ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ’ਚ ਖੁਲਾਸਾ, ਛੇ ਸ਼ੂਟਰਾਂ ਦਾ ਇਕੱਲਾ ਟਾਰਗੇਟ ਸੀ ਦਿਲਦੀਪ

Ferozepur Triple Murder Case
ਮੁਹਾਲੀ: ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।  

ਪੁਰਾਣੀ ਰੰਜਿਸ਼ ਕਾਰਨ ਕੀਤਾ ਕਤਲ | Ferozepur Triple Murder Case

(ਐੱਮ ਕੇ ਸ਼ਾਇਨਾ) ਮੋਹਾਲੀ। Ferozepur Triple Murder Case: ਪੰਜਾਬ ਪੁਲਿਸ ਵੱਲੋਂ ਮਹਾਂਰਾਸ਼ਟਰ ਦੇ ਔਰੰਗਾਬਾਦ ਤੋਂ ਛੇ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਸਨਸਨੀਖੇਜ਼ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਨੂੰ ਸੁਲਝਾਉਣ ਦੇ ਦੋ ਦਿਨ ਉਪਰੰਤ, ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ, ਜਦੋਂ ਕਿ ਨੌਜਵਾਨ ਲੜਕੀ ਸਮੇਤ ਦੋ ਹੋਰ ਪੀੜਤ ਜਵਾਬੀ ਗੋਲੀਬਾਰੀ ਦੌਰਾਨ ਅਣਜਾਣੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ। ਘਟਨਾ ਤੋਂ ਬਾਅਦ ਮੁਲਜ਼ਮ ਦਿੱਲੀ ਭੱਜ ਗਏ ਸਨ। ਉਥੋਂ ਉਹ ਟਰੇਨ ਰਾਹੀਂ ਨਾਂਦੇੜ ਪਹੁੰਚੇ ਅਤੇ ਉਥੋਂ ਮੁੰਬਈ ਜਾਣ ਦੀ ਯੋਜਨਾ ਬਣਾ ਰਹੇ ਸਨ। ਪਰ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ।

ਸੋਮਵਾਰ ਨੂੰ ਮੋਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਿਵੇਂ ਹੀ ਇਹ ਘਟਨਾ ਵਾਪਰੀ, ਸੀਐਮ ਦੇ ਆਦੇਸ਼ਾਂ ਉੱਤੇ ਏਜੀਟੀਐਫ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਿਲ ਕੇ ਕੰਮ ਕੀਤਾ। ਪੰਜਾਬ ਪੁਲਿਸ ਤੇ ਅਧਿਕਾਰੀ ਰਾਤ ਭਰ ਜੁਟੇ ਰਹੇ। ਜਿਸ ਤੋਂ ਬਾਅਦ ਮੁਲਜ਼ਮਾਂ ਦੀ ਲੋਕੇਸ਼ਨ ਦਾ ਪਤਾ ਲੱਗਾ। ਇਸ ਤੋਂ ਬਾਅਦ ਉਹਨਾਂ ਨੂੰ ਨਾਗਪੁਰ-ਮੁੰਬਈ ਸਮ੍ਰਿਧੀ ਸੁਪਰ ਐਕਸਪ੍ਰੈਸ ਵੇਅ ਦੀ ਸਾਵਾਂਗੀ ਸੁਰੰਗ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਉਹ ਮੁੰਬਈ ਭੱਜਣ ਦੀ ਯੋਜਨਾ ਬਣਾ ਰਹੇ ਸੀ। ਮੁਲਜ਼ਮਾਂ ਦਾ 10 ਤਰੀਕ ਤੱਕ ਟਰਾਂਜ਼ਿਟ ਰਿਮਾਂਡ ਲਿਆ ਗਿਆ ਹੈ। ਇਸ ਦੌਰਾਨ ਪੁੱਛਗਿੱਛ ਤੋਂ ਬਾਅਦ ਸਾਰੀ ਕਹਾਣੀ ਸਪੱਸ਼ਟ ਹੋ ਜਾਵੇਗੀ।

ਇਹ ਵੀ ਪੜ੍ਹੋ: Faridkot News: ਫਰੀਦਕੋਟ ਪੁਲਿਸ ਨੇ ਮਹਿਜ 5 ਦਿਨਾਂ ’ਚ ਸੁਲਝਾਇਆ ਬਲਾਇੰਡ ਕੇਸ, ਮੁਲਜ਼ਮ ਗ੍ਰਿਫ਼ਤਾਰ

ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਾ ਹੈ ਕਿ ਮੁਲਜ਼ਮਾਂ ਦੀ ਦਿਲਦੀਪ ਨਾਲ ਪੁਰਾਣੀ ਦੁਸ਼ਮਣੀ ਸੀ। ਉਹ ਕਈ ਦਿਨਾਂ ਤੋਂ ਉਸਦੀ ਰੇਕੀ ਕਰ ਰਹੇ ਸਨ। ਉਨ੍ਹਾਂ ਦੇ ਨਿਸ਼ਾਨੇ ’ਤੇ ਦਿਲਦੀਪ ਸੀ, ਪਰ ਉਸੇ ਸਮੇਂ ਹੋਰ ਲੋਕ ਵੀ ਉਹਨਾਂ ਦੇ ਨਿਸ਼ਾਨੇ ਦਾ ਸ਼ਿਕਾਰ ਹੋ ਗਏ। ਪੀੜਤ ਦੇ ਖਿਲਾਫ ਦੋ ਵਾਰੰਟ ਦਰਜ ਹੋਏ ਸਨ। ਉਸ ਖ਼ਿਲਾਫ਼ 2013 ਫ਼ਿਰੋਜ਼ਪੁਰ ਅਤੇ 2019 ਮੋਹਾਲੀ ਵਿੱਚ ਕੇਸ ਦਰਜ ਹੋਏ ਸਨ। ਜਦਕਿ ਮੁਲਜ਼ਮ ਰਵਿੰਦਰ ਉਰਫ਼ ਰਵੀ ਖ਼ਿਲਾਫ਼ 8, ਗੁਰਪ੍ਰੀਤ ਸਿੰਘ ਖ਼ਿਲਾਫ਼ 5, ਰਾਜਬੀਰ ਸਿੰਘ ਖ਼ਿਲਾਫ਼ 3, ਅਕਸ਼ੈ ਖ਼ਿਲਾਫ਼ 1 ਕੇਸ ਦਰਜ ਹੈ। ਮੁਲਜ਼ਮਾਂ ਖ਼ਿਲਾਫ਼ ਫ਼ਿਰੋਜ਼ਪੁਰ ਵਿੱਚ ਚੋਰੀ, ਐਨਡੀਪੀਐਸ ਅਤੇ ਚੋਰੀ ਦੇ ਸਾਰੇ ਮੁਕੱਦਮੇ ਦਰਜ ਹਨ।