ਮਣੀਪੁਰ ਹਿੰਸਾ : ਇੰਫਾਲ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ’ਚ ਲਾਇਆ ਕਰਫਿਊ
(ਏਜੰਸੀ) ਇੰਫਾਲ। Manipur Voilence: ਮਣੀਪੁਰ ਸਰਕਾਰ ਨੇ ਵਧਦੇ ਤਣਾਅ ਅਤੇ ਵਿਦਿਆਰਥੀਆਂ ਦੇ ਵਿਰੋਧ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਪੰਜ ਦਿਨਾਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇੰਟਰਨੈੱਟ ਬੰਦ 15 ਸਤੰਬਰ ਤੱਕ ਜਾਰੀ ਰਹੇਗਾ। ਸੋਮਵਾਰ ਤੋਂ ਮਣੀਪੁਰ ਦੇ ਖਵੈਰਾਮਬੰਦ ਮਹਿਲਾ ਬਜ਼ਾਰ ਵਿੱਚ ਡੇਰੇ ਲਾਏ ਸੈਂਕੜੇ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਬੀਟੀ ਰੋਡ ਦੇ ਨਾਲ ਰਾਜ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਾਂਗਰਸ ਭਵਨ ਨੇੜੇ ਰੋਕ ਦਿੱਤਾ।
ਇਹ ਵੀ ਪੜ੍ਹੋ: ਵਿਕਾਸ ਲਈ ਇਮਾਨਦਾਰੀ ਜ਼ਰੂਰੀ
ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋਣ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਜਦੋਂ ਉਨ੍ਹਾਂ ਨੇ ਡੀਜੀਪੀ ਅਤੇ ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਸਬੰਧੀ ਰਾਜ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਮਣੀਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਰੋਸ ਰੈਲੀ ਕੱਢੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ। ਮਣੀਪੁਰ ਸਰਕਾਰ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੰਫਾਲ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ਵਿੱਚ ਕਰਫਿਊ ਲਾ ਦਿੱਤਾ ਹੈ ਅਤੇ ਥੌਬਲ ਵਿੱਚ ਬੀਐੱਨਐੱਸਐੱਸ ਦੀ ਧਾਰਾ 163 (2) ਦੇ ਤਹਿਤ ਇੰਟਰਨੈੱਟ ਸੇਵਾਵਾਂ ਰੋਕਣ ਦੇ ਹੁਕਮ ਲਾਗੂ ਕੀਤੇ ਹਨ।