Punjab Panchayat Elections: ਕੈਮਰੇ ਦੀ ਨਜ਼ਰ ’ਚ ਰਹੇਗਾ ਪੰਚਾਇਤੀ ਚੋਣਾਂ ’ਚ ਹਰ ਬੂਥ

Punjab Panchayat Elections
Punjab Panchayat Elections: ਕੈਮਰੇ ਦੀ ਨਜ਼ਰ ’ਚ ਰਹੇਗਾ ਪੰਚਾਇਤੀ ਚੋਣਾਂ ’ਚ ਹਰ ਬੂਥ

ਰਾਜ ਚੋਣ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਰਿਕਾਰਡਿੰਗ ਕਰਨ ਦੇ ਆਦੇਸ਼ ਜਾਰੀ

Punjab Panchayat Elections: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਹਰ ਬੂਥ ’ਤੇ ਕੈਮਰੇ ਦੀ ਨਜ਼ਰ ਰਹੇਗੀ। ਬੂਥ ਦੇ ਅੰਦਰ ਅਤੇ ਬਾਹਰ ਹੋਣ ਵਾਲੀ ਹਰ ਗਤੀਵਿਧੀ ਨੂੰ ਕੈਮਰੇ ਰਾਹੀਂ ਰਿਕਾਰਡ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਪੰਚਾਇਤੀ ਚੋਣ ਲੜ ਰਿਹਾ ਉਮੀਦਵਾਰ ਇਹ ਦੋਸ਼ ਨਾ ਲਾ ਸਕੇ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਫਿਰ ਧਾਂਦਲੀ ਹੋਈ ਹੈ।

ਕਿਹਾ, ਹਾਈ ਕੋਰਟ ਦੇ ਹੁਕਮਾਂ ਦੀ ਹੋਵੇ ਤਾਮੀਲ

ਇਸ ਸਬੰਧੀ ਰਾਜ ਚੋਣ ਕਮਿਸ਼ਨਰ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਆਦੇਸ਼ਾਂ ਦੇ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਉਮੀਦਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਚੋਣਾਂ ਦੌਰਾਨ ਧੱਕੇਸ਼ਾਹੀ ਹੋਣ ਦਾ ਦਾਅਵਾ ਕਰ ਰਹੇ ਸਨ ਜਾਂ ਫਿਰ ਸ਼ੱਕ ਜ਼ਾਹਿਰ ਕਰ ਰਹੇ ਸਨ ਕਿ ਉਨ੍ਹਾਂ ਨਾਲ ਧੱਕਾ ਹੋਵੇਗਾ। ਹੁਣ ਵੀਡੀਓ ਰਿਕਾਰਡਿੰਗ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਫਿਕਰਮੰਦੀ ਤੋਂ ਨਿਜਾਤ ਮਿਲੇਗੀ।

ਇਹ ਵੀ ਪੜ੍ਹੋ: Diwali 2024: ਚਿਤਾਵਨੀ ! ਜੇ ਚਲਾਏ ਪਟਾਖੇ ਤਾਂ ਪੁਲਿਸ ਲੈ ਜਾਊ ਫੜਕੇ…

ਜਾਣਕਾਰੀ ਅਨੁਸਾਰ ਪੰਜਾਬ ਵਿੱਚ 13 ਹਜ਼ਾਰ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਵਿੱਚ ਹੋ ਰਹੀਆਂ ਚੋਣਾਂ ਸਬੰਧੀ ਕਾਫ਼ੀ ਜ਼ਿਆਦਾ ਹੰਗਾਮਾ ਹੋ ਰਿਹਾ ਹੈ। ਪੰਜਾਬ ਵਿੱਚ ਵਿਰੋਧੀ ਧਿਰਾਂ ਵੱਲੋਂ ਜਿੱਥੇ ਕਈ ਗ੍ਰਾਮ ਪੰਚਾਇਤਾਂ ਵਿੱਚ ਚੋਣ ਅਧਿਕਾਰੀਆਂ ’ਤੇ ਹੀ ਗੰਭੀਰ ਦੋਸ਼ ਲਾਏ ਜਾ ਰਹੇ ਹਨ ਉਥੇੇ ਹੀ ਸੱਤਾਧਾਰੀ ਪਾਰਟੀ ਨੂੰ ਵੀ ਘੇਰਿਆ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਦੌਰਾਨ ਪੰਜਾਬ ਦੇ ਚੋਣ ਅਧਿਕਾਰੀਆਂ ਤੋਂ ਲੈ ਕੇ ਰਾਜ ਦੇ ਚੋਣ ਕਮਿਸ਼ਨਰ ਤੱਕ ਦੀ ਕਾਰਗੁਜ਼ਾਰੀ ’ਤੇ ਉਂਗਲ ਤੱਕ ਉੱਠ ਗਈ ਸੀ ਜਿਸ ਤੋਂ ਬਾਅਦ ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਚੋਣਾਂ ਵਾਲੇ ਦਿਨ ਵੀ ਵੱਡੇ ਪੱਧਰ ’ਤੇ ਧੱਕੇਸ਼ਾਹੀ ਹੋ ਸਕਦੀ ਹੈ। ਜਿਸ ਸਬੰਧੀ ਪੰਜਾਬ ਦੇ ਰਾਜ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਚੋਣਾਂ ਵਾਲੇ ਦਿਨ ਤੱਕ ਬੂਥ ਅਤੇ ਬੂਥ ਦੇ ਬਾਹਰ 100 ਮੀਟਰ ਦੇ ਅੰਦਰ ਸਰਕਾਰੀ ਵਿਅਕਤੀ ਰਾਹੀਂ ਵੀਡੀਓ ਗ੍ਰਾਫੀ ਕਰਵਾਈ ਜਾਵੇਗੀ। Punjab Panchayat Elections

ਵੀਡੀਓ ਗ੍ਰਾਫ਼ੀ ਕਰਵਾਉਣ ਲਈ ਬਕਾਇਦਾ ਹਰ ਜ਼ਿਲੇ੍ਹ ਨੂੰ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ। ਰਾਜ ਚੋਣ ਅਧਿਕਾਰੀ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਦੇ ਹੋਏ ਬਕਾਇਦਾ ਕਮਿਸ਼ਨ ਦੇ ਦਫ਼ਤਰ ਨੂੰ ਸੂਚਨਾ ਵੀ ਦਿੱਤੀ ਜਾਵੇ ਤਾਂ ਕਿ ਕੋਈ ਵੀ ਪਿੰਡ ਦੀ ਪੰਚਾਇਤ ਇਸ ਵੀਡੀਓ ਰਿਕਾਰਡਿੰਗ ਤੋਂ ਵਾਂਝੀ ਨਾ ਰਹਿ ਜਾਵੇ।