ਜ਼ੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਕੇਂਦਰੀ ਜ਼ੇਲ੍ਹ ਲੁਧਿਆਣਾ ਦਾ ਅਚਨਚੇਤ ਨਿਰੀਖਣ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਦੇ ਜ਼ੇਲ੍ਹਾਂ ਅਤੇ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸੋਮਵਾਰ ਨੂੰ ਅਚਨਚੇਤ ਸਥਾਨਕ ਕੇਂਦਰੀ ਜ਼ੇਲ੍ਹ ਦਾ ਨਿਰੀਖਣ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਪਿਛਲੀਆਂ ਸਰਕਾਰਾਂ ਨੂੰ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਕਦਮ ਨਾ ਚੁੱਕੇ ਜਾਣ ’ਤੇ ਘੇਰਿਆ। Ludhiana News
ਭੁੱਲਰ ਨੇ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਵਿੱਚ ਕੋਈ ਵੀ ਕਦਮ ਨਹੀਂ ਉਠਾਇਆ। ਇੱਥੇ ਗੈਂਗਸਟਰਾਂ ਦਾ ਬੋਲਬਾਲਾ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੇਲਾਂ ਨੂੰ ਸੁਧਾਰ ਘਰ ਬਣਾਇਆ ਹੈ ਤੇ ਜੇਲਾਂ ਨੂੰ ਸਹੀ ਅਰਥਾਂ ਵਿੱਚ ਸੁਧਾਰ ਘਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ੇਲ੍ਹਾਂ ਵਿੱਚੋਂ ਮੋਬਾਈਲ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਨਕੇਲ ਪਾਉਣ ਲਈ ਹਰੇਕ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਐਡਵਾਂਸਡ ਤਕਨੀਕ ਵਾਲੇ ਸੀਸੀਟੀਵੀ ਕੈਮਰੇ ਸਥਾਪਤ ਕੀਤੇ ਗਏ ਹਨ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਪਨਿਆਂ ਦਾ ਪੰਜਾਬ ਦੇਖਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ। ਭੁੱਲਰ ਵੱਲੋਂ ਬੰਦੀ ਕੈਦੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਤੋਂ ਜ਼ੇਲ੍ਹ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ, ਦਿੱਤਾ ਜਾ ਰਿਹਾ ਖਾਣਾ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੇਂਦਰੀ ਜ਼ੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ ਵੱਲੋਂ ਜ਼ੇਲ੍ਹ ਵਿਚ ਕੀਤੇ ਵਧੀਆ ਪ੍ਰਬੰਧਾਂ ’ਤੇ ਮੰਤਰੀ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਜੇਲ ਅੰਦਰ ਵਧੀਆ ਪ੍ਰਬੰਧ ਜਾਰੀ ਰੱਖਣ ਲਈ ਕਿਹਾ। ਇਸ ਤੋਂ ਪਹਿਲਾਂ ਉਹਨਾਂ ਜ਼ੇਲ੍ਹ ਦਾ ਨਿਰੀਖਣ ਕੀਤਾ ਅਤੇ ਤਸੱਲੀ ਪ੍ਰਗਟਾਈ। Ludhiana News