By Election Punjab: ਮੰਡੀ ਧਨੌਲਾ (ਲਾਲੀ ਧਨੌਲਾ)। ਬਰਨਾਲਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦਾ ਪਾਰਟੀ ਅੰਦਰ ਵੱਡੇ ਪੱਧਰ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਸਿਰਕੱਢ ਆਗੂ ਗੁਰਦੀਪ ਸਿੰਘ ਬਾਠ ਨੇ ਪਾਰਟੀ ਤੋਂ ਬਗਾਵਤ ਕਰਦਿਆਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਇਸ ਸੀਟ ਲਈ ਮਜ਼ਬੂਤ ਦਾਅਵੇਦਾਰ ਰਹੇ ਆਪ ਦੇ ਪੁਰਾਣੇ ਨੌਜਵਾਨ ਆਗੂ ਅਤੇ ਮੌਜ਼ੂਦਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ (42) ਨੇ ਪ੍ਰੈਸ ਕਾਨਫਰੰਸ ਕਰਕੇ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇਣ ਦੇ ਫੈਸਲੇ ਨੂੰ ਸਿੱਧੀ ਚਣੌਤੀ ਦਿੰਦਿਆਂ ਪਾਰਟੀ ਹਾਈ ਕਮਾਨ ਨੂੰ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਚੌਵੀ ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਪਰ ਦਿਲਚਸਪ ਗੱਲ ਇਹ ਰਹੀ ਕਿ ਗੁਰਦੀਪ ਸਿੰਘ ਬਾਠ ਹੁਰਾਂ ਨੇ ਚੌਵੀ ਘੰਟਿਆਂ ਦਾ ਇੰਤਜ਼ਾਰ ਕਰਨ ਤੋਂ ਪਹਿਲਾਂ ਹੀ ਅੱਜ ਆਪਣੇ ਜ਼ੱਦੀ ਪਿੰਡ ਕੱਟੂ ਦੇ ਗੁਰਦੁਆਰਾ ਟਿੱਬੀਸਰ ਸਾਹਿਬ ਵਿਖੇ ਨਤਮਸਤਕ ਹੋਂ ਕੇ ਸੈਂਕੜੇ ਵਰਕਰਾਂ ਦੀ ਹਾਜ਼ਰੀ ਵਿੱਚ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ।
By Election Punjab
ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਪਾਰਟੀ ਤੇ ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਚਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਚੱਬੇਵਾਲ ਤੋਂ ਸਾਬਕਾ ਕਾਂਗਰਸੀ ਆਗੂ ਨੂੰ ਪਹਿਲਾਂ ਲੋਕ ਸਭਾ ਦੀ ਟਿਕਟ ਦੇ ਦਿੱਤੀ ਤੇ ਹੁਣ ਉਸ ਦੇ ਪੁੱਤਰ ਨੂੰ ਜ਼ਿਮਨੀ ਚੋਣ ਵਾਸਤੇ ਟਿਕਟ ਦੇ ਕੇ ਅਤੇ ਬਰਨਾਲਾ ਵਿੱਚ ਸਾਬਕਾ ਮੰਤਰੀ ਮੀਤ ਹੇਅਰ ਦੇ ਮਿੱਤਰ ਨੂੰ ਟਿਕਟ ਦੇ ਕੇ ਪਾਰਟੀ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਹੀ ਬਦਲਾਅ ਲਿਆਉਣਾ ਸੀ ਤਾਂ ਉਹ ਹੁਣ ਪਾਰਟੀ ਵਿੱਚ ਕੰਮ ਨਹੀਂ ਕਰ ਸਕਦੇ। ਉਨ੍ਹਾਂ ਭਰੇ ਮਨ ਨਾਲ ਆਪਣੇ ਸੈਂਕੜੇ ਵਰਕਰਾਂ ਦੀ ਹਾਜ਼ਰੀ ਵਿੱਚ ਗੁਰੂ ਘਰ ਤੋਂ ਇਹ ਐਲਾਨ ਕੀਤਾ ਕਿ ਕਿਸੇ ਵੀ ਹਾਲਾਤ ਵਿੱਚ ਉਹ ਹਰਿੰਦਰ ਸਿੰਘ ਧਾਲੀਵਾਲ ਨੂੰ ਪਾਰਟੀ ਦਾ ਉਮੀਦਵਾਰ ਸਵੀਕਾਰ ਨਹੀਂ ਕਰਨਗੇ ਤੇ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਨਗਾਰਾ ਵਜਾ ਦਿੱਤਾ।
