Air quality in Punjab: ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹੇ ਦੀ ਹਵਾ ਗੁਣਵੱਤਾ 368 ਅਤੇ 339 ਏਕਿਊਆਈ ’ਤੇ ਪੁੱਜੀ
- ਪਟਿਆਲਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਗੁਣਵੱਤਾ ਖਰਾਬ | Air quality in Punjab
Air quality in Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਦੀਵਾਲੀ ਦੇ ਤਿਉਹਾਰ ਤੋਂ ਬਾਅਦ ਪੰਜਾਬ ਦੀ ਆਬੋ-ਹਵਾ ਕਾਫ਼ੀ ਪਲੀਤ ਹੋਈ ਹੈ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਲਾਈਆਂ ਜਾ ਰਹੀਆਂ ਅੱਗਾਂ ਨਾਲ ਵੀ ਵਾਤਾਵਰਨ ਵਿੱਚ ਜ਼ਹਿਰ ਘੁਲ ਰਿਹਾ ਹੈ। ਅੱਜ ਲੁਧਿਆਣਾ ਅਤੇ ਅੰਮ੍ਰਿਤਸਰ ਦਾ ਏਕਿਊਆਈ ਇੰਡੈਕਸ ਬਹੁਤ ਖਰਾਬ ਸ਼੍ਰੇਣੀ ਵਿੱਚ ਪੁੱਜ ਗਿਆ ਹੈ। ਜਦੋਂਕਿ ਪਟਿਆਲਾ, ਜਲੰਧਰ, ਮੰਡੀ ਗੋਬਿੰਦਗੜ੍ਹ੍ਹ ਦੀ ਆਬੋ-ਹਵਾ ਵੀ ਖਰਾਬ ਸ਼੍ਰੇਣੀ ਵਿੱਚ ਚੱਲ ਰਹੀ ਹੈ।
Read Also : Fire Accident: ਦੀਵਾਲੀ ਮੌਕੇ ਪਟਾਖਿਆਂ ਨਾਲ ਦਸ ਥਾਵਾਂ ’ਤੇ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਇਕੱਤਰ ਕੀਤੇ ਵੇਰਵਿਆਂ ਜੇਕਰ ਅੰਮ੍ਰਿਸਤਰ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੀ ਗੱਲ ਕੀਤੀ ਜਾਵੇ ਤਾਂ ਇਹ ਪੰਜਾਬ ਵਿੱਚ ਸਭ ਤੋਂ ਵੱਧ 368 ’ਤੇ ਪੁੱਜ ਗਿਆ ਹੈ ਜੋ ਕਿ ਬਹੁਤ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਲੁਧਿਆਣਾ ਦਾ ਏਕਿਊਆਈ ਲੈਵਲ 339 ’ਤੇ ਚੱਲ ਰਿਹਾ ਹੈ। ਪੰਜਾਬ ਦੇ ਇਹ ਦੋਵੇਂ ਜ਼ਿਲ੍ਹੇ ਹਵਾ ਪ੍ਰਦੂਸ਼ਣ ਵਜੋਂ ਕਾਫ਼ੀ ਖਰਾਬ ਸ਼੍ਰੇਣੀ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਅਤੇ ਪਟਿਆਲਾ ਦਾ ਏਅਰ ਕੁਆਲਿਟੀ ਇੰਡੈਕਸ ਕ੍ਰਮਵਾਰ 261 ਅਤੇ 242 ’ਤੇ ਚੱਲ ਰਿਹਾ ਹੈ।
Air quality in Punjab
ਇਨ੍ਹਾਂ ਦੋਵਾਂ ਜ਼ਿਲ੍ਹਿਆਂ ’ਚ ਆਬੋ-ਹਵਾ ਵੀ ਖਰਾਬ ਸ਼੍ਰੇਣੀ ਵਿੱਚ ਚੱਲ ਰਹੀ ਹੈ। ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਪੱਧਰ 203 ’ਤੇ ਹੈ, ਜੋ ਕਿ ਇੱਥੇ ਵੀ ਖਰਾਬ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ। ਪੰਜਾਬ ਦੇ ਬਠਿੰਡਾ ਅਤੇ ਖੰਨਾ ਹੀ ਅਜਿਹੇ ਸ਼ਹਿਰ ਹਨ, ਜਿਨ੍ਹਾਂ ਦਾ ਏਕਿਉੂਆਈ 200 ਤੋਂ ਹੇਠਾਂ ਚੱਲ ਰਿਹਾ ਹੈ। ਬਠਿੰਡਾ ’ਚ ਹਵਾ ਗੁਣਵੱਤਾ ਦਾ ਪੱਧਰ 143, ਜਦੋਂ ਕਿ ਖੰਨਾ ਦਾ 194 ਹੈ। ਭਾਵੇਂ ਕਿ ਇਨ੍ਹਾਂ ਥਾਵਾਂ ’ਤੇ ਸਥਿਤੀ ’ਚ ਕੁਝ ਸੁਧਾਰ ਹੈ ਪਰ ਪ੍ਰਦੂਸ਼ਿਤ ਜ਼ਰੂਰ ਹੈ।
ਇੱੱਧਰ ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ’ਤੇ ਧੜਾਧੜ ਮਾਮਲੇ ਦਰਜ ਕਰਕੇ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਦਾ ਦਰਦ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਮਸ਼ੀਨਰੀ ਮੁਹੱਈਆ ਨਹੀਂ ਹੋ ਰਹੀ, ਜਿਸ ਕਾਰ ਉਨ੍ਹਾਂ ਵੱਲੋਂ ਅੱਗ ਲਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਕਈ ਥਾਵਾਂ ’ਤੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਆਪਸੀ ਤਲਖ ਕਲਾਮੀ ਵੀ ਸਾਹਮਣੇ ਆ ਰਹੀ ਹੈ। ਕਈ ਥਾਈਂ ਅਧਿਕਾਰੀਆਂ ਨੂੰ ਬੰਦੀ ਬਣਾਉਣ ਸਮੇਤ ਕੁੱਟਮਾਰ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਪਟਿਆਲਾ ਜ਼ਿਲ੍ਹੇ ’ਚ ਧੜਾ-ਧੜ ਕਿਸਾਨਾਂ ’ਤੇ ਪਰਚੇ
ਪਟਿਆਲਾ ਜ਼ਿਲ੍ਹੇ ਅੰਦਰ ਦੋ ਦਿਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ 40 ਦੇ ਕਰੀਬ ਕਿਸਾਨਾਂ ’ਤੇ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈਆਂ ਨੂੰ ਜ਼ੁਰਮਾਨੇ ਵੀ ਕੀਤੇ ਗਏ। ਐੱਸਐੱਸਪੀ ਵੱਲੋਂ ਡੀਐੱਸਪੀਜ਼ ਸਮੇਤ ਸਬੰਧਿਤ ਥਾਣਿਆਂ ਦੇ ਇੰਚਾਰਜ਼ਾਂ ਨੂੰ ਫੀਲਡ ਵਿੱਚ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅੱਗ ਨਾ ਲਾਉਣ ਤੋਂ ਜਾਗਰੂਕ ਕਰਨ ਸਮੇਤ ਅਤੇ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ਼ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤਾ ਗਿਆ ਹੈ।
379 ਥਾਵਾਂ ’ਤੇ ਸਾੜੀ ਗਈ ਪਰਾਲੀ
ਪੰਜਾਬ ਅੰਦਰ ਅੱਜ 379 ਥਾਵਾਂ ’ਤੇ ਝੋਨੇ ਦੀ ਪਰਾਲੀ ਸਾੜੀ ਗਈ ਹੈ। ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ’ਚ 66 ਥਾਵਾਂ ’ਤੇ ਪਰਾਲੀ ਨੂੰ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਅੰਦਰ 50 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਈ ਗਈ ਹੈ। ਤਰਨਤਾਰਨ ਜ਼ਿਲ੍ਹੇ ’ਚ 42, ਬਠਿੰਡਾ ’ਚ 28, ਅੰਮ੍ਰਿਤਸਰ ’ਚ 27, ਮੋਗਾ ’ਚ 26, ਪਟਿਆਲਾ ’ਚ 21, ਮਾਨਸਾ 21 ਥਾਂਵਾਂ ’ਤੇ ਅੱਗ ਲਾਈ ਗਈ ਹੈ। ਪਿਛਲੇ ਸਾਲਾਂ ਨਾਲੋਂ ਅੱਗਾਂ ’ਚ ਕਾਫ਼ੀ ਕਮੀ ਆਈ ਹੈ। ਸਾਲ 2023 ’ਚ 2 ਨਵੰਬਰ ਨੂੰ 1668, ਸਾਲ 2022 ’ਚ ਅੱਜ ਦੇ ਦਿਨ ਹੀ 3634 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਉਣ ਦਾ ਮਾਮਲੇ ਦਰਜ ਹੋਏ ਸਨ।