ਪਿੰਡੋਂ ਬਾਹਰ ਫਿਰਨੀ ਉੱਤੇ ਬਚਿੱਤਰ ਸਿਉਂ ਦੇ ਮੁੰਡੇ ਨੇ ਦੋ ਮੰਜਿਲੀ ਆਲੀਸ਼ਾਨ ਕੋਠੀ ਪਾਈ ਹੋਈ ਸੀ ਜਿਸ ਵਿੱਚ ਉਸ ਨੇ ਮਹਿੰਗੀ ਲੱਕੜ ਦੇ ਨਾਲ ਵਿਦੇਸ਼ੀ ਪੱਥਰ ਵੀ ਲਵਾਇਆ ਸੀ। ਅੱਜ ਸਵੇਰੇ ਬਚਿੱਤਰ ਸਿਉਂ ਜਦੋਂ ਕੋਠੀ ਤੋਂ ਥੋੜ੍ਹਾ ਪਰਾਂ ਬਣੇ ਆਪਣੇ ਕਮਰੇ ਵਿੱਚੋਂ ਉੱਠ ਕੇ ਕੋਠੀ ਅੰਦਰ ਆਉਣ ਲੱਗਾ ਤਾਂ ਉਸ ਦੀ ਨੂੰਹ ਨੇ ਰਸੋਈ ਵਿੱਚ ਖੜ੍ਹੀ ਨੇ ਹੀ ਕਿਹਾ, ‘ਬਾਪੂ ਜੀ ਇੱਥੇ ਹੀ ਰੁਕ ਜਾਵੋ, ਮੈਂ ਤੁਹਾਨੂੰ ਚਾਹ ਇੱਥੇ ਬਾਹਰ ਹੀ ਫੜਾ ਦਿੰਦੀ ਹਾਂ। ਦੇਖਿਓ ਕਿਤੇ ਜੋੜਿਆਂ ਸਣੇ ਹੀ ਅੰਦਰ ਨਾ ਵੜ ਜਾਣਾ ਫਰਸ਼ ’ਤੇ ਦਾਗ ਪੈ ਜਾਣਗੇ। Mini story
ਮੈਂ ਤਾਂ ਹੁਣੇ ਮਸਾਂ ਘੰਟੇ ’ਚ ਪੋਚਾ ਲਾ ਕੇ ਹਟੀ ਹਾਂ।’ ‘ਪੁੱਤ ਜੋੜੇ ਤਾਂ ਮੈਂ ਬਾਹਰ ਲਾਹ ਕੇ ਹੀ ਅੰਦਰ ਆਵਾਂਗਾ, ਇੰਨਾ ਕੁ ਤਾਂ ਮੈਨੂੰ ਦਿਸਦਾ’ ਬਚਿੱਤਰ ਸਿਉਂ ਨੇ ਬੇਵਸੀ ਭਰੀ ਆਵਾਜ ਵਿੱਚ ਕਿਹਾ। ‘ਪਰ ਬਾਪੂ ਜੀ ਨੰਗੇ ਪੈਰਾਂ ਦੇ ਦਾਗ ਵੀ ਤਾਂ ਫਰਸ਼ ’ਤੇ ਪੈਂਦੇ ਹੀ ਹਨ’ ਨੂੰਹ ਨੇ ਚਾਹ ਦਾ ਗਲਾਸ ਬਚਿੱਤਰ ਸਿਉਂ ਨੂੰ ਫੜਾਉਂਦਿਆਂ ਕਿਹਾ। ਚਾਹ ਦਾ ਗਲਾਸ ਫੜੀ ਆਪਣੇ ਕਮਰੇ ਵੱਲ ਮੁੜਦਿਆਂ ਬਚਿੱਤਰ ਸਿਉਂ ਨੂੰ ਆਪਣੇ ਨੂੰਹ-ਪੁੱਤ ਦੇ ਬੋਲ ਸੁਣ ਰਹੇ ਸਨ।
‘ਨਾ ਜੇਕਰ ਬਾਪੂ ਜੀ ਕੋਠੀ ਅੰਦਰ ਆ ਜਾਂਦੇ ਤਾਂ ਕੀ ਲੋਹੜਾ ਆ ਜਾਣਾ ਸੀ ਐਵੇਂ ਸਵੇਰੇ ਉੱਠਦਿਆਂ ਹੀ ਲੜਾਈ ਭਾਲਣ ਲੱਗ ਜਾਨੀ ਏਂ।’ ‘ਆਹੋ ਤੁਸੀਂ ਸਰਦਾਰ ਜੀ ਨੇ ਕਿਹੜਾ ਪੋਚਾ ਲਾਉਣਾ ਹੁੰਦਾ, ਸਾਰਾ ਸਿਆਪਾ ਤਾਂ ਮੈਨੂੰ ਹੀ ਕਰਨਾ ਪੈਂਦਾ ਹੈ। ਬਾਪੂ ਜੀ ਨੇ ਤਾਂ ਮਿੰਟ ’ਚ ਫਰਸ਼ ’ਤੇ ਦਾਗ ਲਾ ਕੇ ਤੁਰ ਜਾਣਾ ਸੀ ਪਰ ਮਗਰੋਂ ਮਿਟਾਉਣੇ ਤਾਂ ਮੈਨੂੰ ਹੀ ਪੈਣੇ ਸਨ।’ ਬਚਿੱਤਰ ਸਿਉਂ ਆਪਣੀ ਨੂੰਹ ਦੇ ਬੋਲ ਸੁਣ ਕੇ ਮਨ ਹੀ ਮਨ ਕਹਿ ਰਿਹਾ ਸੀ, ‘ਪੁੱਤ ਫਰਸ਼ ਵਾਲੇ ਦਾਗ ਤਾਂ ਤੂੰ ਮਿਟਾ ਦੇਵੇਂਗੀ ਪਰ ਜੋ ਦਾਗ ਤੇਰੇ ਬੋਲਾਂ ਨੇ ਮੇਰੇ ਹਿਰਦੇ ’ਤੇ ਲਾਏ ਹਨ ਉਸ ਨੂੰ ਕਿਵੇਂ ਮਿਟਾਵੇਂਗੀ?’
ਮਨਜੀਤ ਮਾਨ, ਸਾਹਨੇਵਾਲੀ (ਮਾਨਸਾ)
ਮੋ. 70098-98044