ਕੰਪਿਊਟਰਾਂ ਅਧਿਆਪਕਾਂ ਦੀ ਭੁੱਖ ਹੜਤਾਲ 21ਵੇਂ ਦਿਨ ਵੀ ਰਹੀ ਜਾਰੀ
(ਨਰੇਸ਼ ਕੁਮਾਰ) ਸੰਗਰੂਰ। Hunger Strike: ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ 1 ਸਤੰਬਰ ਤੋਂ ਸੰਗਰੂਰ ਵਿਖੇ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਜੋ ਅੱਜ 21ਵੇਂ ਦਿਨ ਵੀ ਜਾਰੀ ਰਹੀ। ਅੱਜ ਦੀ ਇਸ ਲੜੀਵਾਰ ਭੁੱਖ ਹੜਤਾਲ ਵਿਚ ਰਵਿੰਦਰ ਕੌਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਸੁਮਿਤ ਗੋਇਲ ਜ਼ਿਲ੍ਹਾ ਬਠਿੰਡਾ, ਬਲਜੀਤ ਸਿੰਘ ਅਤੇ ਰਾਕੇਸ ਕੁਮਾਰ ਜ਼ਿਲ੍ਹਾ ਪਟਿਆਲਾ ਤੋਂ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਕੰਪਿਊਟਰ ਅਧਿਆਪਕਾਂ ਦੇ ਨਾਲ ਨਾਲ਼ ਵੱਡੀ ਗਿਣਤੀ ਵਿਚ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: Kisan News: ਕੰਬਾਇਨਾਂ ਨਾਲ ਸ਼ਾਮ 7 ਤੋਂ ਸਵੇਰ 8 ਵਜੇ ਤੱਕ ਝੋਨੇ ਦੀ ਕਟਾਈ ਕਰਨ ’ਤੇ ਪਾਬੰਦੀ ਦੇ ਹੁਕਮ
ਇਸ ਧਰਨੇ ਦੌਰਾਨ ਸੂਬਾ ਆਗੂ ਜੌਨੀ ਸਿੰਗਲਾ ਅਤੇ ਗੁਰਬਖਸ ਲਾਲ ਵੀ ਮੌਜੂਦ ਰਹੇ।ਇਸ ਦੇ ਨਾਲ ਹੀ ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਧਰਨੇ ਵਾਲੇ ਸਥਾਨ ਤੋਂ ਸਦਰ ਬਜਾਰ ਵਿੱਚੋਂ ਹੁੰਦੇ ਹੋਏ ਬੜਾ ਚੋਂਕ ਤੱਕ ‘ਜਾਗੋ’ ਕੱਢੀ ਗਈ ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲੀ ਗਈ। ਇਸ ਮੌਕੇ ਮਹਿਲਾ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦਾ ‘ਛੱਜ’ ਵੀ ਤੋੜਿਆ।
ਸੂਬਾ ਸਰਕਾਰ ਵੱਲੋਂ ਉਨ੍ਹਾਂ ਨਾਲ ਲਗਾਤਾਰ ਲਾਰੇ ਲੱਪੇ ਵਾਲੇ ਨੀਤੀ ਅਪਣਾਈ ਜਾ ਰਹੀ ਹੈ
ਇਸ ਮੌਕੇ ਬੋਲਦੇ ਹੋਏ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਨਰਦੀਪ ਸਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨਾਲ ਲਗਾਤਾਰ ਲਾਰੇ ਲੱਪੇ ਵਾਲੇ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਹੱਕ ਬਹਾਲ ਕਰਨ ਦੇ ਲਈ ਜੋ ਐਲਾਨ ਕੀਤੇ ਗਏ ਸਨ ਉਹ ਸਿਰਫ ਝੂਠੇ ਵਆਦੇ ਹੀ ਸਾਬਿਤ ਹੋਏ ਹਨ।
ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਰੈਗੂਲਰ ਹੋਣ ਦੇ ਬਾਵਜ਼ੂਦ ਵੀ ਉਹ ਪਿਛਲੇ 19 ਸਾਲਾਂ ਤੋਂ ਲਗਾਤਾਰ ਆਪਣੇ ਹੱਕਾਂ ਦੇ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰ ਰਹੇ ਹਨ ਪਰ ਨਾ ਉਨ੍ਹਾਂ ਦੀ ਪਹਿਲਾਂ ਕਿਸੇ ਸਰਕਾਰ ਨੇ ਸੁਣੀ ਅਤੇ ਨਾ ਹੀ ਹੁਣ ਮੌਜੂਦਾ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਸਾਲ 2011 ਵਿੱਚ ਤਤਕਾਲੀਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਦੇ ਹੋਏ ਉਨਾਂ ਨੂੰ ਪੰਜਾਬ ਸਿਵਲ ਸਰਵਿਸਿਸ ਦੇ ਅਧੀਨ ਸਾਰੇ ਲਾਭ ਦੇਣ ਸਬੰਧੀ ਨੋਟੀਫਿਕੇਸਨ ਜਾਰੀ ਕੀਤਾ ਗਿਆ ਸੀ। ਪਰ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਸੂਬਾ ਸਰਕਾਰ ਵੱਲੋਂ ਉਨਾਂ ਨੂੰ ਦਿੱਤੇ ਹੱਕ ਵੀ ਖੋਹੇ ਜਾ ਰਹੇ ਹਨ। Hunger Strike
ਛੇਵੇਂ ਪੇ-ਕਮਿਸ਼ਨ ਸਮੇਤ ਉਨਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਬਿਨਾਂ ਸਰਤ ਬਹਾਲ ਕੀਤੇ ਜਾਣ
ਉਹਨਾਂ ਦੱਸਿਆ ਕਿ ਬਾਕੀ ਕਰਮਚਾਰੀਆਂ ਵਾਂਗੂੰ ਉਨਾਂ ਨੂੰ ਹਾਲੇ ਤੱਕ ਛੇਵੇਂ ਪੇ-ਕਮਿਸ਼ਨ ਦਾ ਲਾਭ ਨਹੀਂ ਦਿੱਤਾ ਗਿਆ ਜਦੋਂ ਕਿ ਉਨਾਂ ਨੂੰ ਪਹਿਲਾਂ 5ਵੇਂ ਪੇ ਕਮਿਸ਼ਨ ਦੇ ਅਨੁਸਾਰ ਤਨਖਾਹ ਮਿਲ ਰਹੀ ਹੈ। ਕਿਸੇ ਵੀ ਕੰਪਿਊਟਰ ਅਧਿਆਪਕ ਨੂੰ ਅੱਜ ਤੱਕ ਮੈਡੀਕਲ ਰਿੰਬਰਸਮੈਂਟ ਦਾ ਲਾਭ ਨਹੀਂ ਦਿੱਤਾ ਗਿਆ ਹੈ। ਸੂਬੇ ਭਰ ਦੇ ਲਗਭਗ 100 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਪਰ ਬਾਕੀ ਕਰਮਚਾਰੀਆਂ ਵਾਂਗੂੰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਬਾ ਸਰਕਾਰ ਵੱਲੋਂ ਕਿਸੇ ਵੀ ਕਿਸਮ ਦਾ ਵਿੱਤੀ ਲਾਭ ਜਾਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ। Hunger Strike
ਉਹਨਾਂ ਕਿਹਾ ਕਿ ਉਨਾਂ ਦੀ ਸਿਰਫ ਇੱਕੋ ਇੱਕ ਮੰਗ ਹੈ ਕਿ ਛੇਵੇਂ ਪੇ-ਕਮਿਸ਼ਨ ਸਮੇਤ ਉਨਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਬਿਨਾਂ ਸਰਤ ਬਹਾਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ ਕੀਤਾ ਜਾਵੇ। ਅੱਜ ਦੇ ਇਸ ਐਕਸਨ ਵਿੱਚ ਸੰਘਰਸ ਕਮੇਟੀ ਦੇ ਸੂਬਾ ਆਗੂ ਜੋਨੀ ਸਿੰਗਲਾ, ਗੁਰਬਖਸ ਲਾਲ, ਬਬਲੀਨ ਕੌਰ, ਗੁਰਪ੍ਰੀਤ ਕੌਰ, ਹਰਚਰਨ ਸਿੰਘ, ਵਿਕਾਸ ਕੁਮਾਰ ਮੀਰੂ ਗੋਇਲ, ਪ੍ਰਤਿਭਾ ਸਰਮਾ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜਸਵਿੰਦਰ ਸਿੰਘ, ਜ਼ਿਲ੍ਹਾ ਸੰਗਰੂਰ ਤੋਂ ਮੰਜੂ ਰਾਣੀ, ਅੰਜੂ ਜੈਨ ਆਦਿ ਆਗੂ ਹਾਜ਼ਰ ਸਨ