ਇੱਕ ਮਹੀਨੇ ਬਾਅਦ ਪੰਜਾਬ ਪਰਤਣ ’ਤੇ CCTV ਕੈਮਰਿਆਂ ਦੀ ਫੁਟੇਜ ਦੇਖ ਘਰ ਹੋਈ ਚੋਰੀ ਦਾ ਲੱਗਿਆ ਪਤਾ : ਅਗਰਵਾਲ | Ludhiana News
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੋਂ ਦੇ ਇੱਕ ਪਰਿਵਾਰ ਨੂੰ ਆਪਣਾ ਘਰ ਸੁੰਨਾ ਛੱਡ ਕੇ ਕੈਨੇਡਾ ਜਾਣਾ ਮਹਿੰਗਾ ਪੈ ਗਿਆ। ਮੌਕਾ ਦੇਖ ਕੇ ਚੋਰਾਂ ਨੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ ਹੋਰ ਕੀਮਤ ਸਮਾਨ ਚੋਰੀ ਕਰ ਲਿਆ। ਚੋਰੀ ਦੀ ਜਾਣਕਾਰੀ ਪਰਿਵਾਰ ਨੂੰ ਇੱਕ ਮਹੀਨੇ ਬਾਅਦ ਪੰਜਾਬ ਪਰਤਣ ’ਤੇ ਮਿਲੀ ਜਦੋਂ ਉਨ੍ਹਾਂ ਘਰ ਦੀ ਰਸੋਈ ਦੀ ਖਿੜਕੀ ਤੇ ਬੈਡਰੂਮ ਦੇ ਦਰਵਾਜੇ ਟੁੱਟੇ ਦੇਖੇ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੰਜੇ ਅਗਰਵਾਲ ਪੁੱਤਰ ਡਾ. ਦਰਸ਼ਨ ਲਾਲ ਅਗਰਵਾਲ ਵਾਸੀ ਅਮਨ ਪਾਰਕ ਨਿਊ ਰਾਜਗੁਰੂ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਘਰ ਨੂੰ ਤਾਲਾ ਲਾ ਕੇ 24 ਮਈ ਨੂੰ ਆਪਣੇ ਪੁੱਤਰ ਨੂੰ ਮਿਲਣ ਲਈ ਕੈਨੇਡਾ ਗਏ ਚਲੇ ਗਏ ਸੀ। Ludhiana News
ਜਦ ਉਹ ਬੀਤੇ ਦਿਨੀ ਪੰਜਾਬ ਪਰਤੇ ਤਾਂ ਘਰ ਵੜ੍ਹਦਿਆਂ ਹੀ ਉਨ੍ਹਾਂ ਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ। ਅਗਰਵਾਲ ਨੇ ਦੱਸਿਆ ਕਿ ਜਦ ਉਹ 6 ਸਤੰਬਰ ਨੂੰ ਆਪਣੇ ਘਰ ਵੜੇ ਤਾਂ ਘਰ ਦੀ ਰਸੋਈ ਤੇ ਬੈੱਡਰੂਮ ਦੇ ਦਰਵਾਜੇ ਟੁੱਟੇ ਹੋਏ ਸਨ। ਜਿਸ ਨੂੰ ਵੇਖ ਕੇ ਉਨ੍ਹਾਂ ਨੂੰ ਇਹ ਸਮਝਣ ’ਚ ਦੇਰ ਨਾ ਲੱਗੀ ਕਿ ਉਨ੍ਹਾਂ ਦੇ ਘਰ ਚੋਰੀ ਹੋ ਚੁੱਕੀ ਹੈ। ਜਦ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ 23/24 ਅਗਸਤ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਦੋ ਵਿਅਕਤੀ ਦਾਖਲ ਹੋਏ ਤੇ ਉਨ੍ਹਾਂ ਦੇ ਘਰ ਅੰਦਰੋਂ ਸੋਨੇ-ਚਾਂਦੀ ਦੇ ਗਹਿਣਿਆਂ ਸਣੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। Ludhiana News
ਇਹ ਵੀ ਪੜ੍ਹੋ : PNB Alert: ਕੀ ਤੁਹਾਡਾ ਵੀ ਹੈ PNB ’ਚ ਖਾਤਾ? ਜੇਕਰ ਹਾਂ, ਤਾਂ ਪਹਿਲਾਂ ਕਰ ਲਵੋ ਇਹ ਕੰਮ, ਨਹੀਂ ਤਾਂ ਬੰਦ ਹੋ ਸਕਦਾ ਹੈ …
ਉਨ੍ਹਾਂ ਦੱਸਿਆ ਕਿ 2 ਸੈੱਟ ਸੋਨੇ ਦੀਆਂ ਵੰਗਾਂ, 3 ਜੋੜੇ ਟੌਪਸ ਸੋਨਾ, 2 ਮੁੰਦਰੀਆਂ ਲੇਡੀਜ ਸੋਨਾ, ਇੱਕ ਸੁੱਚੇ ਮੋਤੀਆਂ ਦੀ ਮਾਲਾ ਲੇਡੀਜ, 10- 12 ਚਾਂਦੀ ਦੇ ਸਿੱਕੇ, ਪੂਜਾ ਰੂਮ ’ਚੋਂ 5 ਚਾਂਦੀਆਂ ਦੀਆਂ ਮੂਰਤੀਆਂ, 2 ਚਾਂਦੀ ਦੀਆਂ ਪੂਜਾ ਥਾਲੀਆਂ, 2 ਐੱਲਈਡੀ, ਇੱਕ ਐੱਚਪੀ ਕੰਪਨੀ ਦਾ ਲੈਪਟਾਪ ਤੇ 3 ਵਿਦੇਸ਼ੀ ਘੜੀਆਂ ਜੈਂਟਸ ਘਰੋਂ ਗਾਇਬ ਹਨ ਜੋ ਤਕਰੀਬਨ ਇੱਕ ਮਹੀਨਾ ਪਹਿਲਾਂ ਚੋਰਾਂ ਨੇ ਚੋਰੀ ਕਰ ਲਈਆਂ ਹਨ। ਥਾਣਾ ਸਰਾਭਾ ਨਗਰ ਦੇ ਜਾਂਚਕਰਤਾ ਅਧਿਕਾਰੀ ਉਮੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਸੰਜੇ ਅਗਰਵਾਲ ਦੀ ਸ਼ਿਕਾਇਤ ’ਤੇ 2 ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੜਤਾਲ ਕੀਤੀ ਜਾ ਰਹੀ ਹੈ, ਜਲਦ ਹੀ ਚੋਰ ਪੁਲਿਸ ਦੇ ਸਿਕੰਜੇ ’ਚ ਹੋਣਗੇ। Ludhiana News