Punjab News: ਪਰਾਲੀ ਨੂੰ ਖੇਤ ’ਚ ਰਲਾਉਣ ਲਈ ਪੀਏਯੂ ਵੱਲੋਂ ਨਵੀਂ ਮਸ਼ੀਨ ‘ਮਿੱਤਰ ਸੀਡਰ’ ਤਿਆਰ

Punjab News

Punjab News: ਮਸ਼ੀਨ ਦਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਲਾਲਦੀਵਾਲ ਵਿਖੇ ਕੀਤੀ ਅਜਮਾਇਸ਼

Punjab News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੰਜਾਬ ’ਚ ਖੇਤੀਬਾੜੀ ਖੇਤਰ ਵਿਚ ਪਰਾਲੀ ਦੀ ਸੰਭਾਲ ਦਾ ਮੁੱਦਾ ਕੁਝ ਸਾਲਾਂ ਤੋਂ ਪ੍ਰਮੁੱਖ ਚੁਣੌਤੀ ਬਣਿਆ ਹੋਇਆ ਹੈ। ਜਿਸ ਦੇ ਹੱਲ ਲਈ ਪਿਛਲੇ ਸਾਲਾਂ ਵਿਚ ਕਈ ਮਸ਼ੀਨਾਂ ਆਈਆਂ ਤੇ ਦੂਜੇ ਪਾਸੇ ਮਾਹਿਰਾਂ ਨੇ ਪਰਾਲੀ ਨੂੰ ਖੇਤ ’ਚ ਸੰਭਾਲਣ ਨੂੰ ਇਸ ਸਮੱਸਿਆ ਦਾ ਲਾਹੇਵੰਦ ਹੱਲ ਕਿਹਾ ਜੋ ਕਾਫੀ ਹੱਦ ਤੱਕ ਪ੍ਰਵਾਨ ਵੀ ਚੜਿ੍ਹਆ।

ਪਰਾਲੀ ਨੂੰ ਖੇਤ ਵਿਚ ਸੰਭਾਲਣ ਪੱਖੋਂ ਸੁਪਰ ਸੀਡਰ ਕਿਸਾਨਾਂ ਵੱਲੋਂ ਸਵੀਕਾਰੀ ਗਈ ਤਕਨੀਕ ਬਣੀ ਹੈ। ਜਿਸ ਨੇ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤ ਵਿਚ ਸੰਭਾਲਣ ਦਾ ਬਦਲ ਦਿੱਤਾ। ਇਸ ਮਸ਼ੀਨ ਦੀਆਂ ਕੁਝ ਸੀਮਾਵਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿਚ ਇਸ ਦੀ ਵਧੇਰੇ ਕੀਮਤ ਦੇ ਨਾਲ-ਨਾਲ ਇਸਨੂੰ ਠੀਕ ਤਰੀਕੇ ਨਾਲ ਚਲਾਉਣ ਲਈ ਉੱਚ ਸਮਰੱਥਾ (60 ਹਾਰਸ ਪਾਵਰ ਜਾਂ ਜ਼ਿਆਦਾ) ਵਾਲਾ ਟਰੈਕਟਰ ਲੋੜੀਂਦਾ ਰਿਹਾ, ਇਸ ਦੇ ਨਾਲ-ਨਾਲ ਇਹ ਮਸ਼ੀਨ ਰੋਜ਼ਾਨਾ ਸਿਰਫ਼ 5-6 ਏਕੜ ਰਕਬੇ ਵਿਚ ਪਰਾਲੀ ਦੀ ਸੰਭਾਲ ਕਰਨ ਦੇ ਯੋਗ ਸੀ। ਇਸਦੇ ਨਾਲ-ਨਾਲ ਕਣਕ ਦੇ ਧੌੜੀਆਂ ਵਿਚ ਜੰਮ ਤੋਂ ਬਚਣ ਲਈ ਮਿੱਟੀ ਵਿਚ ਵਧੇਰੇ ਸਿੱਲ੍ਹ ਦੀ ਲੋੜ ਮਹਿਸੂਸ ਕੀਤੀ ਗਈ ਸੀ। Punjab News

