‘ਕਾਲੇ ਪਾਣੀ ਦਾ ਮੋਰਚਾ’ ਨੂੰ ਲੁਧਿਆਣਾ ਬਾਰ ਐਸੋਸੀਏਸ਼ਨ ਨੇ ਡਟਵੀਂ ਦਿੱਤੀ ਹਮਾਇਤ

Kale Pani Da Morcha
‘ਕਾਲੇ ਪਾਣੀ ਦਾ ਮੋਰਚਾ’ ਨੂੰ ਲੁਧਿਆਣਾ ਬਾਰ ਐਸੋਸੀਏਸ਼ਨ ਨੇ ਡਟਵੀਂ ਦਿੱਤੀ ਹਮਾਇਤ

ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਬੇਹੱਦ ਗੰਭੀਰ ਮੁੱਦਾ, ਹੱਲ ਵਾਸਤੇ ਕਾਨੂੰਨੀ ਸਹਿਯੋਗ ਲਈ ਐਸੋਸੀਏਸ਼ਨ ਹਰ ਸਮੇਂ ਤਿਆਰ- ਐਡਵੋਕੇਟ ਲਾਡੀ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ‘ਕਾਲੇ ਪਾਣੀ ਦਾ ਮੋਰਚਾ’ ਦੇ ਆਗੂਆਂ ਨਾਲ ਹੋਈ। ਮਿਲਣੀ ਦਾ ਮੁੱਖ ਮੰਤਵ ਲੁਧਿਆਣੇ ਵਿੱਚੋਂ ਲੰਘਦੇ ਬੁੱਢੇ ਦਰਿਆ ਦੇ ਜ਼ਹਿਰੀ ਕਾਲੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਕਾਨੂੰਨ ਨੂੰ ਲਾਗੂ ਕਰਵਾਉਣਾ ਸੀ। ਵਿਚਾਰ-ਵਟਾਂਦਰੇ ਦੌਰਾਨ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਐਡਵੋਕੇਟ ਪਰਮਿੰਦਰ ਪਾਲ ਸਿੰਘ ਲਾਡੀ ਨੇ ਕਿਹਾ ਕਿ ਉਨ੍ਹਾਂ ਦੀ ਬਾਰ ਐਸੋਸੀਏਸ਼ਨ ਪੰਜਾਬ ਦੇ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਪੂਰੀ ਹਮਾਇਤ ਕਰਦੀ ਹੈ ਤੇ ਉਸ ’ਚ ਹਰ ਤਰ੍ਹਾਂ ਦਾ ਕਾਨੂੰਨੀ ਸਹਿਯੋਗ ਦੇਣ ਲਈ ਤਿਆਰ ਹੈ।

Read This : Harry Brook: ਟੁੱਟਿਆ ਸਹਿਵਾਗ ਦਾ ਰਿਕਾਰਡ, ਹੈਰੀ ਬਰੂਕ ਬਣੇ ਮੁਲਤਾਨ ਦੇ ਨਵੇਂ ਸੁਲਤਾਨ, ਪੜ੍ਹੋ ਕਿਵੇਂ

ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰੀ ਬੁੱਢੇ ਦਰਿਆ ਦੇ ਇਸ ਗੰਭੀਰ ਪ੍ਰਦੂਸ਼ਣ ਦੇ ਮਸਲੇ ਨੂੰ ਹੱਲ ਕਰਨ ਦੇ ਯਤਨ ਹੋਏ ਹਨ ਪਰ ਉਹ ਸਫਲ ਨਹੀਂ ਹੋ ਸਕੇ ਕਿਉਂਕਿ ਸਮੇਂ ਦੀਆਂ ਸਰਕਾਰਾਂ ਔਖੇ ਫੈਸਲੇ ਲੈਣ ਤੋਂ ਭੱਜਦੀਆਂ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਮੌਜੂਦਾ ਸਰਕਾਰ ਇਸ ਤੇ ਕਿੰਨੇ ਕੁ ਕਰੜੇ ਫੈਸਲੇ ਲੈਣ ਵਿੱਚ ਕਾਮਯਾਬ ਹੁੰਦੀ ਹੈ। ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਅਤੇ ਸਾਬਕਾ ਵਧੀਕ ਐਡਵੋਕੇਟ ਜਨਰਲ ਅਤੇ ਸਾਬਕਾ ਉਪ ਚੇਅਰਮੈਨ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਨੇ ਵਿਸ਼ਵਾਸ ਦਿਵਾਇਆ ਕਿ ਬਾਰ ਐਸੋਸੀਏਸ਼ਨ ਇਸ ਮਸਲੇ ਦੇ ਹੱਲ ਲਈ ਡੱਟ ਕੇ ਸਾਥ ਦੇਵੇਗੀ ਤਾਂ ਕਿ ਪ੍ਰਦੂਸ਼ਣ ਕਰਨ ਵਾਲੇ ਕਾਨੂੰਨ ਤੋਂ ਬਚ ਨਾ ਸਕਣ- ਅਤੇ ਸਮੇਂ ਦੀ ਸਰਕਾਰ ਵਲੋਂ ਕੀਤੀਆਂ ਵਧੀਕੀਆਂ ਖਿਲਾਫ ਉਹ ਮੋਰਚੇ ਨੂੰ ਮੁਫਤ ਕਾਨੂੰਨੀ ਸੇਵਾ ਦੇਣਗੇ।

