Paddy Price Punjab: ਫਸਲ ਦੀ ‘ਬੇਕਦਰੀ’ ਤੋਂ ਦੁਖੀ ਕਿਸਾਨਾਂ ਸੜਕਾਂ ’ਤੇ ਖਿਲਾਰੀ ਬਾਸਮਤੀ, ਕੀਤਾ ਰੋਸ ਪ੍ਰਦਰਸ਼ਨ

Paddy Price Punjab
ਅੰਮ੍ਰਿਤਸਰ : ਡੀਸੀ ਦਫ਼ਤਰ ਅੱਗੇ ਝੋਨੇ ਦਾ ਢੇਰ ਲਾਉਂਦੇ ਹੋਏ ਕਿਸਾਨ।

ਡੀਸੀ ਦਫ਼ਤਰ ਅੱਗੇ ਝੋਨੇ ਦੇ ਢੇਰ ਲਾ ਕੇ ਕੀਤਾ ਰੋਸ ਪ੍ਰਦਰਸ਼ਨ

Paddy Price Punjab: (ਰਾਜਨ ਮਾਨ) ਅੰਮ੍ਰਿਤਸਰ। ਬਾਸਮਤੀ ਅਤੇ ਝੋਨੇ ਦੇ ਅੱਧ ਤੋਂ ਵੀ ਘੱਟ ਰੇਟ ਵਿਕਣ ਕਾਰਨ ਨਾਰਾਜ਼ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਅੱਗੇ ਬਾਸਮਤੀ ਦੇ ਢੇਰ ਲਾਏ ਅਤੇ ਟਰਾਲੀਆਂ ਭਰ ਕੇ ਸ਼ਹਿਰ ਦੀਆਂ ਸੜਕਾਂ ’ਤੇ ਬਾਸਮਤੀ ਖਿਲਾਰ ਦਿੱਤੀ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਕਿਸਾਨ ਦੀ ਬਾਸਮਤੀ ਦੀ ਅੱਧੇ ਮੁੱਲ ’ਤੇ ਲੁੱਟ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Ayushman Scheme Funds: ਆਯੁਸ਼ਮਾਨ ਸਕੀਮ ਫੰਡਾਂ ਦੀ ਦੁਰਵਰਤੋਂ ਸਬੰਧੀ ਪਰਨੀਤ ਕੌਰ ਤੇ ਜੈਇੰਦਰ ਕੌਰ ਨੇ ਸਰਕਾਰ ਨੂੰ ਘੇਰ…

ਉਨ੍ਹਾਂ ਕਿਹਾ ਕਿ ਬਾਸਮਤੀ ਦੀਆਂ ਕਿਸਮ 1692 ਅਤੇ 1509 ਦਾ ਰੇਟ 2000 ਤੋਂ 2400 ਤੱਕ ਮਿਲ ਰਿਹਾ ਹੈ ਸਗੋਂ ਕੁਝ ਕਿਸਾਨਾਂ ਦੀ ਫ਼ਸਲ 1800 ਤੱਕ ਵੀ ਵਿਕੀ ਹੈ ਜਦਕਿ ਪਿਛਲੇ ਸਾਲ ਇਸੇ ਫਸਲ ਦਾ ਰੇਟ 3500-4000 ਦੇ ਵਿੱਚ ਰਿਹਾ ਸੀ, ਜਿਸ ਕਾਰਨ ਹਰ ਕਿਸਾਨ ਨੂੰ 25-30 ਹਜ਼ਾਰ ਦਾ ਸਿੱਧਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਕਿ ਜੇਕਰ ਬਾਸਮਤੀ ਦਾ ਰੇਟ 3200 ਰੁਪਏ ਤੋਂ ਘਟੇਗਾ ਤਾਂ ਇਹ ਘਾਟਾ ਪੰਜਾਬ ਸਰਕਾਰ ਪੂਰਾ ਕਰੇਗੀ ਪਰ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਚੁੱਪ ਬੈਠੀ ਹੈ ਅਤੇ ਕਿਸਾਨ ਲੁੱਟਿਆ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਏਨੇ ਵੱਡੇ ਘਾਟੇ ਕਾਰਨ ਕਿਸਾਨ ਅਤੇ ਉਸ ਨਾਲ ਜੁੜੇ ਮਜ਼ਦੂਰ ਖ਼ੁਦਕੁਸ਼ੀਆਂ ਦੇ ਰਾਹ ਤੁਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਪੰਜਾਬ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਹੱਕ ’ਚ ਡੱਟ ਆਵਾਜ਼ ਚੱਕੀ ਹੈ ਜਿਸ ਕਾਰਨ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਪੰਜਾਬ ਦੀ ਬਾਸਮਤੀ ਨੂੰ ਕਿਸੇ ਬਦਲੇ ਦੀ ਭਾਵਨਾ ਤਹਿਤ ਰੋਲਿਆ ਜਾ ਰਿਹਾ ਹੈ।

ਇਸ ਮੌਕੇ ਹਾਜ਼ਰ ਬੀ ਕੇ ਯੂ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਕਿਸਾਨ ਦੀ ਕਿਰਤ ਦੀ ਅਜਿਹੀ ਲੁੱਟ ਨਾ ਕੀਤੀ ਜਾ ਸਕੇ ਇਸੇ ਕਰਕੇ ਅੱਜ ਦਿੱਲੀ ਅੰਦੋਲਨ-2 ਵਿੱਚ ਅਸੀਂ ਫ਼ਸਲਾਂ ਦੀ ਖਰੀਦ ਤਹਿ ਐਮਐਸਪੀ ਤੇ ਕਰਨ ਦੀ ਗਰੰਟੀ ਕਨੂੰਨ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ਵਿਚ ਤਿੱਖੇ ਐਕਸ਼ਨ ਵੀ ਜਾਣਗੇ। Paddy Price Punjab

ਪੰਜਾਬ ਸਰਕਾਰ ਤੁਰੰਤ ਐਕਸ਼ਨ ਲਵੇ

ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਐਕਸ਼ਨ ਲਵੇ ਅਤੇ ਇਸ ਲੁੱਟ ਨੂੰ ਰੋਕੇ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਲੋਕ ਹਿੱਤਾਂ ਦੀ ਤਰਜ਼ਮਾਨੀ ਕਰਦੇ ਹੋਏ ਅਜਿਹਾ ਹੀ ਰੋਸ ਪ੍ਰਦਰਸ਼ਨ ਜਿਲ੍ਹਾ ਗੁਰਦਾਸਪੁਰ ਵਿੱਚ 30 ਸਤੰਬਰ ਨੂੰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਉਸਾਰਨ ਲਈ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਬਿੰਦੂ, ਬਾਜ਼ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਗੁਰਦੇਵ ਸਿੰਘ ਗਗੋਮਾਹਲ, ਕੁਲਜੀਤ ਸਿੰਘ ਕਾਲੇ, ਮੰਗਜੀਤ ਸਿੰਘ ਸਿੱਧਵਾਂ, ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਸੈਕੜੇ ਕਿਸਾਨ ਮਜ਼ਦੂਰ ਹਾਜ਼ਿਰ ਰਹੇ। Paddy Price Punjab