ਗਿਰੋਹ ਦਾ ਇੱਕ ਮੈਂਬਰ ਅਜੇ ਵੀ ਫਰਾਰ
ਸੱਚ ਕਹੂੰ ਨਿਊਜ਼, ਸਰਸਾ: ਸੀਆਈਏ ਪੁਲਿਸ ਨੇ ਜ਼ਿਲ੍ਹੇ ‘ਚ ਸ਼ਰਾਬ ਦੇ ਠੇਕੇ ਤੇ ਹੋਟਲਾਂ ‘ਚ ਪਿਸਤੌਲ ਦੇ ਨੋਕ ‘ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਸ ਗਿਰੋਹ ‘ਚ ਕੁੱਲ 5 ਮੈਂਬਰ ਸ਼ਾਮਲ ਹਨ ਸ਼ਨਿੱਚਰਵਾਰ ਨੂੰ ਸੀਆਈਏ ਪੁਲਿਸ ਦੀ ਗ੍ਰਿਫ਼ਤ ‘ਚ ਆਏ ਇਸ ਗਿਰੋਹ ਦੇ ਦੋ ਮੈਂਬਰਾਂ ਨੇ ਜ਼ਿਲ੍ਹੇ ‘ਚ 25 ਜੂਨ ਦੀ ਰਾਤ ਨੂੰ ਹੋਈਆਂ ਤਿੰਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਵੀ ਕਬੂਲਿਆ ਹੈ ਇਸ ਤੋਂ ਇਲਾਵਾ ਉਸੇ ਰਾਤ ਉਨ੍ਹਾਂ ਨੇ ਰਾਜਸਥਾਨ ਦੇ ਪਿੰਡ ਰਾਮਸਰਾ ਦੇ ਸ਼ਰਾਬ ਠੇਕੇ ‘ਤੇ ਵੀ ਲੁੱਟਮਾਰ ਕੀਤੀ ਸੀ ਪੁਲਿਸ ਨੇ ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਲਿਆ ਹੈ ਦੱਸਿਆ ਜਾ ਰਿਹਾ ਕਿ ਪੰਜ ‘ਚੋਂ ਚਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਹਨ ਇੱਕ ਅਜੇ ਫਰਾਰ ਹੈ
ਸੀਸੀਟੀਵੀ ‘ਚ ਕੈਦ ਹੋਏ ਤਾਂ ਫੜੇ ਗਏ, 15 ਵਾਰਦਾਤਾਂ ਦਾ ਕੀਤਾ ਖੁਲਾਸਾ
ਸੀਆਈਏ ਥਾਣਾ ਇੰਚਾਰਜ਼ ਰਾਜਾਰਾਮ ਨੇ ਦੱਸਿਆ ਕਿ ਪੁਲਿਸ ਨੇ ਆਪਣੇ ਅਹਿਮ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਸਹਾਰੇ ਇਸ ਗਿਰੋਹ ਦੇ ਮੈਂਬਰਾਂ ਨੂੰ ਫੜਿਆ ਹੈ ਸਰਸਾ ਦੇ ਸ਼ਰਾਬ ਠੇਕੇ ‘ਤੇ ਕੀਤੀ ਗਈ 15 ਹਜ਼ਾਰ ਰੁਪਏ ਦੀ ਲੁੱਟ ਮਾਮਲੇ ‘ਚ ਮੁਲਜ਼ਮ ਸੀਸੀਟੀਵੀ ਦੀ ਫੁਟੇਜ਼ ‘ਚ ਆ ਗਏ ਸਨ ਇਸ ਲਈ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ਼ ਤੋਂ ਬੜੀ ਮੱਦਦ ਮਿਲੀ ਫੜੇ ਗਏ ਜਸਵਿੰਦਰ ਤੇ ਰਮਨ ਨੇ ਕਬੂਲ ਕੀਤਾ ਕਿ ਉਪਰੋਕਤ ਵਾਰਦਾਤਾਂ ਉਨ੍ਹਾਂ ਨੇ ਹੀ ਬੱਬੂ ਨਾਲ ਮਿਲਕੇ ਕੀਤੀਆਂ ਹਨ ਉਨ੍ਹਾਂ ਦਾ 5 ਮੈਂਬਰਾਂ ਦਾ ਗਿਰੋਹ ਹੈ ਦੋ ਮੈਂਬਰਾਂ ਨੂੰ ਦੋ ਦਿਨ ਪਹਿਲਾਂ ਇੱਕ ਹੋਰ ਚੋਰੀ ਦੇ ਮਾਮਲੇ ‘ਚ ਏਲਨਾਬਾਦ ਪੁਲਿਸ ਨੇ ਫੜ ਲਿਆ ਸੀ ਹੁਣ ਉਹ ਜੇਲ੍ਹ ‘ਚ ਹਨ ਉਨ੍ਹਾਂ ਨੇ ਸਰਸਾ ਤੇ ਰਾਜਸਥਾਨ ‘ਚ ਲਗਭਗ 15 ਚੋਰੀਆਂ ਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ
ਪਿਸਤੌਲ ਦੀ ਨੋਕ ‘ਤੇ ਇੱਕ ਰਾਤ ‘ਚ ਦਿੱਤਾ ਸੀ ਚਾਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ
ਏਐੱਸਪੀ ਹਿਮਾਂਸ਼ੂ ਗਰਗ ਦੀ ਅਗਵਾਈ ‘ਚ ਕੰਮ ਕਰ ਰਹੀ ਸੀਆਈਏ ਥਾਣਾ ਦੀ ਪੁਲਿਸ ਨੇ ਸ਼ਨਿੱਚਰਵਾਰ ਨੂੰ ਗਿਰੋਹ ਦੇ ਦੋ ਮੈਂਬਰਾਂ ਜਸਵਿੰਦਰ ਉਰਫ ਜੱਸੀ ਨਿਵਾਸੀ ਥੇਹਡੀ ਮੋਹਰ ਸਿੰਘ ਰਾਣੀਆ ਤੇ ਰਮਨ ਉਰਫ਼ ਰੰਮੀ ਨਿਵਾਸੀ ਮਲੇਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ਨੇ ਆਪਣੇ ਤੀਜੇ ਸਾਥੀ ਬੂਟੀ ਉਰਫ਼ ਬੱਬੂ ਨਿਵਾਸ ਕੇਸੂਪੁਰਾ ਨਾਲ ਮਿਲਕੇ ਬੀਤੀ 25 ਜੂਨ ਦੀ ਰਾਤ ਨੂੰ ਸਰਸਾ ਦੇ ਰਾਣੀਆ ਬਾਈਪਾਸ ਰੋਡ ‘ਤੇ ਸਥਿਤ ਸ਼ਰਾਬ ਦੇ ਠੇਕੇ ‘ਚ ਲੁੱਟਮਾਰ ਕੀਤੀ ਸੀ ਤਿੰਨੋਂ ਪਿਸਤੌਲ ਦੀ ਨੋਕ ‘ਤੇ ਠੇਕੇ ‘ਚ ਵੜੇ ਤੇ 15 ਹਜ਼ਾਰ ਰੁਪਏ ਦੀ ਨਗਦੀ ਨਾਲ ਭਰਿਆ ਗੱਲਾ ਖੋਹਕੇ ਫਰਾਰ ਹੋ ਗਏ ਉਸ ਤੋਂ ਬਾਅਦ ਤਿੰਨੋਂ ਪਿੰਡ ਮਲੇਕਾਂ ਦੇ ਸ਼ਰਾਬ ਦੇ ਠੇਕੇ ‘ਤੇ ਪਹੁੰਚੇ ਉੱਥੇ ਪਿਸਤੌਲ ਦੀ ਨੋਕ ‘ਤੇ ਕਾਰਿੰਦੇ ਤੋਂ ਇੱਕ ਮੋਬਾਈਲ ਤੇ 1200 ਰੁਪਏ ਦੀ ਨਗਦੀ ਲੁੱਟੀ ਉਸ ਤੋਂ ਬਾਅਦ ਤੀਜੀ ਘਟਨਾ ਪਿੰਡ ਮਹਿਣਾਖੇੜਾ ਦੇ ਇੱਕ ਹੋਟਲ ‘ਚ ਕੀਤੀ ਸੰਚਾਲਕ ‘ਤੇ ਪਿਸਤੌਲ ਰੱਖਕੇ ਉਸ ਤੋਂ 24 ਹਜ਼ਾਰ 500 ਰੁਪਏ ਦੀ ਨਗਦੀ ਲੁੱਟ ਲਈ ਤੇ ਉੱਥੋਂ ਫਰਾਰ ਹੋ ਗਏ ਚੌਥੀ ਘਟਨਾ ਰਾਜਸਥਾਨ ਦੇ ਪਿੰਡ ਰਾਮਸਰਾ ਦੀ ਹੈ ਇੱਥੇ ਵੀ ਸ਼ਰਾਬ ਦੇ ਠੇਕੇ ਤੋਂ ਹਜ਼ਾਰਾਂ ਰੁਪਇਆਂ ਦੀ ਨਗਦੀ ਲੁੱਟੀ ਗਈ ਪੁਲਿਸ ਨੇ ਰਮਨ ਤੇ ਜਸਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਘਰ ਦੀ ਜ਼ਰੂਰਤ ਪੂਰੀ ਕਰਨ ਤੇ ਮੌਜ ਮਸਤੀ ਲਈ ਰਿਸ਼ਤੇਦਾਰਾਂ ਨੇ ਮਿਲਕੇ ਬਣਾਇਆ ਸੀ ਗਿਰੋਹ
ਇਸ ਪੰਜ ਮੈਂਬਰੀ ਗਿਰੋਹ ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਸ਼ਾਮਲ ਮੈਂਬਰ ਆਪਸ ‘ਚ ਦੋਸਤ ਨਾ ਹੋ ਕੇ ਰਿਸ਼ਤੇਦਾਰ ਹਨ ਗਿਰੋਹ ਦਾ ਸਰਗਨਾ ਪਿੰਡ ਥੇਹਡੀ ਮੋਹਰ ਸਿੰਘ ਨਿਵਾਸੀ ਗੁਰਮੇਲ ਉਰਫ ਮਾਹੀ ਹੈ ਜੋ ਏਲਨਾਬਾਦ ਦੇ ਕੋਰਟ ਕੰਪਲੈਕਸ ‘ਚ ਹੋਈਆਂ ਚੋਰੀ ਦੀਆਂ ਵਾਰਦਾਤਾਂ ‘ਚ ਵੀ ਸ਼ਾਮਲ ਸੀ, ਫਿਲਹਾਲ ਉਹ ਜ਼ਮਾਨਤ ‘ਤੇ ਆਇਆ ਹੋਇਆ ਸੀ ਗੁਰਮੇਲ ਨੇ ਹੀ ਆਪਣੇ ਭਤੀਜੇ ਜਸਵਿੰਦਰ ਉਰਫ ਜੱਸੀ ਤੇ ਸਾਲੇ ਬੂਟੀ ਉਰਫ ਬੱਬੂ ਨੂੰ ਗਿਰੋਹ ‘ਚ ਸ਼ਾਮਲ ਕੀਤਾ ਉਸਦੇ ਬਾਅਦ ਤਿੰਨਾਂ ਨੇ ਮਿਲਕੇ ਆਪਣੇ ਰਿਸ਼ਤੇਦਾਰ ਜਸਵੰਤ ਉਰਫ ਜੱਸੂ ਤੇ ਰਮਨ ਨੂੰ ਵੀ ਸ਼ਾਮਲ ਕਰ ਲਿਆ ਗੁਰਮੇਲ ਸਿੰਘ ਪਹਿਲੇ ਦਿਨ ਜਾ ਕੇ ਨਿਸ਼ਾਨਦੇਹੀ ਕਰਕੇ ਆ ਜਾਂਦਾ ਸੀ ਉਸ ਤੋਂ ਬਾਅਦ ਇਹ ਚਾਰੋਂ ਮੈਂਬਰ ਪਿਸਤੌਲ ਦੀ ਨੋਕ ‘ਤੇ ਲੁੱਟ ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਨ ਪਕੜੇ ਗਏ ਲੁਟੇਰਿਆਂ ਨੇ ਪੁਲਿਸ ਨੂੰ ਦੱਸਿਆ ਕਿ ਜੋ ਰਕਮ ਉਹ ਲੁੱਟਦੇ ਹਨ ਉਸ ਨਾਲ ਘਰ ਦੀ ਜ਼ਰੂਰਤ ਮੁਤਾਬਕ ਸਮਾਨ ਲੈ ਜਾਂਦੇ ਸਨ ਬਾਕੀ ਮੌਜ ਮਸਤੀ ‘ਚ ਉਡਾ ਦਿੰਦੇ ਸਨ