Panchayat Elections Punjab: ਇਮਾਨਦਾਰੀ ਨਾਲ ਕੰਮ ਕਰਨ ਦੇ ਕੀਤੇ ਦਾਅਵੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਪੰਚੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਰਪੰਚੀ ਚੋਣਾਂ ਦੇ ਚਾਹਵਾਨ ਸੋਸ਼ਲ ਮੀਡੀਆ ਰਾਹੀਂ ਸਰਪੰਚੀ ਚੋਣਾਂ ਵਿੱਚ ਕੁੱਦ ਪਏ ਹਨ। ਸਰਪੰਚੀ ਦੇ ਇਨ੍ਹਾਂ ਚਾਹਵਾਨਾਂ ਵੱਲੋਂ ਲੋਕਾਂ ਤੋਂ ਹਮਾਇਤ ਦੀ ਮੰਗ ਵੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਰਪੰਚੀ ਚੋਣਾਂ ਦੇ ਚਾਹਵਾਨ ਲੰਮੇ ਸਮੇਂ ਤੋਂ ਸਰਪੰਚੀ ਦੀਆਂ ਚੋਣਾਂ ਦੀ ਉਡੀਕ ਵਿੱਚ ਸਨ। ਸਭ ਤੋਂ ਵੱਧ ਇੰਤਜਾਰ ਆਮ ਆਦਮੀ ਪਾਰਟੀ ਨਾਲ ਜੁੜੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਸੀ। ਅੱਜ ਦੁਪਹਿਰ ਜਿਓਂ ਹੀ ਚੋਣ ਕਮਿਸ਼ਨ ਵੱਲੋਂ ਪੰਜਾਬ ਅੰਦਰ ਸਰਪੰਚੀ ਚੋਣਾਂ ਦਾ ਐਲਾਨ ਕੀਤਾ ਗਿਆ ਤਾਂ ਸੋਸ਼ਲ ਮੀਡੀਆ ’ਤੇ ਸਰਪੰਚੀ ਦੇ ਦਾਅਵੇਦਾਰ ਸਾਹਮਣੇ ਆ ਗਏ ਹਨ। Panchayat Elections Punjab
ਪਿੰਡਾਂ ਅੰਦਰ ਚੋਣਾਂ ਨੂੰ ਲੈ ਕੇ ਚਾਅ ਚੜ੍ਹਿਆ | Panchayat Elections Punjab
ਸਰਪੰਚੀ ਦੇ ਦਾਅਵੇਦਾਰਾਂ ਵੱਲੋਂ ਆਪਣੀਆਂ ਪੋਸਟਾਂ ਰਾਹੀਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡ ਦੇ ਚੰਗੇ ਭਵਿੱਖ ਲਈ ਉਸ ਨੂੰ ਵੋਟਾਂ ਪਾਕੇ ਸਫ਼ਲ ਬਣਾਉਣ। ਇਸ ਦੇ ਨਾਲ ਹੀ ਸਰਪੰਚੀ ਦੀ ਦਾਅਵੇਦਾਰਾਂ ਦੇ ਸਮਰੱਥਕਾਂ ਵੱਲੋਂ ਵੱਖਰੇ ਤੌਰ ’ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਆਪਣੇ ਉਮੀਦਵਾਰ ਲਈ ਮੁਹਿੰਮ ਸ਼ੁਰੁੂ ਕਰ ਦਿੱਤੀ ਹੈ। ਇੱਧਰ ਭਾਵੇਂ ਕਿ ਚੋਣਾਂ ਦਾ ਐਲਾਨ ਹੋ ਗਿਆ ਹੈ, ਪਰ ਅਜੇ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਰਾਖਵੇਕਰਨ ਦੀਆਂ ਲਿਸਟਾਂ ਆਊਟ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਕਈ ਚਾਹਵਾਨ ਭੰਬਲਭੂਸੇ ਵਿੱਚ ਫਸੇ ਹੋਏ ਹਨ। ਸਰਪੰਚੀ ਚੋਣਾਂ ਸਬੰਧੀ ਚਾਹਵਾਨਾਂ ਨੂੰ ਸਮਾਂ ਘੱਟ ਮਿਲਿਆ ਹੈ, ਜਿਸ ਕਾਰਨ ਚਾਹਵਾਨਾਂ ਵੱਲੋਂ ਐਲਾਨ ਤੋਂ ਤੁਰੰਤ ਬਾਅਦ ਹੀ ਪਿੰਡਾਂ ਅੰਦਰ ਆਪਣਾ ਰਾਬਤਾ ਵਧਾ ਦਿੱਤਾ ਗਿਆ ਹੈ।
Read Also : Lehragaga News: ਵੱਖ-ਵੱਖ ਸੰਸਥਾਵਾਂ ਨੇ ਬਰਿੰਦਰ ਗੋਇਲ ਨੂੰ ਮੰਤਰੀ ਬਣਨ ’ਤੇ ਦਿੱਤੀ ਮੁਬਾਰਕਬਾਦ
ਚਾਹਵਾਨਾਂ ਵੱਲੋਂ ਸ਼ਾਮ ਨੂੰ ਹੀ ਆਪਣੇ ਆਪਣੇ ਸਮਰੱਥਕਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ। ਸਰਪੰਚੀ ਚੋਣਾਂ ਦੇ ਚਾਹਵਾਨ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਉਹ ਤਾਂ ਪਿਛਲੇ ਕਈ ਮਹੀਨਿਆਂ ਤੋਂ ਸਰਪੰਚੀ ਦੀ ਚੋਣ ਦੀ ਉਡੀਕ ’ਚ ਸਨ। ਉਨ੍ਹਾਂ ਦੱਸਿਆ ਕਿ ਅੱਜ ਤੋਂ ਹੀ ਉਨ੍ਹਾਂ ਵੱਲੋਂ ਪਿੰਡ ਅੰਦਰ ਆਪਣਾ ਰਾਬਤਾ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿੰਡਾਂ ਅੰਦਰ ਆਮ ਆਦਮੀ ਪਾਰਟੀ ਨਾਲ ਜੁੜੇ ਆਗੂਆਂ ਅਤੇ ਵਰਕਰਾਂ ’ਚ ਸਰਪੰਚੀ ਚੋਣਾਂ ਨੂੰ ਲੈ ਕੇ ਸਭ ਤੋਂ ਵੱਧ ਉਤਸ਼ਾਹ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਧ ਤੋਂ ਵੱਧ ਪਿੰਡਾਂ ਅੰਦਰ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਮੁੱਖ ਮੰਤਰੀ ਦੀ ਇਸ ਅਪੀਲ ਤੇ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਸਰਬਸੰਮਤੀ ਲਈ ਅੱਗੇ ਆਉਂਦੇ ਹਨ।