ਮੋਰਚੇ ਦੇ ਅਮਿਤੋਜ ਮਾਨ ਨੇ ਕਿਹਾ ਕਿ ਬੁੱਢੇ ਦਰਿਆ ’ਚ ਪੈਂਦੇ ਡਾਇੰਗ ਤੇ ਹੋਰ ਉਦਯੋਗਾਂ ਦੇ ਸਾਰੇ ਗੈਰ ਕਨੂੰਨੀ ਅਉਟਲੈਟ ਬੰਦ ਕਰਵਾਉਣਾ ਪੰਜਾਬ ’ਚ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਲਈ ਅਤਿ ਜ਼ਰੂਰੀ ਹੈ ਤੇ ਇਸ ਗੈਰਕਨੂੰਨੀ ਵਰਤਾਰੇ ਨਾਲ ਟਾਕਰਾ ਲੈਣ ਲਈ ਤੇ ਕਨੂੰਨ ਦਾ ਰਾਜ ਸਥਾਪਿਤ ਕਰਨ ’ਚ ਵਕੀਲਾਂ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਨੇ ਲੁਧਿਆਣਾ ਬਾਰ ਐਸੋਸੀਏਸ਼ਨ ਦਾ ਇਸ ਮਸਲੇ ਤੇ ਸਾਥ ਦੇਣ ਦਾ ਧੰਨਵਾਦ ਕੀਤਾ। ਇਸ ਮੌਕੇ ਐਸੋਸਿਸ਼ਨ ਵੱਲੋਂ ਐਡਵੋਕੇਟ ਸੰਦੀਪ ਅਰੋੜਾ ਉਪ ਪ੍ਰਧਾਨ, ਐਡਵੋਕੇਟ ਰਜਿੰਦਰ ਭੰਡਾਰੀ ਸੰਯੁਕਤ ਸਕੱਤਰ, ਐਡਵੋਕੇਟ ਕਾਰਨਿਸ਼ ਗੁਪਤਾ ਫਾਇਨਾਂਸ ਸਕੱਤਰ, ਐਡਵੋਕੇਟ ਆਂਚਲ ਕਪੂਰ, ਐਡਵੋਕੇਟ ਪਾਰਸ ਸ਼ਰਮਾ, ਐਡਵੋਕੇਟ ਦਿਵਿਆ, ਐਡਵੋਕੇਟ ਵੰਸ਼ਿਕਾ, ਐਡਵੋਕੇਟ ਯੋਗੇਸ਼ ਖੰਨਾ, ਐਡਵੋਕੇਟ ਸਰਬਜੀਤ ਸਿੰਘ ਸ਼ਾਮਿਲ ਹੋਏ ਅਤੇ ਕਾਲੇ ਪਾਣੀ ਦਾ ਮੋਰਚਾ ਵੱਲੋਂ ਡਾ. ਅਮਨਦੀਪ ਸਿੰਘ ਬੈਂਸ, ਕਪਿਲ ਅਰੋੜਾ, ਜਸਕੀਰਤ ਸਿੰਘ, ਕੁਲਦੀਪ ਸਿੰਘ ਖਹਿਰਾ ਤੇ ਕਰਨਲ ਜਸਜੀਤ ਗਿੱਲ ਸਾਬਕਾ ਮੈਂਬਰ ਬੁੱਢਾ ਦਰਿਆ ਟਾਸ਼ਕ ਫੋਰਸ ਵੀ ਸ਼ਾਮਲ ਸਨ।

LEAVE A REPLY

Please enter your comment!
Please enter your name here