Read Also : Ludhiana News: ਪਿਛਲੀਆਂ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਵੀ ਕਦਮ ਨਹੀਂ ਚੁੱਕਿਆ
ਜ਼ਿਕਰਯੋਗ ਹੈ ਕਿ ਸਾਂਸਦ ਮੀਤ ਹੇਅਰ ਦੀ ਲੋਕ ਸਭਾ ਚੋਣਾਂ ’ਚ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਬਾਕਾਇਦਾ ਤੌਰ ’ਤੇ ਜਿਹਨਾਂ ਲੋਕਾਂ ਨੂੰ ਆਪ ਵਿੱਚ ਸ਼ਾਮਲ ਕਰਵਾਇਆ ਸੀ, ਉਨ੍ਹਾਂ ਨੂੰ ਗੁਰਦੀਪ ਬਾਠ ਦੀ ਅਗਵਾਈ ਵਿੱਚ ਹੀ ਪਾਰਟੀ ਨਾਲ ਜੋੜਿਆਂ ਜਾਂਦਾ ਸੀ। ਲੋਕ ਸਭਾ ਚੋਣ ਵੇਲੇ ਇਹ ਵੀ ਚਰਚਾ ਚੱਲਦੀ ਰਹੀ ਹੈ ਕਿ ਬਲਤੇਜ ਪੰਨੂ ਨੂੰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਤੋਂ ਚੋਣ ਲੜਾ ਸਕਦੇ ਹਨ। ਗੁਰਦੀਪ ਸਿੰਘ ਬਾਠ ਵੱਲੋਂ ਅਜ਼ਾਦ ਤੌਰ ’ਤੇ ਚੋਣ ਲੜਨ ਦੇ ਐਲਾਨ ਨਾਲ ਆਪ ਉਮੀਦਵਾਰ ਨੂੰ ਨੁਕਸਾਨ ਹੋਣਾ ਤਾਂ ਲਾਜ਼ਮੀ ਹੈ ਹੀ, ਨਾਲ ਹੀ ਪਾਰਟੀ ਵੀ ਦੋ ਧੜਿਆਂ ਵਿੱਚ ਵੰਡੀ ਨਜ਼ਰ ਆਉਣ ਲੱਗ ਪਈ ਹੈ।
ਪਾਰਟੀ ਨੇ ਸਿਧਾਂਤਾਂ ਨੂੰ ਛਿੱਕੇ ਟੰਗਿਆ: ਬਾਠ
ਆਪਣਾ ਪੱਖ ਰੱਖਦਿਆਂ ਗੁਰਦੀਪ ਬਾਠ ਨੇ ਕਿਹਾ ਕਿ ਉਹ 2014 ਤੋਂ ਪਾਰਟੀ ਦੇ ਗਠਨ ਤੋਂ ਹੁਣ ਤੱਕ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸੂਬੇ ਜਿਵੇਂ ਗੁਜਰਾਤ ਅਤੇ ਹਰਿਆਣਾ ਵਿੱਚ ਵੀ ਮਿਲੀ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਆ ਰਹੇ ਸਨ। ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਗਰੂਰ ਤੋਂ ਸਾਂਸਦ ਚੁਣੇ ਜਾਣ ਤੋਂ ਬਾਅਦ ਪਾਰਟੀ ਹਾਈ ਕਮਾਨ ਨੇ ਪੱਕਾ ਭਰੋਸਾ ਦਿਵਾਇਆ ਹੋਇਆ ਸੀ ਕਿ ਬਰਨਾਲਾ ਜ਼ਿਮਨੀ ਚੋਣ ਲਈ ਅਗਲੇ ਉਮੀਦਵਾਰ ਗੁਰਦੀਪ ਸਿੰਘ ਬਾਠ ਹੀ ਹੋਣਗੇ। ਜਿਉਂ ਹੀ ਆਪ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਉਸ ਸੂਚੀ ਵਿੱਚ ਗੁਰਦੀਪ ਸਿੰਘ ਦਾ ਨਾਂਅ ਤਾਂ ਸ਼ਾਮਲ ਸੀ ਪਰ ਉਹ ਨਾਂਅ ਗੁਰਦੀਪ ਸਿੰਘ ਰੰਧਾਵਾ ਦਾ ਸੀ, ਜਿਸ ਨੂੰ ਪਾਰਟੀ ਨੇ ਡੇਰਾ ਬਾਬਾ ਨਾਨਕ ਤੋਂ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਹੈ।