Punjab Fire: ਰਾਏਕੋਟ ’ਚ ਦੁਕਾਨ ਕਮ ਗੋਦਾਮ ਨੂੰ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

Punjab Fire
ਰਾਏਕੋਟ : ਸੜ੍ਹ ਕੇ ਸੁਆਹ ਹੋਏ ਦੁਕਾਨ ਕਮ ਗੋਦਾਮ ਦਾ ਦ੍ਰਿਸ਼। ਫੋਟੋ :ਰਾਏਕੋਟੀ

ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ’ ਤੇ ਪਾਇਆ ਕਾਬੂ

Punjab Fire: (ਆਰ ਜੀ ਰਾਏਕੋਟੀ) ਰਾਏਕੋਟ। ਬੀਤੀ ਦੇਰ ਰਾਤ ਸ਼ਹਿਰ ਦੇ ਕਮੇਟੀ ਗੇਟ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਮੇਟੀ ਗੇਟ ਨੇੜੇ ਇੱਕ ਸੰਘਣੀ ਆਬਾਦੀ ਵਾਲੀ ਗਲ਼ੀ ਵਿੱਚ ਸਥਿੱਤ ਇੱਕ ਦੁਕਾਨ ਕਮ ਗੋਦਾਮ ਵਿੱਚ ਅਚਾਨਕ ਅੱਗ ਲੱਗ ਜਾਣ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਨੇੜਲੇ ਇਲਾਕੇ ਦੇ ਲੋਕ ਅਤੇ ਪੁਲਿਸ ਅਤੇ ਨਗਰ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਅੱਗ ਬਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗ ਗਏ।

ਇਹ ਵੀ ਪੜ੍ਹੋ: Punjab Police: ਜ਼ਿਲ੍ਹਾ ਪੁਲਿਸ ਮੁਖੀ ਨੇ ਪੁਲਿਸ ਪਰਿਵਾਰਾਂ ਨਾਲ ਵੱਖਰੇ ਢੰਗ ਨਾਲ ਮਨਾਈ ਦੀਵਾਲੀ

ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗ ਗਈਆਂ, ਜਿਸ ਕਾਰਨ ਨੇੜਲੇ ਇਲਾਕੇ ਵਿੱਚ ਅੱਗ ਫੈਲਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਦਾ ਸ਼ਿਕਾਰ ਹੋਈ ਸ੍ਰੀ ਬਾਂਸਲ ਐਂਟਰਪ੍ਰਾਈਜਜ਼ ਦੇ ਮਾਲਕ ਸੰਦੀਪ ਬਾਂਸਲ ਨੇ ਦੱਸਿਆ ਕਿ ਉਹ 31 ਅਕਤੂਬਰ ਦੀ ਰਾਤ 6:30 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ ਅਤੇ ਉਨ੍ਹਾਂ ਨੂੰ ਰਾਤ 10:00 ਵਜੇ ਚੌਕੀਦਾਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਜਿਵੇਂ ਹੀ ਦੁਕਾਨ ਖੁੱਲ੍ਹੀ ਤਾਂ ਅੱਗ ਫੈਲ ਗਈ। ਅੱਗ ਦੀ ਤੇਜ਼ ਗਰਮੀ ਕਾਰਨ ਗਾਡਰ ਬਾਲਿਆਂ ਦੀ ਛੱਤ ਹੇਠਾਂ ਡਿੱਗ ਪਈ। ਜਿਸ ’ਤੇ ਲੱਗਾ ਸੋਲਰ ਪਾਵਰ ਸਿਸਟਮ ਵੀ ਤਬਾਹ ਹੋ ਗਿਆ, ਜੋ ਕਿ ਚਾਰ ਦਿਨ ਪਹਿਲਾਂ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਚਾਲੂ ਕੀਤਾ ਗਿਆ ਸੀ।

ਮਾਲਕ ਸੰਦੀਪ ਬਾਂਸਲ ਨੇ ਦੱਸਿਆ ਕਿ ਜਦ ਤੱਕ ਅੱਗ ’ਤੇ ਕਾਬੂ ਪਾਇਆ ਜਾ ਸਕਿਆਂ ਤਦ ਤੱਕ ਦੁਕਾਨ ਵਿੱਚ ਰੱਖਿਆ ਲਗਭਗ ਡੇਢ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ, ਜਿਸ ਵਿੱਚ ਕੋਲਡ ਡਰਿੰਕਸ, ਸਾਫਟ ਡਰਿੰਕਸ, ਰਿਫਾਇੰਡ ਆਇਲ, ਸਰ੍ਹੋਂ ਦਾ ਤੇਲ, ਫੈਵੀਕੋਲ ਦੀ ਡਰੱਮ, ਕੰਫੈਕਸ਼ਨਰੀ, ਬੇਕਰੀ ਆਈਟਮਾਂ ਅਤੇ ਸਾਮਾਨ ਨੂੰ ਠੰਡਾ ਰੱਖਣ ਲਈ ਦੁਕਾਨ ਵਿੱਚ ਰੱਖੇ ਕਈ ਰੈਫ੍ਰਿਜਰੇਟਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਕਈ ਕੰਪਨੀਆਂ ਦੇ ਵਿਤਰਕ ਹਨ ਅਤੇ ਇਨ੍ਹਾਂ ਕੰਪਨੀਆਂ ਦਾ ਵੱਖੋ-ਵੱਖਰਾ ਸਮਾਨ ਦੀਵਾਲੀ ਕਾਰਨ ਵੱਡੀ ਮਾਤਰਾ ਵਿੱਚ ਰੱਖਿਆਂ ਗਿਆ ਸੀ। ਇਸ ਘਟਨਾ ਤੋਂ ਬਾਅਦ ਦੁਕਾਨ ਮਾਲਕ ਡੂੰਘੇ ਸਦਮੇ ਵਿੱਚ ਸੀ। ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਅੱਗ ਬੁਝਾਉਣ ਵਿੱਚ ਬਹੁਤ ਮੱਦਦ ਕੀਤੀ ਪਰ ਉਹ ਕਰੋੜਾਂ ਰੁਪਏ ਦਾ ਨੁਕਸਾਨ ਨਹੀਂ ਬਚਾ ਸਕੇ ਕਿਉਂਕਿ ਦੁਕਾਨ ਵਿੱਚ ਜ਼ਿਆਦਾਤਰ ਚੀਜ਼ਾਂ ਤੁਰੰਤ ਨਸ਼ਟ ਹੋ ਗਈਆਂ ਸਨ। Punjab Fire