Read Also: Parneet Kaur ਦੀ ਅਗਵਾਈ ’ਚ ਭਾਜਪਾ ਵੱਲੋਂ ਸਨੌਰ ’ਚ ਧਰਨਾ ਪ੍ਰਦਰਸ਼ਨ

ਮੌਜੂਦਾ ਸਮੇਂ ਵਿਚ ਇਸ ਭਾਰੀ ਮਸ਼ੀਨ ਨੂੰ ਚਲਾਉਣ ਲਈ ਕਿਸਾਨਾਂ ਨੂੰ ਵੱਡੀ ਮਸ਼ੀਨਰੀ ਦੀ ਲੋੜ ਮਹਿਸੂਸ ਹੋਈ ਹੈ। ਇਨ੍ਹਾਂ ਸੀਮਾਵਾਂ ਦਾ ਉੱਤਰ ਤਲਾਸ਼ ਕਰਦਿਆਂ ਪੀ.ਏ.ਯੂ. ਨੇ ਇੱਕ ਨਵੀਂ ਮਸ਼ੀਨ ‘ਮਿੱਤਰ ਸੀਡਰ’ ਦਾ ਵਿਕਾਸ ਕੀਤਾ ਹੈ। ਜਿਹੜੇ ਕਿਸਾਨ ਪਰਾਲੀ ਨੂੰ ਖੇਤ ਵਿਚ ਵਾਹ ਕੇ ਸੰਭਾਲਣ ਨੂੰ ਪਹਿਲ ਦਿੰਦੇ ਹਨ ਪਰ ਸੁਪਰ ਸੀਡਰ ਦੀਆਂ ਸੀਮਾਵਾਂ ਉਨ੍ਹਾਂ ਲਈ ਅੜਿੱਕਾ ਬਣਦੀਆਂ ਹਨ, ਉਨ੍ਹਾਂ ਲਈ ਇਹ ਮਸ਼ੀਨ ਢੁੱਕਵਾਂ ਬਦਲ ਬਣ ਸਕਦੀ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਲਾਲਦੀਵਾਲ ਵਿਚ ਇਸ ਮਸ਼ੀਨ ਦਾ ਪ੍ਰੀਖਣ ਸਵੈ-ਸੇਵੀ ਸਮੂਹ ਵਚਨ ਦੀ ਸਹਾਇਤਾ ਨਾਲ ਕੀਤਾ ਗਿਆ, ਜਿੱਥੇ ਕਣਕ ਬੀਜਣ ਦੇ ਕੰਮ ਦੀ ਨਕਲ ਕੀਤੀ ਗਈ।

Punjab News

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮਸ਼ੀਨ ਕੰਬਾਈਨ ਦੇ ਵੱਢਣ ਤੋਂ ਬਾਅਦ ਪਰਾਲੀ ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਕੇ 7.25 ਇੰਚ ਦੀਆਂ ਕਤਾਰਾਂ ਵਿਚ ਕਣਕ ਦੀ ਬਿਜਾਈ ਕਰਦੀ ਹੈ। ਇਹ ਸਾਰਾ ਕਾਰਜ ਇੱਕੋ ਵਾਰੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਇਹ ਮਸ਼ੀਨ 50 ਹਾਰਸ ਪਾਵਰ ਦੇ ਦੋ ਚੱਕਿਆਂ ਦੀ ਖਿਚਾਈ ਵਾਲੇ ਟਰੈਕਟਰ ਦੀ ਸਹਾਇਤਾ ਨਾਲ ਚਲਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਇੱਕ ਦਿਨ ਵਿਚ 8-9 ਏਕੜ ਰਕਬੇ ਵਿਚ ਪਰਾਲੀ ਸੰਭਾਲ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੋ ਖੇਤ ਵਿਚ ਪਰਾਲੀ ਸੰਭਾਲਣ ਦੇ ਮੌਜੂਦਾ ਤਰੀਕਿਆਂ ਦੇ ਮੁਕਾਬਲੇ ਇਹ ਬਿਹਤਰ ਬਦਲ ਸਾਬਤ ਹੋ ਸਕਦਾ ਹੈ। ਮਸ਼ੀਨਰੀ ਨਿਰਮਾਤਾਵਾਂ ਨੇ ਇਸ ਮਸ਼ੀਨ ਦੇ ਨਿਰਮਾਣ ਵਿਚ ਆਪਣੀ ਦਿਲਚਸਪੀ ਵੀ ਦਿਖਾਈ ਹੈ। ਇਸ ਨਵੀਂ ਮਸ਼ੀਨ ਨੂੰ ਹਰ ਕਸੌਟੀ ’ਤੇ ਪਰਖਣ ਤੋਂ ਬਾਅਦ ਇਸਦੇ ਵਪਾਰੀਕਰਨ ਦਾ ਰਸਤਾ ਅਖਤਿਆਰ ਕਰਨ ਬਾਰੇ ਡਾ. ਗੋਸਲ ਨੇ ਭਰੋਸਾ ਦਿੱਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਮੁਤਾਬਕ ਮਿੱਤਰ ਸੀਡਰ ਦੇ ਪ੍ਰੀਖਣਾਂ ਤੋਂ ਬਹੁਤ ਲਾਹੇਵੰਦ ਸਿੱਟੇ ਸਾਹਮਣੇ ਆਏ ਹਨ।

ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮਸ਼ੀਨ ਪਰਾਲੀ ਦੀ ਸੰਭਾਲ ਦੇ ਮੁੱਦੇ ਨੂੰ ਸੌਖਾ ਅਤੇ ਕਿਫ਼ਾਇਤੀ ਹੱਲ ਦੇਣ ਵਿਚ ਸਫਲ ਰਹੇਗੀ। ਫਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਬਹੁਤ ਸਾਰੀਆਂ ਪਰਖਾਂ ਅਤੇ ਪ੍ਰੀਖਣਾਂ ਕਾਰਨ ਇਸ ਮਸ਼ੀਨ ਦੇ ਨਿਰਮਾਣ ਵਿਚ ਕੁਝ ਸਾਲ ਲੱਗੇ ਹਨ। ਇਸ ਮੌਕੇ ਗਦਰੀ ਬਾਬਾ ਦੁੱਲਾ ਸਿੰਘ, ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਦੇ ਅਹੁਦੇਦਾਰ ਡਾ. ਹਰਮਿੰਦਰ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here