ਡਿਪਟੀ ਕਮਿਸ਼ਨਰ ਪੁਲਿਸ ਨੇ ਸੈਲਫ਼ ਡਿਫੈਂਸ ’ਚ ਗੋਲੀ ਚਲਾਉਣ ਦਾ ਕੀਤਾ ਦਾਅਵਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। Ludhiana News: ਵਪਾਰਕ ਰਾਜਧਾਨੀ ਲੁਧਿਆਣਾ ਦੇ ਧਾਂਦਰਾ ਰੋਡ ’ਤੇ ਉਸ ਸਮੇਂ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਸੁਵੱਖਤੇ ਹੀ ਇੱਕ ਘਰ ’ਚ ਪੁਲਿਸ ਤੇ ਇੱਕ ਵਿਅਕਤੀ ਦੀ ਆਪਸੀ ਖਿੱਚ- ਧੂਹ ਦਰਮਿਆਨ ਕਾਂਸਟੇਬਲ ਕੋਲੋਂ ਗੋਲੀ ਚੱਲ ਗਈ। ਜਿਸ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਹਾਂਲਾਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਕਾਂਸਟੇਬਲ ਨੇ ਸੈਲਫ਼ ਡਿਫੈਸ ’ਚ ਗੋਲੀ ਚਲਾਈ ਹੈ।
ਇਹ ਵੀ ਪੜ੍ਹੋ: Bribe: ਰਿਸ਼ਵਤ ਲੈਂਦਾ ਗ੍ਰਾਮੀਣ ਰੁਜ਼ਗਾਰ ਸੇਵਕ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਸਰਪੰਚ ਮੋਹਨ ਨੇ ਦੱਸਿਆ ਕਿ ਸਵੇਰੇ ਸਾਢੇ 6-7 ਕੁ ਵਜੇ ਪੁਲਿਸ ਵੱਲੋਂ ਇਸ ਘਰ ’ਚ ਰੇਡ ਕੀਤੀ ਜਾਂਦੀ ਹੈ। ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ, ਵਿਨੇ ਨਾਂਅ ਦਾ ਵਿਅਕਤੀ ਘਰ ਮੌਜੂਦ ਨਹੀਂ ਸੀ। ਜਿਸ ਦਾ ਪਰਿਵਾਰ ਤੇ ਭਰਾ ਰੋਹਿਤ ਘਰ ’ਚ ਮੌਜੂਦ ਸੀ, ਪਰਿਵਾਰ ਮੁਤਾਬਕ ਪੁਲਿਸ ਆਪਣੇ ਨਾਲ ਲਿਜਾਣ ਲਈ ਰੋਹਿਤ ਨਾਲ ਖਿੱਚ- ਧੂਹ ਕਰ ਰਹੀ ਸੀ। ਇਸ ਖਿੱਚ- ਧੂਹ ਦਰਮਿਆਨ ਹੀ ਪੁਲਿਸ ਕੋਲੋਂ ਦੋ ਗੋਲੀਆਂ ਚੱਲ ਗਈਆਂ। ਜਿੰਨ੍ਹਾਂ ਵਿੱਚੋਂ ਇੱਕ ਰੋਹਿਤ ਦੇ ਪੱਟ ਅਤੇ ਦੂਜੀ ਲੱਤ ’ਚ ਵੱਜ ਗਈ ਤੇ ਰੋਹਿਤ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜੋ ਇਸ ਸਮੇਂ ਦੀਪ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ।
ਉਨ੍ਹਾਂ ਦੱਸਿਆ ਕਿ ਰੋਹਿਤ ਸਰੀਫ਼ ਵਿਅਕਤੀ ਹੈ ਜੋ ਇੱਕ ਦਵਾਈਆਂ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰਦਾ ਹੈ ਤੇ ਉਸਦੇ ਪਿਤਾ ਰਾਜ ਮਿਸਤਰੀ ਹਨ। ਉਨ੍ਹਾਂ ਮੰਗ ਕੀਤੀ ਕਿ ਗਲਤੀ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਨਾਲ ਹੀ ਗੋਲੀ ਚਲਾਉਣ ਵਾਲੇ ’ਤੇ ਵੀ ਕਾਰਵਾਈ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਿੱਚ-ਧੂਹ ਕਰਨ ਵਾਲੇ ਸਾਰੇ ਹੀ ਵਿਅਕਤੀ ਆਮ ਕੱਪੜਿਆਂ ਵਿੱਚ ਸਨ, ਜਿੰਨਾਂ ਕੋਲ ਪੁਲਿਸ ਦੀ ਗੱਡੀ ਸੀ। ਬਾਅਦ ਵਿੱਚ ਸਨਾਖ਼ਤ ਹੋ ਚੁੱਕੀ ਹੈ ਕਿ ਸਾਰੇ ਪੁਲਿਸ ਮੁਲਾਜ਼ਮ ਹੀ ਸਨ। ਜਿੰਨ੍ਹਾਂ ਨੇ ਪਰਿਵਾਰ ਦੇ ਘਰ ’ਚ ਮੌਜੂਦ ਮੈਂਬਰਾਂ ਨੂੰ ਹਿਰਾਸਤ ’ਚ ਲੈ ਕੇ ਅਣਦੱਸੀ ਥਾਂ ’ਤੇ ਰੱਖਿਆ ਹੋਇਆ ਹੈ।
ਪੁਲਿਸ ਵੱਲੋਂ ਡਿਫੈਂਸ ’ਚ ਫਾਇਰ ਕੀਤਾ | Ludhiana News
ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਪੁਲਿਸ ਵੱਲੋਂ ਡਿਫੈਂਸ ’ਚ ਫਾਇਰ ਕੀਤਾ ਗਿਆ ਸੀ ਕਿਉਂਕਿ ਜਖ਼ਮੀ ਹੋਣ ਵਾਲਾ ਵਿਅਕਤੀ ਕਾਂਸਟੇਬਲ ਰੈਂਕ ਦੇ ਮੁਲਾਜ਼ਮ ਦੇ ਸੱਟਾਂ ਮਾਰ ਰਿਹਾ ਸੀ, ਜਿਸ ’ਚ ਕਾਂਸਟੇਬਲ ਵੀ ਜਖ਼ਮੀ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਆਰੰਭ ਦਿੱਤੀ ਹੈ। ਜਦਕਿ ਕੁੱਝ ਮੌਕੇ ਤੋਂ ਫਰਾਰ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਤੇ ਜਖ਼ਮੀ ਵਿਅਕਤੀ ਦਾ ਪਿਛੋਕੜ ਖੰਗਾਲੇ ਜਾਣ ਦੇ ਨਾਲ ਹੀ ਰਿਵਾਲਵਰ ਕਿੱਥੋਂ ਆਇਆ, ਇਹ ਵੀ ਜਾਂਚ ਦਾ ਵਿਸ਼ਾ ਰਹੇਗਾ। ਉਨ੍ਹਾਂ ਦੱਸਿਆ ਕਿ 5-6 ਜਣਿਆਂ ਖਿਲਾਫ਼ ਬਾਏਨੇਮ ਅਤੇ ਦਰਜਨ ਦੇ ਕਰੀਬ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਧਾਂਦਰਾ ਰੋਡ ’ਤੇ ਕੁੱਝ ਵਿਅਕਤੀ ਇਕੱਠੇ ਹੋਏ ਹਨ, ਜਿੰਨ੍ਹਾਂ ਕੋਲ ਰਿਵਾਲਵਰ ਵੀ ਹੈ, ਇਸੇ ਲਈ ਪੁਲਿਸ ਨੇ ਰੇਡ ਕੀਤੀ ਸੀ।