ ਸੀਰੀਜ਼ ਦੇ ਸ਼ੁਰੂਆਤੀ ਮੈਚ ’ਚ ਕੀਵੀਜ਼ ਦੇ ਉਛਾਲ ਤੇ ਸਵਿੰਗ ਦੇ ਸਾਹਮਣੇ ਭਾਰਤੀ ਬੱਲੇਬਾਜ਼ੀ ਵਿਗੜ ਗਈ। ਉੱਥੇ ਹੀ ਰੋਹਿਤ ਸ਼ਰਮਾ ਪਿੱਚ ਦੇ ਹਾਲਾਤ ਨਹੀਂ ਪੜ੍ਹ ਸਕੇ। ਇਸ ਮੈਚ ’ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ 17 ਵਿਕਟਾਂ ਲਈਆਂ। ਇਨ੍ਹਾਂ ’ਚੋਂ 8 ਵਿਕਟਾਂ ਮੈਟ ਹੈਨਰੀ ਨੇ, 7 ਵਿਕਟਾਂ ਵਿਲੀਅਮ ਓ’ਰੂਰਕੇ ਨੇ ਤੇ 2 ਵਿਕਟਾਂ ਟਿਮ ਸਾਊਥੀ ਨੇ ਲਈਆਂ। ਇਸ ਮੈਚ ’ਚ ਭਾਰਤੀ ਟੀਮ ਪਹਿਲੀ ਪਾਰੀ ’ਚ 46 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਕੋਹਲੀ, ਸਰਫਰਾਜ਼, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਇਸ ਪਾਰੀ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।
ਭਾਰਤ ਨੇ ਨਿਊਜ਼ੀਲੈਂਡ ਨੂੰ ਹਲਕੇ ’ਚ ਲਿਆ, ਬਿਹਤਰ ਤਿਆਰੀ ਕਰਕੇ ਆਏ ਸਨ ਕੀਵੀ
ਨਿਊਜ਼ੀਲੈਂਡ ਦੀ ਟੀਮ 1955 ਤੋਂ ਭਾਰਤ ਦਾ ਦੌਰਾ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਕਦੇ ਵੀ ਇੱਥੇ ਟੈਸਟ ਸੀਰੀਜ਼ ਜਿੱਤਣ ’ਚ ਸਫਲ ਨਹੀਂ ਹੋਈ ਸੀ। ਇਸ ਕਾਰਨ ਭਾਰਤੀ ਪ੍ਰਬੰਧਨ ਨੇ ਸ਼ਾਇਦ ਨਿਊਜ਼ੀਲੈਂਡ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਸੀਰੀਜ਼ ਤੋਂ ਠੀਕ ਪਹਿਲਾਂ ਕੀਵੀ ਟੀਮ ਨੂੰ ਸ਼੍ਰੀਲੰਕਾ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਆਦਾਤਰ ਭਾਰਤੀ ਪ੍ਰਸ਼ੰਸਕਾਂ ਤੇ ਮਾਹਿਰਾਂ ਨੂੰ ਯਕੀਨ ਸੀ ਕਿ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤਣਾ ਭਾਰਤ ਲਈ ਕੇਕ ਵਾਕ ਸਾਬਤ ਹੋਵੇਗਾ। ਇਸ ਦੇ ਉਲਟ ਹੋਇਆ। ਸ਼੍ਰੀਲੰਕਾ ’ਚ ਸਪਿਨ ਖਿਲਾਫ ਚੰਗਾ ਅਭਿਆਸ ਭਾਰਤ ’ਚ ਨਿਊਜ਼ੀਲੈਂਡ ਦੇ ਕੰਮ ਆਇਆ। IND vs NZ