Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਦੇ ਕਾਰਾਬਾਰਾ ਰੋਡ ’ਤੇ ਸਥਿੱਤ ਸਬਜ਼ੀ ਮੰਡੀ ’ਚ ਰੇਹੜੀ-ਫੜੀ ਲਗਾਉਣ ਵਾਲਿਆਂ ਨੇ ਯੂਜਰ ਚਾਰਜਿਜ ਦੀ ਜ਼ਬਰੀ ਵੱਧ ਵਸੂਲੀ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਉਨ੍ਹਾਂ ਨਿਊ ਸਬਜ਼ੀ ਮੰਡੀ ਆੜ੍ਹਤੀਆ ਐਸਸੀਏਸ਼ਨ ਦੀ ਅਗਵਾਈ ’ਚ ਕਮਿਸ਼ਨਰ ਪੁਲਿਸ ਨੂੰ ਮੰਗ ਪੱਤਰ ਦੇ ਕੇ ਹੋ ਰਹੀ ਲੁੱਟ ਨੂੰ ਰੋਕਣ ਦੀ ਮੰਗ ਕੀਤੀ।
ਇਸ ਮੌਕੇ ਨਿਊ ਸਬਜੀ ਮੰਡੀ ਆੜ੍ਹਤੀਆ ਐਸਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ, ਅਨਿੱਲ ਸਰਮਾ, ਸਾਜਨ ਵਾਧਵਾ, ਗੁਰਬਖਸੀਸ ਸਿੰਘ, ਰਾਜ ਕੁਮਾਰ, ਮਾਇਆ ਰਾਮ, ਅਰਵਿੰਦ, ਅਨਮੋਲ ਨੇ ਦੱਸਿਆ ਕਿ ਉਨ੍ਹਾਂ ਸਮੇਤ ਸੈਂਕੜੇ ਗਰੀਬ ਲੋਕ ਕਾਰਾਬਾਰਾ ਸਬਜ਼ੀ ਮੰਡੀ ’ਚ ਸਬਜ਼ੀ/ ਫਲਾਂ ਆਦਿ ਦੀਆਂ ਰੇਹੜੀਆਂ- ਫੜੀਆਂ ਲਗਾ ਕੇ ਆਪਣੇ ਪਰਿਵਾਰਾਂ ਲਈ ਹੱਢ- ਭੰਨਵੀਂ ਮਿਹਨਤ ਕਰ ਰਹੇ ਹਨ ਪਰ ਉਨ੍ਹਾਂ ਤੋਂ ਯੂਜਰ ਚਾਰਜਿਜ ਦੇ ਜ਼ਬਰੀ ਤਿੰਨ ਤੋਂ ਪੰਜ ਗੁਣਾ ਪੈਸੇ ਵਸੂਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹ੍ਵੋ: IND vs NZ: ਤੀਜੇ ਦਿਨ ਦੀ ਆਖਿਰੀ ਗੇਂਦ ‘ਤੇ ਕੋਹਲੀ ਆਊਟ, ਅਜੇ ਵੀ ਨਿਊਜੀਲੈਂਡ ਅੱਗੇ
ਉਨ੍ਹਾਂ ਦੱਸਿਆ ਕਿ ਰੇਹੜੀ-ਫੜੀ ਵਾਲਿਆਂ ਤੋਂ ਯੂਜਰ ਚਾਰਜਿਜ ਵਸੂਲਣ ਦਾ ਠੇਕਾ 1 ਅਪਰੈਲ 2024 ਤੋਂ 31 ਮਾਰਚ 2025 ਤੱਕ ਦਾ ਠੇਕੇਦਾਰ ਨੂੰ ਦਿੱਤਾ ਹੋਇਆ ਹੈ। ਜਿਸ ਦੇ ਤਹਿਤ 50 ਵਰਗ ਫੁੱਟ ਦੀ ਫੜੀ ਦਾ ਇੱਕ ਸੌ ਰੁਪਏ ਨਿਰਧਾਰਿਤ ਕੀਤਾ ਹੋਇਆ ਹੈ ਪ੍ਰੰਤੂ ਉਨ੍ਹਾਂ ਤੋਂ ਉਕਤ ਜਗ੍ਹਾ ਦੇ ਘੱਟੋ- ਘੱਟ 300 ਰੁਪਏ ਤੋਂ 500 ਰੁਪਏ ਤੱਕ ਦੀ ਵਸੂਲੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੰਡੀ ਬੋਰਡ ਵੱਲੋਂ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਦੋਪਹੀਆ ਵਾਹਨ ਮੰਡੀ ’ਚ ਫ਼ਰੀ ਕੀਤੇ ਹੋਏ ਹਨ ਪਰ ਇਸਦੇ ਵੀ 30 ਰੁਪਏ ਵਸੂਲ ਕੀਤੇ ਜਾ ਰਹੇ ਹਨ।
ਕਿਹਾ: ਨਿਰਧਾਰਿਤ ਰੇਟ ਤੋਂ ਵੱਧ ਹੋ ਰਹੀ ਜ਼ਬਰੀ ਵਸੂਲੀ ਸਬੰਧੀ ਮਾਰਕੀਟ ਕਮੇਟੀ ਤੇ ਉਚ ਅਫ਼ਸਰਾਂ ਨੂੰ ਵੀ ਕੀਤੀ ਸ਼ਿਕਾਇਤ, ਨਹੀਂ ਹੋਇਆ ਕੋਈ ਹੱਲ
