Special Vaccination Week: ਤਲਵੰਡੀ ਭਾਈ/ਫਿਰੋਜ਼ਸ਼ਾਹ (ਬਸੰਤ ਸਿੰਘ ਬਰਾੜ)। ਸਿਵਲ ਸਰਜਨ ਤਰਨ ਤਾਰਨ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ਅੱਜ ਸੀ ਐਚ ਸੀ ਫਿਰੋਜ਼ਸ਼ਾਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਚੇਤਨ ਕੱਕੜ ਦੀ ਰਹਿਨੁਮਾਈ ਹੇਠ ਸਪੈਸ਼ਲ ਟੀਕਾਕਰਨ ਹਫ਼ਤੇ ਦਾ ਆਗਾਜ਼ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਚੇਤਨ ਕੱਕੜ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬੱਚਿਆਂ ਦੇ ਟੀਕਾਕਰਨ ਵਿੱਚ ਸੁਧਾਰ ਕਰਨ ਦੇ ਮਕਸਦ ਲਈ 21 ਤੋਂ 25 ਅਕਤੂਬਰ ਤਕ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ।
Read Also : Haryana News: ਹਰਿਆਣਾ ’ਚ 50 ਲੱਖ BPL ਪਰਿਵਾਰਾਂ ਨੂੰ ਸਿਰਫ 500 ਰੁਪਏ ’ਚ ਮਿਲੇਗਾ ਸਿਲੰਡਰ, ਹੁਣੇ ਭਰੋ ਫਾਰਮ!
ਇਸ ਹਫ਼ਤੇ ਵਿੱਚ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਜਿਹਨਾਂ ਬੱਚਿਆਂ ਦਾ ਕੋਈ ਟੀਕਾ ਛੁੱਟ ਗਿਆ ਹੈ , ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੀ ਐਚ ਸੀ ਫਿਰੋਜ਼ਸ਼ਾਹ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ ਪਹਿਲਾਂ ਘਰ – ਘਰ ਜਾ ਕੇ ਸਰਵੇ ਕੀਤਾ ਗਿਆ। ਸਰਵੇ ਵਿੱਚ ਸਾਹਮਣੇ ਆਏ ਬੱਚਿਆਂ ਨੂੰ ਸਪੈਸ਼ਲ ਟੀਕਾਕਰਨ ਹਫ਼ਤੇ ਵਿੱਚ ਟੀਕੇ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਖਾਸ ਕਰ ਭੱਠਿਆਂ, ਝੁੱਗੀਆਂ ਅਤੇ ਹੋਰ ਹਾਈ ਰਿਸਕ ਇਲਾਕਿਆਂ ਵਿੱਚ ਬੱਚੇ ਟੀਕਾਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਦਾਣਾ ਮੰਡੀਆਂ ਵਿੱਚ ਵੀ ਪ੍ਰਵਾਸੀ ਆਬਾਦੀ ਪੁੱਜੀ ਹੋਈ ਹੈ, ਉੱਥੇ ਵੀ ਸਿਹਤ ਵਿਭਾਗ ਵੱਲੋਂ ਸਪੈਸ਼ਲ ਟੀਕਾਕਰਨ ਸੈਸ਼ਨ ਲਗਾਏ ਜਾਣਗੇ।
Special Vaccination Week
ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਪੈਸ਼ਲ ਟੀਕਾਕਰਨ ਹਫ਼ਤੇ ਵਿੱਚ ਸੀ ਐਚ ਸੀ ਫਿਰੋਜ਼ਸ਼ਾਹ ਵਿੱਚ 62 ਸੈਸ਼ਨ ਲਗਾਏ ਜਾਣਗੇ ਜਿਹਨਾਂ ਵਿੱਚ 800 ਦੇ ਕਰੀਬ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਹਫ਼ਤੇ ਦੇ ਪਹਿਲੇ ਦਿਨ 168 ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਦੇ ਟੀਕੇ ਲਗਾਏ ਗਏ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਬੱਚੇ ਕਿਸੇ ਕਾਰਨ ਟੀਕੇ ਤੋਂ ਵਾਂਝੇ ਰਹਿ ਗਏ ਹਨ ਤਾਂ ਇਸ ਹਫ਼ਤੇ ਵਿੱਚ ਜ਼ਰੂਰ ਟੀਕੇ ਲਗਵਾ ਲੈਣ । ਇਸ ਮੌਕੇ ਸੀ ਐਚ ਸੀ ਫਿਰੋਜ਼ਸ਼ਾਹ ਦੇ ਏਐਨਐਮ , ਸੀਐਚਓ , ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸੈਸ਼ਨ ਲਗਾਏ ਗਏ।