INDW Vs PAKW: ਮਹਿਲਾ ਟੀ20 ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ

INDW Vs PAKW
INDW Vs PAKW: ਮਹਿਲਾ ਟੀ20 ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ

ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11 | INDW Vs PAKW

  • ਸੈਮੀਫਾਈਨਲ ’ਚ ਪਹੁੰਚਣ ਲਈ ਭਾਰਤ ਨੂੰ ਜਿੱਤ ਜ਼ਰੂਰੀ

ਸਪੋਰਟਸ ਡੈਸਕ। INDW Vs PAKW: ਮਹਿਲਾ ਟੀ20 ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਆਪਣੇ ਸਖਤ ਵਿਰੋਧੀ ਪਾਕਿਸਤਾਨ ਨਾਲ ਹੈ। ਭਾਰਤੀ ਟੀਮ ਨੂੰ ਸੈਮੀਫਾਈਨਲ ਦੀ ਦੌੜ ’ਚ ਬਣੇ ਰਹਿਣ ਲਈ ਜਿੱਤ ਜ਼ਰੂਰੀ ਹੈ। ਭਾਰਤੀ ਮਹਿਲਾ ਟੀਮ ਨੂੰ ਆਪਣੇ ਪਹਿਲੇ ਮੁਕਾਬਲੇ ’ਚ ਨਿਊਜੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਹੁਣ ਭਾਰਤੀ ਟੀਮ ਨੂੰ ਜਿੱਤ ਜ਼ਰੂਰੀ ਹੈ। ਟੀ20 ਵਿਸ਼ਵ ਕੱਪ ਤੇ ਟੀ20 ਫਾਰਮੈਟ ’ਚ ਦੋਵਾਂ ’ਚ ਭਾਰਤੀ ਟੀਮ ਪਾਕਿਸਤਾਨ ’ਤੇ ਹਾਵੀ ਰਹੀ ਹੈ। ਵਿਸ਼ਵ ਕੱਪ ’ਚ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ 7 ਮੈਚ ਖੇਡੇ ਗਏ ਹਨ, ਜਿਸ ਵਿੱਚ 5 ਭਾਰਤੀ ਟੀਮ ਨੇ ਜਿੱਤੇ ਤੇ 2 ਪਾਕਿਸਤਾਨੀ ਟੀਮ ਨੇ ਜਿੱਤੇ ਹਨ।

ਇਹ ਵੀ ਪੜ੍ਹੋ : India Vs Bangladesh: ਭਾਰਤ ਨੇ ਬੜ੍ਹਤ ਲੈ ਕੇ ਪਹਿਲੀ ਪਾਰੀ ਐਲਾਨੀ, ਯਸ਼ਸਵੀ ਤੇ ਰਾਹੁਲ ਦੇ ਅਰਧਸੈਂਕੜੇ

ਹੁਣ ਮੈਚ ਸਬੰਧੀ ਜਾਣਕਾਰੀ | INDW Vs PAKW

  • ਫਾਰਮੈਟ : ਮਹਿਲਾ ਟੀ20 ਵਿਸ਼ਵ ਕੱਪ 2024
  • ਟੀਮਾਂ : ਭਾਰਤ ਬਨਾਮ ਪਾਕਿਸਤਾਨ
  • ਕਦੋਂ : 6 ਅਕਤੂਬਰ
  • ਸਮਾਂ : ਟਾਸ ਦੁਪਹਿਰ 3 ਵਜੇ, ਮੈਚ ਸ਼ੁਰੂ : ਦੁਪਹਿਰ 3:30 ਵਜੇ
  • ਸਟੇਡੀਅਮ : ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਦੁਬਈ

ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ

ਮਹਿਲਾ ਟੀ-20 ਵਿਸ਼ਵ ਕੱਪ ’ਚ ਸਿਰਫ 10 ਟੀਮਾਂ ਹੀ ਹਿੱਸਾ ਲੈ ਰਹੀਆਂ ਹਨ। 5-5 ਟੀਮਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ ਹੈ। ਭਾਰਤੀ ਟੀਮ ਗਰੁੱਪ-ਏ ’ਚ ਹੈ। ਭਾਰਤ ਤੋਂ ਇਲਾਵਾ ਇਸ ਗਰੁੱਪ ’ਚ ਨਿਊਜੀਲੈਂਡ, ਅਸਟਰੇਲੀਆ, ਪਾਕਿਸਤਾਨ ਤੇ ਸ਼੍ਰੀਲੰਕਾ ਸ਼ਾਮਲ ਹਨ। ਇੱਕ ਟੀਮ ਗਰੁੱਪ ਪੜਾਅ ’ਚ 4 ਮੈਚ ਖੇਡੇਗੀ। ਗਰੁੱਪ ਗੇੜ ਖਤਮ ਹੋਣ ਤੋਂ ਬਾਅਦ ਅੰਕ ਸੂਚੀ ਵਿੱਚ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ।

ਮੈਚ ਦੀ ਮਹੱਤਤਾ | INDW Vs PAKW

ਇਸ ਵਿਸ਼ਵ ਕੱਪ ’ਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਜਿੱਥੇ ਪਾਕਿਸਤਾਨ ਆਪਣਾ ਪਹਿਲਾ ਮੈਚ ਜਿੱਤ ਕੇ ਗਰੁੱਪ-ਏ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਜਦਕਿ ਭਾਰਤ ਪਹਿਲਾ ਮੈਚ ਹਾਰ ਕੇ ਪੰਜਵੇਂ ਸਥਾਨ ’ਤੇ ਹੈ। ਇਹ ਮੈਚ ਭਾਰਤ ਲਈ ਬਹੁਤ ਮਹੱਤਵਪੂਰਨ ਹੋਵੇਗਾ। ਕਿਉਂਕਿ ਇਸ ਗਰੁੱਪ ’ਚੋਂ ਟਾਪ-2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ, ਭਾਰਤੀ ਟੀਮ ਇਹ ਮੈਚ ਜਿੱਤ ਕੇ ਦੌੜ ’ਚ ਬਣੇ ਰਹਿਣਾ ਚਾਹੇਗੀ।

ਪਾਕਿਸਤਾਨ ਖਿਲਾਫ ਭਾਰਤੀ ਟੀਮ ਮਜਬੂਤ

ਭਾਰਤੀ ਮਹਿਲਾ ਟੀਮ ਨੇ ਟੀ-20 ਕ੍ਰਿਕੇਟ ’ਚ ਪਾਕਿਸਤਾਨ ’ਤੇ ਦਬਦਬਾ ਬਣਾ ਲਿਆ ਹੈ। ਦੋਵਾਂ ਵਿਚਾਲੇ 2009 ਤੋਂ ਹੁਣ ਤੱਕ 15 ਮੈਚ ਖੇਡੇ ਗਏ ਹਨ। ਇਸ ’ਚ ਭਾਰਤ ਨੇ 12 ਮੈਚ ਜਿੱਤੇ ਤੇ ਪਾਕਿਸਤਾਨ ਨੇ 3 ਮੈਚ ਜਿੱਤੇ। ਦੋਵਾਂ ਵਿਚਕਾਰ ਆਖਰੀ ਟੀ-20 ਮੈਚ ਇਸ ਸਾਲ ਜੁਲਾਈ ’ਚ ਏਸ਼ੀਆ ਕੱਪ ਦੌਰਾਨ ਖੇਡਿਆ ਗਿਆ ਸੀ। ਜਿਸ ’ਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਭਾਰਤ ਨੂੰ ਬੱਲੇਬਾਜੀ ਤੇ ਗੇਂਦਬਾਜੀ ਦੋਵਾਂ ’ਚ ਪ੍ਰਦਰਸ਼ਨ ਕਰਨਾ ਹੋਵੇਗਾ

ਭਾਰਤ ਦੀ ਸਟਾਰ ਬੱਲੇਬਾਜ ਸਮ੍ਰਿਤੀ ਮੰਧਾਨਾ ਇਸ ਸਾਲ ਟੀ-20 ਕ੍ਰਿਕੇਟ ’ਚ 507 ਦੌੜਾਂ ਬਣਾ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ ਹੈ। ਪਰ ਨਿਊਜੀਲੈਂਡ ਖਿਲਾਫ ਆਖਰੀ ਮੈਚ ’ਚ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ। ਭਾਰਤ ਦੀ ਬੱਲੇਬਾਜੀ ਲਾਈਨਅੱਪ ’ਚ ਡੂੰਘਾਈ ਹੈ, ਪਰ ਨਿਊਜੀਲੈਂਡ ਖਿਲਾਫ਼ ਕੋਈ ਵੀ ਬੱਲੇਬਾਜ ਵੱਡੀ ਪਾਰੀ ਨਹੀਂ ਖੇਡ ਸਕਿਆ। ਦੀਪਤੀ ਸ਼ਰਮਾ ਇਸ ਸਾਲ ਗੇਂਦਬਾਜੀ ’ਚ ਸਿਖਰ ’ਤੇ ਹੈ ਪਰ ਉਸ ਨੂੰ ਵੀ ਪਹਿਲੇ ਮੈਚ ’ਚ ਕੋਈ ਵਿਕਟ ਨਹੀਂ ਮਿਲੀ। ਅੱਜ ਜਿੱਤਣ ਲਈ ਟੀਮ ਨੂੰ ਬੱਲੇਬਾਜੀ ਤੇ ਗੇਂਦਬਾਜੀ ਦੋਵਾਂ ਵਿਭਾਗਾਂ ’ਚ ਸਿਖਰਲਾ ਪ੍ਰਦਰਸ਼ਨ ਦੇਣਾ ਹੋਵੇਗਾ।

ਪਾਕਿਸਤਾਨੀ ਗੇਂਦਬਾਜੀ ਹਮਲੇ ਤੋਂ ਸਾਵਧਾਨ ਰਹਿਣਾ ਹੋਵੇਗਾ

ਮੁਨੀਬਾ ਅਲੀ ਨੇ ਇਸ ਸਾਲ ਪਾਕਿਸਤਾਨ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਦੇ ਨਾਂਅ 16 ਮੈਚਾਂ ’ਚ 375 ਦੌੜਾਂ ਹਨ। ਟੀਮ ਕੋਲ ਨਿਦਾ ਡਾਰ, ਕਪਤਾਨ ਫਾਤਿਮਾ ਸਨਾ ਤੇ ਸਾਦੀਆ ਇਕਬਾਲ ਵਰਗੇ ਮਹਾਨ ਗੇਂਦਬਾਜ ਹਨ। ਸਾਦੀਆ ਸਾਲ ਦੀ ਚੋਟੀ ਦੀ ਵਿਕਟ ਲੈਣ ਵਾਲੀ ਗੇਂਦਬਾਜ ਹੈ। ਉਸ ਨੇ 16 ਮੈਚਾਂ ’ਚ 27 ਵਿਕਟਾਂ ਲਈਆਂ ਹਨ।

ਪਿਚ ਰਿਪੋਰਟ ਤੇ ਰਿਕਾਰਡ

ਭਾਰਤ ਦਾ ਇਹ ਮੈਚ ਵੀ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਣਾ ਹੈ। ਇੱਥੇ ਦੀ ਪਿੱਚ ਬੱਲੇਬਾਜੀ ਦੇ ਅਨੁਕੂਲ ਹੈ। ਤੇਜ ਗੇਂਦਬਾਜਾਂ ਨੂੰ ਵੀ ਸ਼ੁਰੂਆਤ ’ਚ ਮਦਦ ਮਿਲ ਸਕਦੀ ਹੈ। ਇਸ ਸਟੇਡੀਅਮ ’ਚ ਹੁਣ ਤੱਕ 7 ਮਹਿਲਾ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 3 ਮੈਚ ਜਿੱਤੇ ਹਨ ਤੇ ਪਿੱਛਾ ਕਰਨ ਵਾਲੀ ਟੀਮ ਨੇ 4 ਮੈਚ ਜਿੱਤੇ ਹਨ।

ਮੌਸਮ ਦੀ ਸਥਿਤੀ

ਮੈਚ ਵਾਲੇ ਦਿਨ ਦੁਬਈ ’ਚ ਬਹੁਤ ਤੇਜ ਧੁੱਪ ਤੇ ਗਰਮੀ ਹੋਵੇਗੀ। ਇੱਥੇ ਤਾਪਮਾਨ 29 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਰਫਤਾਰ 15 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼ (ਵਿਕਟਕੀਪਰ), ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ, ਆਸ਼ਾ ਸ਼ੋਭਨਾ ਤੇ ਰੇਣੁਕਾ ਸਿੰਘ।

ਪਾਕਿਸਤਾਨ : ਫਾਤਿਮਾ ਸਨਾ (ਕਪਤਾਨ), ਮੁਨੀਬਾ ਅਲੀ, ਗੁਲ ਫਿਰੋਜ, ਸਿਦਰਾ ਅਮੀਨ, ਅਮਾਇਮਾ ਸੋਹੇਲ, ਨਿਦਾ ਡਾਰ, ਤੂਬਾ ਹਸਨ, ਆਲੀਆ ਰਿਆਜ, ਡਾਇਨਾ ਬੇਗ, ਨਸਰਾ ਸੰਧੂ ਤੇ ਸ਼ਾਦੀਆ ਇਕਬਾਲ।

LEAVE A REPLY

Please enter your comment!
Please enter your name here