ਉਕਤ ਤੋਂ ਇਲਾਵਾ ਸਇਕਲ ਰੇਹੜੀ ਦੇ ਪ੍ਰਤੀ ਚੱਕਰ 15 ਰੁਪਏ ਤੇ ਮਲਟੀਪਲ ਪਾਸ ਦਾ ਭਾਅ 30 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਬਾਵਜੂਦ ਇਸਦੇ ਸਾਇਕਲ ਰੇਹੜੀ ਵਾਲਿਆਂ ਤੋਂ 50 ਰੁਪਏ ਜ਼ਬਰੀ ਵਸੂਲ ਕੀਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਕੋਈ ਨਿਰਧਾਰਿਤ ਰੇਟਾਂ ਤੋਂ ਜ਼ਿਆਦਾ ਪੈਸੇ ਦੇਣ ਤੋਂ ਮਨ੍ਹਾ ਕਰਦਾ ਹੈ ਤਾਂ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਪੈਸੇ ਦੇਣ ’ਚ ਕੁੱਝ ਮਿੰਟ ਦੀ ਦੇਰੀ ਹੋਣ ’ਤੇ ਵੀ ਉਨ੍ਹਾਂ ਦੇ ਥੱਪੜ ਮਾਰੇ ਜਾਂਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀ ’ਚ ਯੂਜਰ ਚਾਰਜਿਜ ਵਸੂਲਣ ਦੇ ਨਾਂਅ ’ਤੇ ਚਿੱਟੇ ਦਿਨ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ, ਜਿਸ ਨੂੰ ਤੁਰੰਤ ਰੋਕ ਕੇ ਗਰੀਬ ਲੋਕਾਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਰੋਕਿਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਉਹ ਇਸ ਸਬੰਧੀ ਸਥਾਨਕ ਮਾਰਕੀਟ ਕਮੇਟੀ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਮੁਹਾਲੀ ਦੇ ਅਫ਼ਸਰਾਂ ਨੂੰ ਵੀ ਕਈ ਵਾਰ ਸ਼ਿਕਾਇਤ ਪੱਤਰ ਦੇ ਚੁੱਕੇ ਹਨ ਪਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। Ludhiana News
ਸੰਪਰਕ ਕੀਤੇ ਜਾਣ ’ਤੇ ਠੇਕੇਦਾਰ ਨੀਰਜ ਜੋਸ਼ੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ’ਤੇ ਇਲਾਜ਼ਮ ਲਗਾਉਣ ਵਾਲੇ ਲੋਕ ਡੱਮੀ ਹਨ ਅਤੇ ਇੰਨਾਂ ਦੀ ਅਗਵਾਈ ਕਰਨ ਵਾਲਾ ਵੀ ਨਜਾਇਜ਼ ਵਸੂਲੀ ਸਣੇ ਹੋਰ ਵੱਖ-ਵੱਖ ਜੁਰਮਾਂ ਤਹਿਤ ਦਰਜ਼ ਕੇਸ ’ਚ ਜਮਾਨਤ ’ਤੇ ਹੈ ਜੋ ਉਨ੍ਹਾਂ ਨੂੰ ਬਲੈਕਮੇਲ ਕਰਕੇ ਉਸ ਕੋਲੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਮਨ੍ਹਾ ਕੀਤੇ ਜਾਣ ’ਤੇ ਉਹ ਰੇਹੜੀ ਫੜੀ ਵਾਲਿਆਂ ਨੂੰ ਉਨ੍ਹਾਂ ਵਿਰੁੱਧ ਵਰਤ ਰਿਹਾ ਹੈ।